ਪੰਜਾਬ ਰਾਜ ਭਵਨ ਦੇ ਅੰਡਰ ਸੈਕਟਰੀ ਭੀਮਸੇਨ ਗਰਗ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੇਂਦਰੀ ਜਾਂਚ ਬਿਊਰੋ (CBI) ਨੇ ਚੰਡੀਗੜ੍ਹ ਦੀਆਂ ਦੋ ਵੱਡੀਆਂ ਕੰਪਨੀਆਂ ਬਰਕਲੇ ਰਿਅਲਟੈੱਕ ਲਿਮਟਿਡ, ਗੋਦਰੇਜ ਅਸਟੇਟ ਡਿਵੈੱਲਪਰਜ਼ ਤੇ ਅਸਟੇਟ ਆਫਿਸ ਦੇ ਅਣਪਛਾਤੇ ਅਧਿਕਾਰੀਆਂ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਸੀਬੀਆਈ ਨੇ ਇਨ੍ਹਾਂ ਸਾਰਿਆਂ ਖਿਲਾਫ ਆਈਪੀਸੀ ਦੀ ਧਾਰਾ 420, 120 ਬੀ ਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 13(2), 13(1)(ਡੀ) ਤਹਿਤ ਕੇਸ ਦਰਜ ਕਰ ਲਿਆ ਹੈ।
ਦੋਸ਼ ਹੈ ਕਿ ਅਸਟੇਟ ਆਫਿਸ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਨ੍ਹਾਂ ਦੋਵਾਂ ਕੰਪਨੀਆਂ ਨੇ ਇੰਡਸਟਰੀਅਲ ਏਰੀਆ ਫੇਜ਼-1 ‘ਚ ਵੱਡੇ-ਵੱਡੇ ਪ੍ਰੋਜੈਕਟ ਤਿਆਰ ਕੀਤੇ ਪਰ ਇਨ੍ਹਾਂ ਨੇ ਸੰਬੰਧਤ ਵਿਭਾਗਾਂ ਤੋਂ ਐਨਵਾਇਰਮੈਂਟ ਤੇ ਵਾਈਲਡ ਲਾੀਫ ਕਲੀਅਰੈਂਸ ਹੀ ਨਹੀਂ ਲਈ। ਜਦਕਿ ਵਾਤਾਵਰਨ ਅਤੇ ਜੰਗਲਾਤ ਮੰਤਰਾਲੇ ਵੱਲੋਂ 2006 ਵਿਚ ਜਾਰੀ ਇਕ ਨੋਟੀਫਿਕੇਸ਼ਨ ਤਹਿਤ ਦੋਵਾਂ ਲਈ ਮਨਜ਼ੂਰੀ ਲੈਣੀ ਜ਼ਰੂਰੀ ਸੀ।
ਫਸ ਸਕਦੇ ਹਨ ਅਸਟੇਟ ਆਫਿਸ ਦੇ ਕਈ ਵੱਡੇ ਅਧਿਕਾਰੀ
ਅਧਿਕਾਰੀਆਂ ਨੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਨਜ਼ਰਅੰਦਾਜ਼ ਕੀਤਾ, ਇਨ੍ਹਾਂ ਦੇ ਪ੍ਰੋਜੈਕਟ ਬਣਨ ਦਿੱਤੇ ਗਏ ਤੇ ਇੱਥੋਂ ਤਕ ਕਿ ਇਨ੍ਹਾਂ ਨੂੰ ਆਕਿਊਪੇਸ਼ਨ ਸਰਟੀਫਿਕੇਟ ਜਾਰੀ ਕਰ ਕੇ ਫਾਇਦਾ ਵੀ ਪਹੁੰਚਾਇਆ ਗਿਆ। ਇਸ ਬਾਰੇ ਜਦੋਂ ਪੰਜਾਬ ਦੇ ਗਵਰਨਰ ਤੇ ਯੂਟੀ ਪ੍ਰਸ਼ਾਸਕ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੇ ਦਫ਼ਤਰ ਵੱਲੋਂ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਗਈ।
ਪੰਜਾਬ ਰਾਜ ਭਵਨ ਦੇ ਅੰਡਰ ਸੈਕਟਰੀ ਭੀਮਸੇਨ ਗਰਗ ਦੀ ਸ਼ਿਕਾਇਤ ‘ਤੇ ਸੀਬੀਆਈ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ‘ਚ ਅਸਟੇਟ ਆਫਿਸ ਦੇ ਕਈ ਵੱਡੇ ਅਧਿਕਾਰੀ ਵੀ ਫਸ ਸਕਦੇ ਹਨ।




