ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਲੈਣਾ ਪਵੇਗਾ ਫੈਸਲਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ (ਸੇਵਾ) ਪੂਰੀ ਕਰ ਲਈ ਹੈ।
ਹੁਣ ਪਾਰਟੀ ਦੀ ਵਰਕਿੰਗ ਕਮੇਟੀ ਤੇ ਕੋਰ ਕਮੇਟੀ ਕੋਲ੍ਹ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰਨ ਦਾ ਤਿੰਨ ਦਿਨ ਸਮਾਂ ਬਚਿਆ ਹੈ। ਵੈਸੇ ਪਾਰਟੀ ਦੇ ਸੰਵਿਧਾਨ ਮੁਤਾਬਿਕ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਮਿਆਦ 14 ਦਸੰਬਰ ਨੂੰ ਪੂਰੀ ਹੋ ਚੁੱਕੀ ਹੈ।
ਜਾਣਕਾਰੀ ਅਨੁਸਾਰ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਦੇ ਸਨਮੁੱਖ ਪਹਿਲਾਂ ਅਕਾਲੀ ਦਲ ਦੀ ਕੋਰ ਕਮੇਟੀ ਅਸਤੀਫ਼ੇ ’ਤੇ ਵਿਚਾਰ ਕਰੇਗੀ ਅਤੇ ਉਸ ਤੋਂ ਬਾਅਦ ਹੀ ਵਰਕਿੰਗ ਕਮੇਟੀ ਵਲੋ ਫੈਸਲਾ ਲਿਆ ਜਾਵੇਗਾ। ਹਾਲਾਂਕਿ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ 2 ਦਸੰਬਰ ਨੂੰ ਹੁਕਮ ਦਿੰਦੇ ਹੋਏ ਤਿੰਨ ਦਿਨ ਦੇ ਅੰਦਰ–ਅੰਦਰ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰਕੇ ਜਾਣਕਾਰੀ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ ਸਨ ਪਰ ਅਕਾਲੀ ਲੀਡਰਸ਼ਿਪ ਨੇ ਧਾਰਮਿਕ ਸੇਵਾ ਦਾ ਹਵਾਲਾ ਦਿੰਦੇ ਹੋਏ ਮਿਆਦ 20 ਦਸੰਬਰ ਤੱਕ ਵਧਾ ਲਈ ਸੀ।
ਇਸ ਤਰ੍ਹਾਂ ਹੁਣ ਅਕਾਲੀ ਦਲ ਦੀ ਵਰਕਿੰਗ ਕਮੇਟੀ ਕੋਲ ਫੈਸਲਾ ਲੈਣ ਲਈ ਤਿੰਨ ਦਿਨ ਦਾ ਸਮਾਂ ਬਚਿਆ ਹੈ। ਚਰਚਾ ਹੈ ਕਿ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਗਾਮੀ ਇੱਕ-ਦੋ ਦਿਨਾਂ ਅੰਦਰ ਅੰਦਰ ਕੋਰ ਕਮੇਟੀ ਦੀ ਮੀਟਿੰਗ ਬੁਲਾ ਸਕਦੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਭਾਜਪਾ ਗਠਜੋੜ ਸਰਕਾਰ ਵਿਚ ਸ਼ਾਮਲ ਤਤਕਾਲੀ ਕੈਬਨਿਟ ਮੰਤਰੀਆਂ, ਸ੍ਰੋਮਣੀ ਕਮੇਟੀ ਦੀ ਕਾਰਜਕਾਰਨੀ ਸਮੇਤ ਕੋਰ ਕਮੇਟੀ ਦੇ ਆਗੂਆਂ ਨੂੰ ਤਲਬ ਕਰਦੇ ਹੋਏ ਦੋ ਦਸੰਬਰ ਨੂੰ ਧਾਰਮਿਕ ਸਜ਼ਾ (ਸੇਵਾ) ਸੁਣਾਉਦੇ ਹੋਏ ਪਾਰਟੀ ਦੀ ਵਰਕਿੰਗ ਕਮੇਟੀ ਨੂੰ ਤਿੰਨ ਦਿਨਾਂ ਅੰਦਰ ਸੁਖਬੀਰ ਸਿੰਘ ਬਾਦਲ ਤੇ ਹੋਰ ਆਗੂਆਂ ਦੇ ਅਸਤੀਫ਼ੇ ਪ੍ਰਵਾਨ ਕਰਨ ਅਤੇ ਪਾਰਟੀ ਦੀ ਨਵੀ ਮੈਬਰਸ਼ਿਪ ਮੁਹਿੰਮ ਸ਼ੁਰੂ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਇਕ ਕਮੇਟੀ ਗਠਿਤ ਕੀਤੀ ਸੀ। ਇਸ ਕਮੇਟੀ ਨੂੰ ਛੇ ਮਹੀਨਿਆਂ ਦੇ ਅੰਦਰ ਅੰਦਰ ਨਵੇ ਡੈਲੀਗੇਟ ਬਣਾਕੇ ਪਾਰਟੀ ਦਾ ਜਥੇਬੰਦਕ ਢਾਂਚਾ ਬਣਾਉਣ ਦੇ ਹੁਕਮ ਦਿੱਤੇ ਸਨ।
ਪ੍ਰਾਪਤ ਵੇਰਵਿਆਂ ਅਨੁਸਾਰ ਆਗਾਮੀ ਦਿਨਾਂ ਵਿਚ ਵਰਕਿੰਗ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਸੁਖਬੀਰ ਬਾਦਲ ਦਾ ਅਸਤੀਫ਼ਾ ਪ੍ਰਵਾਨ ਕਰੇਗੀ। ਸੁਖਬੀਰ ਬਾਦਲ ਕਰੀਬ 15 ਸਾਲਾਂ ਤੋ ਅਕਾਲੀ ਦਲ ਦੇ ਪ੍ਰਧਾਨ ਬਣੇ ਹੋਏ ਹਨ। ਅਕਾਲੀ ਦਲ ਤੋ ਵੱਖਰੇ ਹੋਏ ਆਗੂ ਸੁਖਬੀਰ ਬਾਦਲ ’ਤੇ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਦਬਾਅ ਬਣਾ ਰਹੇ ਹਨ, ਜਦਕਿ ਅਕਾਲੀ ਦਲ ਦੀ ਲੀਡਰਸ਼ਿਪ ਮੰਨ ਰਹੀ ਹੈ ਕਿ ਅਜੇ ਵੀ ਪਾਰਟੀ ਕੋਲ ਸੁਖਬੀਰ ਬਾਦਲ ਦੇ ਬਰਾਬਰ ਕੱਦ ਦਾ ਕੋਈ ਆਗੂ ਨਹੀਂ ਹੈ। ਅਕਾਲੀ ਦਲ ਦੇ ਇਤਿਹਾਸ ਵਿਚ ਪਹਿਲੀ ਵਾਰ ਰਿਹਾ ਹੈ ਕਿ ਪਾਰਟੀ ਜ਼ਿਮਨੀ ਚੋਣ ਲੜ੍ਹਨ ਤੋ ਪਿੱਛੇ ਹਟ ਗਈ ਜਦਕਿ ਹੁਣ 5 ਨਗਰ ਨਿਗਮਾਂ ਅਤੇ 41 ਨਗਰ ਕੌਂਸਲਾਂ ਦੀਆਂ ਹੋ ਰਹੀਆਂ ਚੋਣਾਂ ਲੜ੍ ਰਹੀ ਹੈ।