ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਾਕਿਸਤਾਨ ਦੀ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ ਪਾਕਿਸਤਾਨ ਦੀ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 26 ਨਵੰਬਰ ਦੇ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਮਾਮਲਿਆਂ ਵਿੱਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਸੰਸਥਾਪਕ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ 13 ਜਨਵਰੀ ਤੱਕ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਡਿਊਟੀ ਜੱਜ ਸ਼ਬੀਰ ਭੱਟੀ ਨੇ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕੀਤੀ। ਬੁਸ਼ਰਾ ਬੀਬੀ ਤਰਨੋਲ ਥਾਣੇ ਵਿੱਚ ਦਰਜ ਚਾਰ ਮਾਮਲੇ ਤੇ ਰਾਮਨਾ ਥਾਣੇ ਵਿੱਚ ਦਰਜ ਤਿੰਨ ਕੇਸਾਂ ਵਿੱਚ ਅੰਤਰਿਮ ਜ਼ਮਾਨਤ ਲੈਣ ਲਈ ਆਪਣੀ ਕਾਨੂੰਨੀ ਟੀਮ ਸਮੇਤ ਅਦਾਲਤ ਵਿੱਚ ਪੇਸ਼ ਹੋਈ।
ਅਦਾਲਤ ਨੇ ਬੁਸ਼ਰਾ ਬੀਬੀ ਦੀ ਜ਼ਮਾਨਤ ਮਨਜ਼ੂਰ ਕੀਤੀ
ਉਨ੍ਹਾ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਹਰੇਕ ਕੇਸ ਲਈ 50,000 ਰੁਪਏ ਦੇ ਜ਼ਮਾਨਤੀ ਬਾਂਡ ‘ਤੇ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ।
ਇਸ ਤੋਂ ਪਹਿਲਾਂ 21 ਦਸੰਬਰ ਨੂੰ ਰਾਵਲਪਿੰਡੀ ਦੀ ਅੱਤਵਾਦ ਰੋਕੂ ਅਦਾਲਤ (ਏ.ਟੀ.ਸੀ.) ਨੇ ਉਨ੍ਹਾਂ ਨੂੰ 32 ਮਾਮਲਿਆਂ ‘ਚ 13 ਜਨਵਰੀ ਤੱਕ ਅੰਤਰਿਮ ਜ਼ਮਾਨਤ ਦਿੱਤੀ ਸੀ।
ਰਿਪੋਰਟ ਅਨੁਸਾਰ, ਬੁਸ਼ਰਾ ਬੀਬੀ (Anticipatory bail to bushra bibi) ਆਪਣੇ ਵਕੀਲਾਂ ਨਾਲ ਏਟੀਸੀ ਸਾਹਮਣੇ ਪੇਸ਼ ਹੋਈ ਤੇ ਕੁੱਲ 32 ਮਾਮਲਿਆਂ ਵਿੱਚ ਜ਼ਮਾਨਤ ਦੀ ਮੰਗ ਕੀਤੀ, ਜਿਨ੍ਹਾਂ ਵਿੱਚੋਂ 23 ਕੇਸ 9 ਮਈ ਦੀ ਹਿੰਸਾ ਨਾਲ ਸਬੰਧਤ ਸਨ। ਹੁਣ ਉਨ੍ਹਾਂ ਨੂੰ ਰਾਵਲਪਿੰਡੀ, ਅਟਕ ਤੇ ਚਕਵਾਲ ਵਿੱਚ ਦਰਜ ਕੇਸਾਂ ਵਿੱਚ ਅੰਤਰਿਮ ਜ਼ਮਾਨਤ ਮਿਲ ਗਈ ਹੈ।
ਉਨ੍ਹਾਂ ਦੇ ਵਕੀਲ ਫੈਜ਼ਲ ਮਲਿਕ ਨੇ ਦਲੀਲ ਦਿੱਤੀ ਕਿ ਬੁਸ਼ਰਾ ਬੀਬੀ ਵਿਰੁੱਧ ਦਰਜ ਕੇਸ ਸਿਆਸੀ ਤੌਰ ‘ਤੇ ਪ੍ਰੇਰਿਤ ਤੇ ਬਦਲਾ ਲੈਣ ਦੇ ਉਦੇਸ਼ ਨਾਲ ਕੀਤੇ ਗਏ ਸਨ।
ਮੀਡੀਆ ਨਾਲ ਗੱਲ ਕਰਦੇ ਹੋਏ ਫੈਜ਼ਲ ਮਲਿਕ ਨੇ ਕਿਹਾ ਕਿ ਸਾਬਕਾ ਪਹਿਲੀ ਮਹਿਲਾ ਨੇ ਏਟੀਸੀ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ, ਉਨ੍ਹਾਂ ਕਿਹਾ ਕਿ ਇਕੱਲੇ ਰਾਵਲਪਿੰਡੀ ਵਿੱਚ 23 ਕੇਸਾਂ ਵਿੱਚ ਉਨ੍ਹਾਂ ਦਾ ਨਾਮ ਸੀ।