ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਹਰਸ਼ਦੀਪ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ।
ਸਥਾਨਕ ਸਮਰਾਲਾ ਰੋਡ ’ਤੇ ਵਾਪਰੇ ਦਰਦਨਾਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਦੀ ਮੌਤ ਹੋ ਗਈ। ਦੋਵੇਂ ਚੰਗੇ ਦੋਸਤ ਸਨ।
ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਮਰਾਲਾ ਵਲੋਂ ਮਾਛੀਵਾਡ਼ਾ ਵੱਲ ਨੂੰ ਆ ਰਹੇ ਸਨ। ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਪਤਾ ਚੱਲਿਆ ਹੈ ਕਿ ਅਣਪਛਾਤੇ ਵਾਹਨ ਨੇ ਉਨ੍ਹਾਂ ਦੇ ਮੋਟਰਸਾਈਕਲ ਫੇਟ ਮਾਰੀ ਜਿਸ ਕਾਰਨ ਦੋਵੇਂ ਨੌਜਵਾਨ ਸੜਕ ’ਤੇ ਡਿੱਗ ਪਏ ਤੇ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਅੱਜ ਤੜਕੇ ਇਨ੍ਹਾਂ ਦੋਵਾਂ ਨੂੰ ਡਿੱਗਿਆ ਦੇਖ ਕੇ ਰਾਹਗੀਰਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਹਰਸ਼ਦੀਪ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੌਜਵਾਨ ਹਰਸ਼ਦੀਪ ਸਿੰਘ ਵਿਆਹਿਆ ਹੋਇਆ ਸੀ ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ। ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ਵਿਚ ਵੀ ਸੋਗ ਦੀ ਲਹਿਰ ਛਾਈ ਹੋਈ ਸੀ।





