ਸ਼੍ਰੀ ਅਮਰਨਾਥ ਯਾਤਰਾ ਮਾਰਗ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 400 ਸੀਸੀਟੀਵੀ ਕੈਮਰੇ, ਆਧੁਨਿਕ ਫੇਸ ਰਿਕਗਨੀਸ਼ਨ ਕੈਮਰੇ ਅਤੇ ਸੰਵੇਦਨਸ਼ੀਲ ਥਾਵਾਂ ‘ਤੇ 28 ਵਾਚ ਟਾਵਰ ਸਥਾਪਿਤ ਕੀਤੇ ਗਏ ਹਨ।
ਸ਼੍ਰੀ ਅਮਰਨਾਥ ਯਾਤਰਾ ਮਾਰਗ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 400 ਸੀਸੀਟੀਵੀ ਕੈਮਰੇ, ਆਧੁਨਿਕ ਫੇਸ ਰਿਕਗਨੀਸ਼ਨ (ਚਿਹਰਾ ਪਛਾਣਨ ਵਾਲੇ) ਕੈਮਰੇ ਅਤੇ ਸੰਵੇਦਨਸ਼ੀਲ ਥਾਵਾਂ ‘ਤੇ 28 ਵਾਚ ਟਾਵਰ ਸਥਾਪਿਤ ਕੀਤੇ ਗਏ ਹਨ।ਅਨੰਤਨਾਗ ਦੇ ਐੱਸ.ਐੱਸ.ਪੀ. ਅਮੋਦ ਨਾਗਪੁਰੇ ਨੇ ਕਿਹਾ ਕਿ ਦੱਖਣੀ ਕਸ਼ਮੀਰ ਵਿੱਚ ਯਾਤਰਾ ਮਾਰਗ ‘ਤੇ ਅਗਲੇ ਕੁਝ ਦਿਨਾਂ ਵਿੱਚ ਸੁਰੱਖਿਆ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਯਾਤਰਾ ਮਾਰਗ ਅਤੇ ਅਧਾਰ ਕੈਂਪਾਂ ਵਿੱਚ 400 ਤੋਂ ਵੱਧ ਸੀਸੀਟੀਵੀ ਕੈਮਰੇ, ਫੇਸ ਰਿਕਗਨੀਸ਼ਨ ਤਕਨੀਕ, ਉੱਚੇ ਬੰਕਰ ਅਤੇ ਵਿਸ਼ੇਸ਼ ਸੁਰੱਖਿਆ ਇਕਾਈਆਂ ਤਾਇਨਾਤ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਫੇਸ ਰਿਕਗਨੀਸ਼ਨ ਤਕਨੀਕ ਵਾਲੇ ਕੈਮਰੇ ਪਿਛਲੇ ਸਾਲ ਪਹਿਲੀ ਵਾਰ ਵਰਤੇ ਗਏ ਸਨ, ਪਰ ਇਸ ਵਾਰ ਇਹ ਪਹਿਲਾਂ ਨਾਲੋਂ ਕਿਤੇ ਵੱਧ ਆਧੁਨਿਕ ਹਨ ਅਤੇ ਇਨ੍ਹਾਂ ਦੇ ਡੇਟਾ ਬੇਸ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਹ ਕੈਮਰੇ ਚਿਹਰੇ ਦਾ ਇੱਕ ਡਿਜੀਟਲ ਨਕਸ਼ਾ ਬਣਾ ਕੇ ਉਸ ਨੂੰ ਪਹਿਲਾਂ ਤੋਂ ਮੌਜੂਦ ਡੇਟਾਬੇਸ ਨਾਲ ਮਿਲਾਉਂਦੇ ਹਨ। ਇਸ ਨਾਲ ਸ਼ਰਾਰਤੀ/ਅਸਮਾਜਿਕ ਅਨਸਰਾਂ ਦੀ ਪਛਾਣ ਕਰਨਾ ਸੰਭਵ ਹੁੰਦਾ ਹੈ।
ਯਾਤਰਾ ਮਾਰਗ ‘ਤੇ ਚਿੰਨ੍ਹਿਤ ਥਾਵਾਂ ‘ਤੇ ਸ਼ਾਰਪ ਸ਼ੂਟਰ ਤਾਇਨਾਤ ਕੀਤੇ ਜਾ ਰਹੇ ਹਨ ਅਤੇ ਵਾਚ ਟਾਵਰਾਂ ਦੀ ਗਿਣਤੀ ਵੀ ਵਧਾਈ ਗਈ ਹੈ। ਵੱਖ-ਵੱਖ ਥਾਵਾਂ ‘ਤੇ ਮੌਕ ਡਰਿੱਲ ਵੀ ਕਰਵਾਈਆਂ ਜਾ ਰਹੀਆਂ ਹਨ। ਯਾਤਰਾ ਮਾਰਗ ਅਤੇ ਅਧਾਰ ਕੈਂਪਾਂ ‘ਤੇ ਰੇਹੜੀ-ਫੜੀ ਵਾਲੇ ਹੋਣ ਜਾਂ ਕੋਈ ਹੋਰ ਸੇਵਾ ਪ੍ਰਦਾਤਾ , ਉੱਥੇ ਸਿਰਫ਼ ਉਹੀ ਪਹੁੰਚ ਸਕਣਗੇ, ਜਿਨ੍ਹਾਂ ਕੋਲ ਕਿਊਆਰ ਕੋਡ ਆਧਾਰਿਤ ਪਛਾਣ-ਪੱਤਰ ਹੋਵੇਗਾ।