ਜਾਖੜ ਦੇ ਨਾਰਾਜ਼ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਭਾਜਪਾ ਲੀਡਰਾਂ ਨੇ ਕਿਹਾ ਸੀ ਕਿ ਸੁਨੀਲ ਜਾਖੜ ਮੀਟਿੰਗਾਂ ਵਿੱਚ ਸ਼ਾਮਿਲ ਹੋ ਰਹੇ ਹਨ।
ਜਲਦ ਹੀ ਪੰਜਾਬ ਭਾਜਪਾ ਵਿੱਚ ਵੱਡੇ ਬਦਲਾਅ ਹੋ ਸਕਦੇ ਹਨ। ਸੂਤਰਾਂ ਮੁਤਾਬਕ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਪੰਜਾਬ ਭਾਜਪਾ ਦੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ। ਦਰਅਸਲ ਕੁੱਝ ਕੁ ਸਮਾਂ ਪੰਜਾਬ ਭਾਜਪਾ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਆਈਆਂ ਸਨ। ਜਿਨ੍ਹਾਂ ਦਾ ਭਾਜਪਾ ਵੱਲੋਂ ਖੰਡਨ ਕਰ ਦਿੱਤਾ ਗਿਆ ਸੀ।
ਹਾਲਾਂਕਿ ਭਾਜਪਾ ਨਾਲ ਜੁੜੀ ਸੂਤਰਾਂ ਅਨੁਸਾਰ ਜਾਖੜ ਦੇ ਅਸਤੀਫੇ ਦੀਆਂ ਖ਼ਬਰਾਂ ਤੋਂ ਬਾਅਦ ਪੰਜਾਬ ਭਾਜਪਾ ਦੇ ਲੀਡਰ ਉਹਨਾਂ ਨਾਲ ਨਰਾਜ਼ ਚੱਲ ਰਹੇ ਹਨ। ਜਿਨ੍ਹਾਂ ਨੇ ਹਾਈਕਮਾਨ ਨੂੰ ਸੁਨੇਹਾ ਭੇਜਿਆ ਹੈ ਕਿ ਸੁਨੀਲ ਜਾਖੜ ਨੂੰ ਹੁਣ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇ। ਅਜਿਹੀ ਸਥਿਤੀ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਜਾਖੜ ਦੀ ਥਾਂ ਰਵਨੀਤ ਬਿੱਟੂ ਨੂੰ ਜਿੰਮੇਵਾਰੀ ਮਿਲ ਸਕਦੀ ਹੈ।
ਭਾਜਪਾ ਦੇ ਸੰਗਠਨ ਵਿੱਚੋਂ ਹੋਵੇਗਾ ਨਵਾਂ ਪ੍ਰਧਾਨ- ਹਰਜੀਤ ਗਰੇਵਾਲ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਨਵੇਂ ਪ੍ਰਧਾਨ ਬਾਰੇ ਕੇਂਦਰੀ ਲੀਡਰਸ਼ਿਪ ਬੜਾ ਸੋਚ ਸਮਝਕੇ ਫੈਸਲਾ ਲਵੇਗੀ। ਪਰ ਜਦੋਂ ਤੱਕ ਜਾਖੜ ਪ੍ਰਧਾਨ ਰਹਿਣਗੇ ਤਾਂ ਉਹ ਉਹਨਾਂ ਨਾਲ ਮਿਲਕੇ ਕੰਮ ਕਰਨਗੇ। ਹਰਜੀਤ ਗਰੇਵਾਲ ਨੇ ਦਾਅਵਾ ਕੀਤਾ ਕਿ ਜਾਖੜ ਭਾਜਪਾ ਦੇ ਨਾਲ ਹੀ ਰਹਿਣਗੇ। ਉਹਨਾਂ ਕਿਹਾ ਕਿ ਪ੍ਰਧਾਨ ਬਾਰੇ ਕਈ ਵਾਰ ਵਰਕਰ ਜਲਦਬਾਜ਼ੀ ਕਰ ਜਾਂਦੇ ਹਨ।
ਬਿੱਟੂ ਦੇ ਪ੍ਰਧਾਨ ਬਣਨ ਨਾਲ ਮਾਹੌਲ ਹੋਵੇਗਾ ਖ਼ਰਾਬ- ਵੇਰਕਾ
ਸਾਬਕਾ ਕੈਬਨਿਟ ਮੰਤਰੀ ਅਤੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੇਕਰ ਭਾਜਪਾ ਰਵਨੀਤ ਬਿੱਟੂ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕਰਦੀ ਹੈ ਤਾਂ ਇਸ ਨਾਲ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਨੁਕਸਾਨ ਹੋਵੇਗਾ। ਵੇਰਕਾ ਨੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਬਿੱਟੂ ਨੈਗਟਿਵ ਵਿਅਕਤੀ ਹਨ। ਉਹ ਨਫਰਤੀ ਗੱਲਾਂ ਕਰਦੇ ਹਨ। ਜਿਸ ਕਰਕੇ ਬਿੱਟੂ ਨੂੰ ਪ੍ਰਧਾਨ ਨਹੀਂ ਲਗਾਇਆ ਜਾਣਾ ਚਾਹੀਦਾ।
ਲੋਕ ਸਭਾ ਚੋਣ ਹਾਰ ਗਏ ਸਨ ਬਿੱਟੂ
2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਕਾਂਗਰਸ ਨੂੰ ਅਲਵਿਦਾ ਕਹਿਕੇ ਭਾਜਪਾ ਦਾ ਪੱਲਾ ਫੜ੍ਹ ਲਿਆ ਸੀ। ਜਿਸ ਤੋਂ ਬਾਅਦ ਚੋਣਾਂ ਵਿੱਚ ਲੁਧਿਆਣਾ ਤੋਂ ਬਿੱਟੂ ਖਿਲਾਫ਼ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਜਿੱਥੇ ਬਿੱਟੂ ਨੂੰ ਵੜਿੰਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਬਿੱਟੂ ਨੂੰ ਕੇਂਦਰ ਸਰਕਾਰ ਵਿੱਚ ਕੇਂਦਰੀ ਰਾਜ ਮੰਤਰੀ ਬਣਾਇਆ ਗਿਆ ਸੀ।