ਜਲੰਧਰ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਖਾਲਿਸਤਾਨੀ ਲਿਬਰੇਸ਼ਨ ਆਰਮੀ ਨੇ ਲਈ ਹੈ।
ਬੀਤੀ ਰਾਤ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਹੋਏ ਦੋ ਧਮਾਕਿਆਂ ਨੂੰ ਲੈ ਕੇ ਪੁਲਿਸ, ਬੀਐਸਐਫ ਅਤੇ ਐਨਆਈਏ ਦੀਆਂ ਟੀਮਾਂ ਲਗਾਤਾਰ ਜਾਂਚ ਵਿੱਚ ਜੂੱਟੀਆਂ ਹੋਈਆਂ ਹਨ। ਇਸ ਵਿਚਾਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅੰਮ੍ਰਿਤਸਰ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਆਈਈਡੀ ਧਮਾਕੇ ਹੋਣ ਦੀ ਗੱਲ ਸਵੀਕਾਰ ਕੀਤੀ। ਉਨ੍ਹਾਂ ਕਿਹਾ ਕਿ ਜਲੰਧਰ ਵਿੱਚ ਹੋ ਸਕਦਾ ਹੈ ਕਿ ਧਮਾਕਾ ਸੰਭਾਵਿਤ ਤੌਰ ‘ਤੇ ਟਾਈਮਰ ਜਾਂ ਰਿਮੋਟ ਕੰਟਰੋਲ ਨਾਲ ਕੀਤਾ ਗਿਆ ਹੋਵੇ। ਇਸ ਵਿੱਚ ਪਾਕਿਸਤਾਨੀ ਖੁਫੀਆ ਏਜੰਸੀਆਂ ਦਾ ਹੱਥ ਹੈ। ਆਪ੍ਰੇਸ਼ਨ ਸਿੰਦੂਰ ਦੀ ਵਰ੍ਹੇਗੰਢ ਕਰਕੇ ਇਹ ਧਮਾਕੇ ਕੀਤੇ ਗਏ ਹੋ ਸਕਦੇ ਹਨ।
ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਧਮਾਕਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਡੀਜੀਪੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਹ ਧਮਾਕੇ ਲੋਅ ਇੰਟੈਸਿਟੀ ਦੇ ਸਨ। ਧਮਾਕੇ ਦੀ ਨੇਚਰ ਕੀ ਸੀ, ਇਸ ਬਾਰੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਹਾਲੇ ਇਸ ਧਮਾਕੇ ਦੀ ਕਿਸੇ ਨੇ ਨਹੀਂ ਲਈ ਹੈ ਪਰ ਅਸੀਂ ਮੰਨਦੇ ਹਾਂ ਕਿ ਆਪਰੇਸ਼ਨਸ ਸਿੰਦੂਰ ਦੀ ਬਰਸੀ ਹੋਣ ਕਰਕੇ ਇਸ ਪਿੱਛੇ ਪਾਕਿਸਤਾਨ ਦੀ ਆਈਐਸਆਈ ਦਾ ਨਾਪਾਕ ਹੱਥ ਹੋ ਸਕਦਾ ਹੈ।
ਪ੍ਰੌਕਸੀ ਵਾਰ ਲੜ ਰਿਹਾ ਹੈ ਪੰਜਾਬ – ਡੀਜੀਪੀ
ਡੀਜੀਪੀ ਯਾਦਵ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਦੇਸ਼ ਦੇ ਪ੍ਰਤੀਨਿਧੀ ਦੇ ਤੌਰ ਤੇ ਪ੍ਰੌਕਸੀ ਵਾਰ ਲੜ ਰਿਹਾ ਹੈ। ਜਦਕਿ ਪੰਜਾਬ ਖੁਦ ਅਮਨ ਪਸੰਦ ਸੂਬਾ ਹੈ। ਪਾਕਿਸਤਾਨ ਇਸ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦਾ ਹੈ, ਪਰ ਅਸੀਂ ਉਸ ਦੀਆਂ ਨਾਪਾਕ ਹਰਕਤਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵਾਂਗੇ। ਅਸੀਂ ਉਨ੍ਹਾਂ ਦੀਆਂ ਗਿੱਦੜ ਭਭਕੀਆਂ ਤੋਂ ਨਹੀਂ ਡਰਦੇ। ਉਨ੍ਹਾਂ ਭਰੋਸਾ ਦਿੱਤਾ ਕਿ ਛੇਤੀ ਹੀ ਇਨ੍ਹਾਂ ਧਮਾਕਿਆਂ ਦੇ ਆਰੋਪੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਨ੍ਹਾਂ ਧਮਾਕਿਆਂ ਨਾਲ ਸਬੰਧਿਤ ਕਈ ਪੁਖਤਾ ਸਬੂਤ ਮਿਲੇ ਹਨ, ਜਿਨ੍ਹਾਂ ਨੂੰ ਹਾਲੇ ਕਿਸੇ ਨਾਲ ਹੀ ਸਾਂਝਾ ਨਹੀਂ ਕੀਤਾ ਜਾ ਸਕਦਾ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਨ੍ਹਾਂ ਬਾਰੇ ਖੁਲਾਸਾ ਕੀਤਾ ਜਾਵੇਗਾ।
ਡੀਜੀਪੀ ਨੇ ਇਹ ਵੀ ਕਿਹਾ ਕਿ ਜਲੰਧਰ ਵਾਲੇ ਧਮਾਕੇ ਦੀ ਜਿੰਮੇਦਾਰੀ ਕਥਿਤ ਤੌਰ ਤੇ ਇੱਕ ਖਾਲ਼ਿਸਤਾਨੀ ਲਿਬਰੇਸ਼ਨ ਆਰਮੀ ਨੇ ਲਈ ਹੈ ਪਰ ਅੰਮ੍ਰਿਤਸਰ ਧਮਾਕੇ ਦੀ ਜਿੰਮੇਦਾਰੀ ਕਿਸੇ ਨੇ ਨਹੀਂ ਲਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਖਾਲ਼ਿਸਤਾਨੀ ਲਿਬਰੇਸ਼ਨ ਆਰਮੀ ਪਾਕਿਸਤਾਨੀ ਏਜੰਸੀ ਆਈਐਸਆਈ ਦੀ ਭਾੜੇ ਦੀ ਟੱਟੂ ਬਣ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੇ ਝਾਂਸੇ ਵਿੱਚ ਨਾ ਆਉਣ।
ਜਲੰਧਰ ਅਤੇ ਅੰਮ੍ਰਿਤਸਰ ‘ਚ ਹੋਏ ਹਨ ਧਮਾਕੇ
ਦੱਸ ਦੇਈਏ ਕਿ ਮੰਗਲਵਾਰ ਰਾਤ ਨੂੰ ਜਲੰਧਰ ਵਿੱਚ ਬੀਐਸਐਫ ਹੈੱਡਕੁਆਰਟਰ ਦੇ ਬਾਹਰ ਇੱਕ ਧਮਾਕਾ ਹੋਇਆ। ਮੰਨਿਆ ਜਾ ਰਿਹਾ ਹੈ ਕਿ ਇੱਕ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਦੀ ਵਰਤੋਂ ਕੀਤੀ ਗਈ ਸੀ। ਖੁਸ਼ਕਿਸਮਤੀ ਨਾਲ, ਧਮਾਕੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ। ਧਮਾਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਦੌਰਾਨ, ਅੰਮ੍ਰਿਤਸਰ ਵਿੱਚ ਵੀ ਇੱਕ ਫੌਜੀ ਕੈਂਪ ਦੇ ਅੰਦਰ ਵੀ ਗ੍ਰਨੇਡ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਇਹ ਇੱਕ ਕੰਧ ਨਾਲ ਟਕਰਾ ਕੇ ਫਟ ਗਿਆ। ਇਸ ਧਮਾਕੇ ਵਿੱਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।