Punjab ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ।
ਭਾਸ਼ਾ ਵਿਭਾਗ ਵਿਖੇ ਪੰਜਾਬੀ ਮਾਹ-2024 ਦੇ ਵਿਦਾਇਗੀ ਸਮਾਰੋਹ ‘ਚ ਦੁਪਹਿਰ ਤਕ ਮੁੱਖ ਮਹਿਮਾਨ ਦੀ ਉਡੀਕ ਹੁੰਦੀ ਰਹੀ। ਦੋ ਵਜੇ ਤਕ ਮੁੱਖ ਮਹਿਮਾਨ ਨਾ ਪੁੱਜੇ ਤਾਂ ਵਿਸ਼ੇਸ਼ ਮਹਿਮਾਨਾਂ ਤੋਂ ਸਰਵੋਤਮ ਸਾਹਿਤਕ ਪੁਸਤਕ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਵਾਇਆ ਗਿਆ।
ਸਮਾਗਮ ਖਤਮ ਹੋਣ ’ਤੇ ਜਦੋਂ ਇਕ ਪਾਸੇ ਟੈਂਟ ਖੋਲ੍ਹੇ ਜਾ ਰਹੇ ਸੀ ਤੇ ਕੁਰਸੀਆਂ ਚੁੱਕੀਆਂ ਜਾ ਰਹੀਆਂ ਸਨ ਤਾਂ ਅਚਾਨਕ ਸਮਾਗਮ ਦੇ ਮੁੱਖ ਮਹਿਮਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਭਾਗ ਦੇ ਵਿਹੜੇ ‘ਚ ਪੁੱਜ ਗਏ। ਉਦੋਂ ਤਕ ਸਨਮਾਨਿਤ ਸਾਹਿਤਕਾਰ ਤੇ ਹੋਰ ਲੇਖਕ ਜਾ ਚੁੱਕੇ ਸਨ।
ਕੈਬਨਿਟ ਮੰਤਰੀ ਵਲੋਂ ਇਥੇ ਮੌਜੂਦ ਸਕੂਲੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਪੁਸਤਕ ਸੱਭਿਆਚਾਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਦੂਸਰੇ ਪਾਸੇ ਕੈਬਨਿਟ ਮੰਤਰੀ ਹੱਥੋਂ ਸਨਮਾਨ ਹਾਸਿਲ ਨਾ ਕਰ ਸਕਣ ਵਾਲੇ ਸਾਹਿਤਕਾਰਾਂ ‘ਚ ਨਿਰਾਸ਼ਾ ਪਾਈ ਗਈ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੈਬਿਨਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੁਝ ਨਿੱਜੀ ਕਾਰਨਾਂ ਕਰਕੇ ਪੁੱਜਣ ਵਿਚ ਦੇਰੀ ਹੋਈ ਹੈ ਪਰ ਅੱਜ ਦੇ ਸਮਾਗਮ ਵਿਚ ਉਨਾਂ ਦੀ ਹਾਜ਼ਰੀ ਲਾਜ਼ਮੀ ਸੀ। ਇਸ ਲਈ ਹਾਜ਼ਰੀ ਲਗਵਾਉਣ ਪੁੱਜੇ ਹਾਂ।
ਇਕ ਸਵਾਲ ਦੇ ਜਵਾਬ ‘ਚ ਕੈਬਨਿਟ ਮੰਤਰੀ ਨੇ ਕਿਹਾ ਕਿ ਸਾਹਿਤ ਸਦਨ ਵਿਭਾਗ ਨੂੰ ਵਾਪਸ ਦੇਣ ਲਈ ਪ੍ਰੀਕ੍ਰਿਆ ਲਗਪਗ ਪੂਰੀ ਹੋ ਚੁੱਕੀ ਹੈ, ਜਲਦ ਐਨਸੀਸੀ ਤੋਂ ਖਾਲੀ ਕਰਵਾ ਕੇ ਸਾਹਿਤਕਾਰਾਂ ਨੂੰ ਸਮਰਪਿਤ ਕੀਤਾ ਜਾਵੇਗਾ।
ਭਾਸ਼ਾ ਵਿਭਾਗ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਨੂੰ ਪੰਜ ਮਹੀਨੇ ਤੋਂ ਤਨਖਾਹ ਨਾ ਮਿਲਣ ਦੇ ਸਵਾਲ ’ਤੇ ਕੈਬਨਿਟ ਮੰਤਰੀ ਨੇ ਕਿਹਾ ਕਿ ‘‘ਜਫ਼ਰ ਸਾਬ੍ਹ ਸਮਰੱਥ ਨੇ।’’
ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਦੀ ਰਹਿਨੁਮਾਈ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਨਾਏ ਗਏ ਪੰਜਾਬੀ ਮਾਹ-2024 ਦਾ ਵਿਦਾਇਗੀ ਸਮਾਰੋਹ ਭਲਕੇ (30 ਨਵੰਬਰ) ਇੱਥੇ ਭਾਸ਼ਾ ਭਵਨ ਵਿਖੇ ਕਰਵਾਇਆ ਗਿਆ ਹੈ ਜਿਸ ਵਿਚ ਪੰਜਾਬ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਹਰਜੋਤ ਸਿੰਘ ਬੈਂਸ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਨੀ ਸੀ।
ਉਨ੍ਹਾਂ ਵਲੋਂ ਹਿੰਦੀ (2023 ਤੇ 2024), ਸੰਸਕ੍ਰਿਤ (2023 ਤੇ 2024) ਤੇ ਉਰਦੂ (2024) ਦੇ ਸਰਵੋਤਮ ਸਾਹਿਤਕ ਪੁਸਤਕ ਪ੍ਰਦਾਨ ਕਰਨੇ ਸਨ।
ਮੁੱਖ ਮਹਿਮਾਨ ਦੇ ਆਉਣ ਦੀ ਆਸ ਟੁੱਟੀ ਤਾਂ ਸਾਹਿਤਕਾਰਾਂ ਨੂੰ ਵਿਸ਼ੇਸ਼ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਾਬਕਾ ਮੁਖੀ ਪ੍ਰੋ. ਹਰਪਾਲ ਸਿੰਘ ਪੰਨੂ ਅਤੇ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਰਜੀਤ ਸਿੰਘ ਭੱਟੀ ਵਲੋਂ ਸਨਮਾਨਿਤ ਕੀਤਾ ਗਿਆ।