Monday, June 1, 2026
Google search engine
HomeDeshਡੀਲ ਫਾਈਨਲ ਹੋਣ ਵਿਚਕਾਰ ਮੱਧ ਪੂਰਬ ‘ਚ ਮੁੜ ਤਣਾਅ, ਈਰਾਨ ਨੇ ਅਮਰੀਕੀ...

ਡੀਲ ਫਾਈਨਲ ਹੋਣ ਵਿਚਕਾਰ ਮੱਧ ਪੂਰਬ ‘ਚ ਮੁੜ ਤਣਾਅ, ਈਰਾਨ ਨੇ ਅਮਰੀਕੀ ਜਹਾਜ਼ ਨੂੰ ਡੇਗਣ ਦਾ ਕੀਤਾ ਦਾਅਵਾ; ਅਮਰੀਕਾ ਨੇ ਕੀ ਕਿਹਾ?

ਸਮਝੌਤੇ ਬਾਰੇ, ਅਮਰੀਕੀ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ, “ਅਸੀਂ ਅਜੇ ਉੱਥੇ ਨਹੀਂ ਪਹੁੰਚੇ ਹਾਂ, ਪਰ ਅਸੀਂ ਬਹੁਤ ਨੇੜੇ ਹਾਂ ਤੇ ਅਸੀਂ ਇਸ ‘ਤੇ ਕੰਮ ਕਰਨਾ ਜਾਰੀ ਰੱਖਾਂਗੇ।

ਮੱਧ ਪੂਰਬ ਖੇਤਰ ‘ਚ ਤਣਾਅਪੂਰਨ ਸਥਿਤੀ ਘੱਟਣ ਦੇ ਕੋਈ ਸੰਕੇਤ ਨਹੀਂ ਮਿਲ ਰਹੇ ਹਨ। ਈਰਾਨ ਤੇ ਅਮਰੀਕਾ ਵਿਚਕਾਰ ਚੱਲ ਰਹੀ ਗੱਲਬਾਤ ਦੌਰਾਨ, ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਕਿ ਬੁਸ਼ਹਿਰ ਦੇ ਜਾਮ ਪਰਾਂਤ ‘ਚ ਇੱਕ ਅਮਰੀਕੀ ਜਹਾਜ਼ ਨੂੰ ਡੇਗ ਦਿੱਤਾ ਗਿਆ ਹੈ। ਹਾਲਾਂਕਿ, ਅਮਰੀਕੀ ਫੌਜ ਨੇ ਈਰਾਨੀ ਮੀਡੀਆ ਦੇ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਬੁਸ਼ਹਿਰ ਦੇ ਨੇੜੇ ਕੋਈ ਵੀ ਅਮਰੀਕੀ ਜਹਾਜ਼ ਡੇਗਿਆ ਨਹੀਂ ਗਿਆ ਹੈ।
ਸ਼ੁੱਕਰਵਾਰ ਸਵੇਰੇ, ਈਰਾਨੀ ਸਰਕਾਰੀ ਟੈਲੀਵਿਜ਼ਨ ਨੇ ਦਾਅਵਾ ਕੀਤਾ ਕਿ ਬੁਸ਼ਹਿਰ ਦੇ ਜਾਮ ਪਰਾਂਤ ‘ਚ ਇੱਕ ਅਮਰੀਕੀ ਜਹਾਜ਼ ਨੂੰ ਡੇਗਿਆ ਗਿਆ ਹੈ, ਸਥਾਨਕ ਗਵਰਨਰ, ਇਸ ਦੇ ਲਈ ਟੀਵੀ ਨੇ ਉੱਥੇ ਦੇ ਗਵਰਨਰ ਮਸੂਦ ਤੰਗੇਸਤਾਨੀ ਦਾ ਹਵਾਲਾ ਦਿੱਤਾ। ਇਸ ਦਾਅਵੇ ਨੂੰ ਅਮਰੀਕੀ ਫੌਜ ਦੁਆਰਾ ਅਧਿਕਾਰਤ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ।

ਸਾਰੀਆਂ ਹਵਾਈ ਸੰਪਤੀਆਂ ਸੁਰੱਖਿਅਤ: ਅਮਰੀਕੀ ਸੈਂਟਰਲ ਕਮਾਂਡ

ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ, ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ, “ਕੋਈ ਵੀ ਅਮਰੀਕੀ ਜਹਾਜ਼ ਡੇਗਿਆ ਨਹੀਂ ਗਿਆ ਹੈ। ਸਾਰੀਆਂ ਅਮਰੀਕੀ ਹਵਾਈ ਸੰਪਤੀਆਂ ਸੁਰੱਖਿਅਤ ਹਨ।”
ਸੂਤਰਾਂ ਦਾ ਹਵਾਲਾ ਦਿੰਦੇ ਹੋਏ, ਨਿਊਜ਼ ਏਜੰਸੀ ਰਾਇਟਰਜ਼ ਨੇ ਰਿਪੋਰਟ ਦਿੱਤੀ ਕਿ ਅਮਰੀਕਾ ਤੇ ਈਰਾਨ ਕੱਲ੍ਹ, ਵੀਰਵਾਰ ਆਪਣੀ ਜੰਗਬੰਦੀ ਵਧਾਉਣ ਤੇ ਹੋਰਮੁਜ਼ ਜਲਡਮਰੂ ਰਾਹੀਂ ਜਹਾਜ਼ਾਂ ਦੀ ਆਵਾਜਾਈ ‘ਤੇ ਪਾਬੰਦੀਆਂ ਹਟਾਉਣ ਲਈ ਸਹਿਮਤ ਹੋਏ ਸਨ। ਹਾਲਾਂਕਿ, ਸਮਝੌਤੇ ਨੂੰ ਅਜੇ ਤੱਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਪ੍ਰਵਾਨਗੀ ਨਹੀਂ ਮਿਲੀ ਹੈ। ਇਸ ਦੌਰਾਨ, ਈਰਾਨ ਦੇ ਸਰਕਾਰੀ ਮੀਡੀਆ ਨੇ ਇਹ ਵੀ ਕਿਹਾ ਹੈ ਕਿ ਇਸ ਸਮਝੌਤੇ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।

60 ਦਿਨਾਂ ਦੀ ਜੰਗਬੰਦੀ ਲਈ ਗੱਲਬਾਤ

ਇਸ ਮਾਮਲੇ ਤੋਂ ਜਾਣੂ ਚਾਰ ਸੂਤਰਾਂ ਦੇ ਅਨੁਸਾਰ, ਇਹ ਸਮਝੌਤਾ ਜੰਗਬੰਦੀ ਨੂੰ ਹੋਰ 60 ਦਿਨਾਂ ਲਈ ਵਧਾਏਗਾ। ਇਸ ਰਣਨੀਤਕ ਪ੍ਰਬੰਧ ਦੇ ਤਹਿਤ, ਜਹਾਜ਼ਾਂ ਦੀ ਆਵਾਜਾਈ ਨਿਰਵਿਘਨ ਜਾਰੀ ਰਹੇਗੀ ਜਦੋਂ ਕਿ ਵਾਰਤਾਕਾਰ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਵਰਗੇ ਵਿਵਾਦਪੂਰਨ ਮੁੱਦਿਆਂ ਨੂੰ ਹੱਲ ਕਰਨ ‘ਤੇ ਕੰਮ ਕਰਨਗੇ।
ਜੇਕਰ ਦੋਵਾਂ ਦੇਸ਼ਾਂ ਦੇ ਨੇਤਾ ਇਸ ਸਮਝੌਤੇ ਨੂੰ ਆਪਣੀ ਸਹਿਮਤੀ ਦਿੰਦੇ ਹਨ, ਤਾਂ ਇਹ 28 ਫਰਵਰੀ ਨੂੰ ਟਕਰਾਅ ਸ਼ੁਰੂ ਹੋਣ ਤੋਂ ਬਾਅਦ ਸ਼ਾਂਤੀ ਵੱਲ ਸਭ ਤੋਂ ਮਹੱਤਵਪੂਰਨ ਕਦਮ ਹੋਵੇਗਾ।

ਰਾਸ਼ਟਰਪਤੀ ਟਰੰਪ ਦੀ ਪ੍ਰਵਾਨਗੀ ਦੀ ਉਡੀਕ

ਨਿਊਜ਼ ਏਜੰਸੀ ਏਪੀ ਨੇ ਇਹ ਵੀ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਵਾਰਤਾਕਾਰ ਜੰਗਬੰਦੀ ਨੂੰ 60 ਦਿਨਾਂ ਲਈ ਵਧਾਉਣ ਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਗੱਲਬਾਤ ਮੁੜ ਸ਼ੁਰੂ ਕਰਨ ਲਈ ਇੱਕ ਵਿਆਪਕ ਸਹਿਮਤੀ ‘ਤੇ ਪਹੁੰਚ ਗਏ ਹਨ। ਇਸ ਮਾਮਲੇ ਤੋਂ ਜਾਣੂ ਇੱਕ ਅਮਰੀਕੀ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਇਹ ਸਮਝੌਤਾ ਪੱਤਰ (ਐਮਓਯੂ) ਅਜੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਅੰਤਿਮ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ।
ਨਿਰੀਖਕਾਂ ਦੇ ਅਨੁਸਾਰ, ਦੋਵਾਂ ਧਿਰਾਂ ਵਿਚਕਾਰ ਇਹ ਸਹਿਮਤੀ ਉਸ ਸਮੇਂ ਉੱਭਰ ਰਹੀ ਹੈ ਜਦੋਂ ਅਮਰੀਕਾ ਤੇ ਈਰਾਨ ਵਿਚਕਾਰ ਨਾਜ਼ੁਕ ਜੰਗਬੰਦੀ ਕਮਜ਼ੋਰ ਹੁੰਦੀ ਜਾਪਦੀ ਹੈ। ਇਹ ਖ਼ਬਰ ਸਭ ਤੋਂ ਪਹਿਲਾਂ ਨਿਊਜ਼ ਆਉਟਲੈਟ ਐਕਸੀਓਸ ਦੁਆਰਾ ਰਿਪੋਰਟ ਕੀਤੀ ਗਈ ਸੀ।

ਅਸੀਂ ਬਹੁਤ ਨੇੜੇ ਹਾਂ: ਉਪ ਰਾਸ਼ਟਰਪਤੀ ਜੇ.ਡੀ. ਵੈਂਸ

ਈਰਾਨ ਦੀ ਤਸਨੀਮ ਨਿਊਜ਼ ਏਜੰਸੀ ਨੇ ਗੱਲਬਾਤ ਕਰਨ ਵਾਲੀ ਟੀਮ ਦੇ ਨਜ਼ਦੀਕੀ ਇੱਕ ਸਰੋਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਮਝੌਤੇ ਦੇ ਖਰੜੇ ਨੂੰ ਨਾ ਤਾਂ ਅੰਤਿਮ ਰੂਪ ਦਿੱਤਾ ਗਿਆ ਹੈ ਤੇ ਨਾ ਹੀ ਅਧਿਕਾਰਤ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ।
ਸਮਝੌਤੇ ਬਾਰੇ ਵਾਸ਼ਿੰਗਟਨ ‘ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਅਮਰੀਕੀ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਨੇ ਕਿਹਾ, “ਅਸੀਂ ਅਜੇ ਉੱਥੇ ਨਹੀਂ ਹਾਂ, ਪਰ ਅਸੀਂ ਬਹੁਤ ਨੇੜੇ ਹਾਂ, ਤੇ ਅਸੀਂ ਇਸ ‘ਤੇ ਕੰਮ ਕਰਨਾ ਜਾਰੀ ਰੱਖਾਂਗੇ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਗਰੰਟੀ ਨਹੀਂ ਦੇ ਸਕਦਾ ਕਿ ਅਸੀਂ ਉੱਥੇ ਪਹੁੰਚ ਜਾਵਾਂਗੇ, ਪਰ ਹੁਣ, ਮੈਨੂੰ ਇਸ ਬਾਰੇ ਕਾਫ਼ੀ ਚੰਗਾ ਮਹਿਸੂਸ ਹੋ ਰਿਹਾ ਹੈ।”
RELATED ARTICLES

LEAVE A REPLY

Please enter your comment!
Please enter your name here

- Advertisment -
Google search engine
spot_imgspot_imgspot_imgspot_img
spot_imgspot_imgspot_imgspot_img

Most Popular

Recent Comments