ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ED ਵੱਲੋਂ ਰੇਡ ਕੀਤੀ ਜਾ ਰਹੀ ਹੈ।
ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਈਡੀ ਦੀ ਟੀਮ ਅੱਜ ਸਵੇਰੇ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪਹੁੰਚੀ। ਉਨ੍ਹਾਂ ਦੇ ਘਰ ਦੇ ਬਾਹਰ ਕੇਂਦਰੀ ਪੁਲਿਸ ਬਲ ਤਾਇਨਾਤ ਕੀਤੇ ਗਏ ਸਨ। ਮੰਤਰੀ ਸੰਜੀਵ ਅਰੋੜਾ ਦੇ ਘਰ ਅਤੇ ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਈਡੀ ਦੀ ਰੇਡ ਤੋਂ ਬਾਅਦ ਮੰਤਰੀ ਸੰਜੀਵ ਅਰੋੜਾ ਨੇ ਕਿਹਾ ਕਿ ਸਾਨੁੂੰ ਵਿਸ਼ਾਵਾਸ ਹੈ ਕਿ ਸੱਚ ਦੀ ਜਿੱਤ ਹੋਵੇਗੀ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਤਿੰਨ ਦਿਨਾਂ ਵਿੱਚ ਇਹ ਦੂਸਰੀ ਰੇਡ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਟਰੀ ਦੇ ਆਗੂਆਂ ਨੂੁੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ, 7 ਅਕਤੂਬਰ, 2024 ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮਨੀ ਲਾਂਡਰਿੰਗ ਅਤੇ ਜ਼ਮੀਨ ਧੋਖਾਧੜੀ ਦੇ ਮਾਮਲੇ ਵਿੱਚ ਸੰਜੀਵ ਅਰੋੜਾ ਦੇ ਅਦਾਰਿਆਂ ‘ਤੇ ਛਾਪੇਮਾਰੀ ਕੀਤੀ ਸੀ। ਲੁਧਿਆਣਾ ਵਿੱਚ ਉਨ੍ਹਾਂ ਦੇ ਘਰ ਅਤੇ ਦਫਤਰ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਗੁਰੂਗ੍ਰਾਮ, ਜਲੰਧਰ ਅਤੇ ਦਿੱਲੀ ਵਿੱਚ ਵੀ ਛਾਪੇਮਾਰੀ ਕੀਤੀ ਸੀ। ਇਲਜ਼ਾਮ ਸੀ ਕਿ ਉਦਯੋਗਿਕ ਵਰਤੋਂ ਲਈ ਅਲਾਟ ਕੀਤੀ ਗਈ ਜ਼ਮੀਨ ਨੂੰ ਕਥਿਤ ਤੌਰ ‘ਤੇ ਰਿਹਾਇਸ਼ੀ ਪ੍ਰੋਜੈਕਟਾਂ ਲਈ ਮੋੜ ਦਿੱਤਾ ਗਿਆ ਸੀ। ਉਸ ਸਮੇਂ, ਸੰਜੀਵ ਅਰੋੜਾ ਰਾਜ ਸਭਾ ਮੈਂਬਰ ਸਨ।
ਜਲੰਧਰ ਵਿੱਚ ਵੀ ਈਡੀ ਦੀ ਰੇਡ
ਉਥੇ ਹੀ ਜਲੰਧਰ ਵਿੱਚ ਵੀ ਈਡੀ ਦੀਆਂ ਟੀਮਾਂ ਨੇ ਅੱਜ ਸਵੇਰੇ ਪਾਸ਼ ਜੀਟੀਪੀ ਨਗਰ ਇਲਾਕੇ ਵਿੱਚ ਇੱਕ ਪ੍ਰਮੁੱਖ ਕਾਰੋਬਾਰੀ ਦੇ ਘਰ ਛਾਪਾ ਮਾਰਿਆ। ਜਿਸ ਕਾਰੋਬਾਰੀ ਦੇ ਘਰ ਛਾਪਾ ਮਾਰਿਆ ਜਾ ਰਿਹਾ ਹੈ। ਉਹ ਸੰਸਦ ਮੈਂਬਰ ਸੰਜੀਵ ਅਰੋੜਾ ਦਾ ਬਹੁਤ ਕਰੀਬੀ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀ ਦੇ ਅਧਿਕਾਰੀ ਪੁਲਿਸ ਦੇ ਨਾਲ ਘਰ ਦੇ ਅੰਦਰ ਮੌਜੂਦ ਹਨ ਅਤੇ ਬਾਹਰੀ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਹੈ।
ਲੋਕਤੰਤਰ ਦਾ ਗਲਾ ਵੱਢਿਆ ਜਾ ਰਿਹਾ – ਸੀਐਮ ਮਾਨ
ਉੱਧਰ ਇਸ ਰੇਡ ਨੂੰ ਲੈ ਕੇ ਸੂਬੇ ਦੀ ਸਿਆਸਤ ਵੀ ਭੱਖ ਗਈ ਹੈ। ਸੀਐਮ ਭਗਵੰਤ ਮਾਨ ਨੇ ਇਸ ਨੂੰ ਲੈ ਕੇ ਬੀਜੇਪੀ ਤੇ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਗਲਾ ਵੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਚੋਣਾਂ ਨੂੰ ਲੋਕਾਂ ਨਾਲ ਨਹੀਂ, ਸੀਬੀਆਈ, ਈਡੀ ਅਤੇ ਈਸੀ ਨਾਲ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਕੁਝ ਵੀ ਕਰ ਲੈਣ, ਅਸੀਂ ਡਰਣ ਵਾਲੇ ਨਹੀਂ ਹਾਂ।
‘ਆਪ’ ਦੇ ਰਾਜ ਸਭਾ ਮੈਂਬਰ ‘ਤੇ ਵੀ ਹੋਈ ਹੈ ਰੇਡ
ਦੋ ਦਿਨ ਪਹਿਲਾਂ ਹੀ, ਈਡੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਦੇ 10 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਈਡੀ ਦੀਆਂ ਟੀਮਾਂ ਨੇ ਬੁੱਧਵਾਰ ਸਵੇਰੇ 7:30 ਵਜੇ ਇੱਕੋ ਸਮੇਂ ਜਲੰਧਰ, ਫਗਵਾੜਾ ਅਤੇ ਗੁਰੂਗ੍ਰਾਮ ਵਿੱਚ ਉਨ੍ਹਾਂ ਦੇ ਘਰਾਂ, ਲਵਲੀ ਸਵੀਟਸ, ਲਵਲੀ ਆਟੋਜ਼ ਅਤੇ ਐਲਪੀਯੂ ਕੈਂਪਸ ‘ਤੇ ਛਾਪੇਮਾਰੀ ਕੀਤੀ।