HomeDesh2027 ‘ਚ Dhuri ਹਲਕੇ ਤੋਂ ਚੋਣ ਲੜਨਗੇ CM Bhagwant Mann , ਪਹਿਲੀ...
2027 ‘ਚ Dhuri ਹਲਕੇ ਤੋਂ ਚੋਣ ਲੜਨਗੇ CM Bhagwant Mann , ਪਹਿਲੀ ਲਿਸਟ ਵਿੱਚ ਨਾਮ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੋਣ ਕਾਰਨ 2027 ਦੀਆਂ ਚੋਣਾਂ ਵਿੱਚ ਧੂਰੀ ਸੀਟ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਰਹੇਗੀ।
ਆਮ ਆਦਮੀ ਪਾਰਟੀ (AAP) ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੁੜ ਧੂਰੀ ਹਲਕੇ ਤੋਂ ਹੀ ਚੋਣ ਲੜਨਗੇ। ਪਾਰਟੀ ਦੀ ਪਾਰਲੀਮੈਂਟਰੀ ਅਫੇਅਰਜ਼ ਕਮੇਟੀ (PAC) ਦੀ ਦਿੱਲੀ ਵਿੱਚ ਹੋਈ ਅਹਿਮ ਮੀਟਿੰਗ ਤੋਂ ਬਾਅਦ ਅੱਜ ਯਾਨੀ 31 ਅਕਤੂਬਰ 2026 ਇਹ ਸੂਚੀ ਰਸਮੀ ਤੌਰ ‘ਤੇ ਜਾਰੀ ਕੀਤੀ ਗਈ ਹੈ।
ਧੂਰੀ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਗੜ੍ਹ
ਸੰਗਰੂਰ ਜ਼ਿਲ੍ਹੇ ਦੀ ਧੂਰੀ ਸੀਟ ਪੰਜਾਬ ਦੀ ਸਿਆਸਤ ਵਿੱਚ ਖਾਸ ਮਹੱਤਵ ਰੱਖਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਨ ਸਭਾ ਹਲਕਾ ਹੋਣ ਕਾਰਨ 2027 ਦੀਆਂ ਚੋਣਾਂ ਵਿੱਚ ਇਸ ਸੀਟ ‘ਤੇ ਸਾਰੀਆਂ ਸਿਆਸੀ ਪਾਰਟੀਆਂ ਦੀ ਨਜ਼ਰ ਰਹੇਗੀ। ਧੂਰੀ ਵਿਧਾਨ ਸਭਾ ਹਲਕਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਅਧੀਨ ਆਉਂਦਾ ਹੈ। ਇਹ ਸੀਟ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਹੋਰ ਵੀ ਚਰਚਿਤ ਹੋ ਗਈ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਚੋਣ ਲੜਨ ਵਾਲੇ ਭਗਵੰਤ ਮਾਨ ਨੇ ਧੂਰੀ ਤੋਂ ਵੱਡੀ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ 58,206 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
ਇਸ ਤੋਂ ਪਹਿਲਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਦਲਵੀਰ ਸਿੰਘ ਗੋਲਡੀ ਨੇ ਧੂਰੀ ਸੀਟ ਜਿੱਤੀ ਸੀ, ਜਦਕਿ 2012 ਵਿੱਚ ਅਰਵਿੰਦ ਖੰਨਾ ਇੱਥੋਂ ਵਿਧਾਇਕ ਬਣੇ ਸਨ। ਇਸ ਤਰ੍ਹਾਂ ਧੂਰੀ ਵਿੱਚ ਵੱਖ-ਵੱਖ ਪਾਰਟੀਆਂ ਦੀ ਸਿਆਸੀ ਪਕੜ ਦੇਖਣ ਨੂੰ ਮਿਲਦੀ ਰਹੀ ਹੈ। ਹੁਣ 2027 ਦੀਆਂ ਚੋਣਾਂ ਨੂੰ ਲੈ ਕੇ ਧੂਰੀ ਮੁੜ ਸੁਰਖੀਆਂ ਵਿੱਚ ਹੈ। 31 ਅਕਤੂਬਰ 2026 ਨੂੰ ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਭਗਵੰਤ ਮਾਨ ਨੂੰ ਮੁੜ ਧੂਰੀ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਹੈ।
ਦਿਲਚਸਪ ਹੋਵੇਗਾ ਧੂਰੀ ਦਾ ਚੋਣ ਮੁਕਾਬਲਾ
ਦੂਜੇ ਪਾਸੇ, ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਧੂਰੀ ਤੋਂ ਚੋਣ ਲੜਾਉਣ ਦੀ ਸੰਭਾਵਨਾ ਵੀ ਚਰਚਾ ਵਿੱਚ ਰਹੀ ਹੈ। ਹਾਲਾਂਕਿ ਇਸ ਬਾਰੇ ਅੰਤਿਮ ਐਲਾਨ ਨਹੀਂ ਹੋਇਆ। ਅਜਿਹੇ ਵਿੱਚ 2027 ਦੀਆਂ ਚੋਣਾਂ ਦੌਰਾਨ ਧੂਰੀ ਵਿੱਚ ਸਿਆਸੀ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਹੈ।