ਮੌਜੂਦਾ ਸਮੇਂ ’ਚ ਉਨ੍ਹਾਂ ਦਾ ਪੁੱਤਰ ਮਹਿੰਦਰ ਭਗਤ ਆਮ ਆਦਮੀ ਪਾਰਟੀ ਜਲੰਧਰ ਵੈਸਟ ਦਾ ਹਲਕਾ ਇੰਚਾਰਜ ਹੈ ਤੇ ਰਾਜਨੀਤੀ ’ਚ ਸਰਗਰਮ ਤੌਰ ’ਤੇ ਜਨਤਾ ਦੀ ਸੇਵਾ ਕਰ ਰਿਹਾ ਹੈ…
ਸਾਬਕਾ ਕੈਬਨਿਟ ਮੰਤਰੀ ਭਗਤ ਚੂਨੀ ਲਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਫੋਟੋ ਭਾਜਪਾ ਦੇ ਉਮੀਦਵਾਰ ਨਾਲ ਲਗਾਈ ਜਾ ਰਹੀ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਫੋਟੋ ਫਲੈਕਸ ਬੋਰਡ ਜਾਂ ਪੋਸਟਰ ’ਤੇ ਨਾ ਲਗਾਏ। ਜੋ ਵੀ ਉਨ੍ਹਾਂ ਨੂੰ ਪੁੱਛੇ ਬਿਨਾਂ ਫੋਟੋ ਲਗਾ ਰਹੇ ਹਨ, ਉਹ ਗਲਤ ਹੈ। ਉਨ੍ਹਾਂ ਦੀ ਹੁਣ ਉਮਰ 92 ਸਾਲ ਦੀ ਹੈ ਤੇ ਉਹ ਸਿਆਸਤ ਤੋਂ ਸੰਨਿਆਸ ਲੈ ਚੁੱਕੇ ਹਨ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਲਈ ਕੋਈ ਵੀ ਉਮੀਦਵਾਰ ਆਪਣੇ ਬੋਰਡ ਜਾਂ ਫਲੈਕਸ ’ਤੇ ਉਨ੍ਹਾਂ ਦੀ ਫੋਟੋ ਨਾ ਲਗਾਏ। ਭਗਤ ਚੂਨੀ ਲਾਲ ਨੇ ਕਿਹਾ ਕਿ ਭਾਜਪਾ ਸੰਗਠਨ ਦੇ ਕੁਝ ਲੋਕ ਤੇ ਕੌਂਸਲਰ ਉਨ੍ਹਾਂ ਦੇ ਪੁੱਤਰ ਮਹਿੰਦਰ ਭਗਤ ਨੂੰ ਚੋਣਾਂ ਦੌਰਾਨ ਹਰਾਉਣ ਲਈ ਰਾਤ ਨੂੰ ਦੂਸਰੀਆਂ ਪਾਰਟੀਆਂ ਲਈ ਕੰਮ ਕਰਦੇ ਸਨ ਤੇ ਦਿਨ ਵੇਲੇ ਭਾਜਪਾ ਦੇ ਨਾਲ ਹੁੰਦੇ ਸਨ। ਸਾਡੇ ਸਮੇਂ ਰਾਜਨੀਤੀ ’ਚ ਅਜਿਹਾ ਨਹੀਂ ਹੁੰਦਾ ਸੀ, ਜੋ ਹੁਣ ਹੋ ਰਿਹਾ ਹੈ। ਭਗਤ ਚੂਨੀ ਲਾਲ ਨੇ ਕਿਹਾ ਕਿ ਸਾਡਾ ਪਰਿਵਾਰ ਲੋਕਾਂ ਲਈ ਇਕ ਮਿਸਾਲ ਹੈ, ਅਸੀਂ ਸਾਰੇ ਇਕ ਹਾਂ ਪਰ ਦੂਸਰੀਆਂ ਪਾਰਟੀਆਂ ਦੇ ਆਗੂ ਉਨ੍ਹਾਂ ਦੀ ਫੋਟੋ ਦਾ ਇਸਤੇਮਾਲ ਕਰ ਸਾਡੇ ਪਰਿਵਾਰ ਨੂੰ ਵੰਡਣ ਦਾ ਕੰਮ ਕਰ ਰਹੇ ਹਨ ਪਰ ਅਜਿਹਾ ਕਦੀ ਵੀ ਨਹੀਂ ਹੋਵੇਗਾ। ਮੌਜੂਦਾ ਸਮੇਂ ’ਚ ਉਨ੍ਹਾਂ ਦਾ ਪੁੱਤਰ ਮਹਿੰਦਰ ਭਗਤ ਆਮ ਆਦਮੀ ਪਾਰਟੀ ਜਲੰਧਰ ਵੈਸਟ ਦਾ ਹਲਕਾ ਇੰਚਾਰਜ ਹੈ ਤੇ ਰਾਜਨੀਤੀ ’ਚ ਸਰਗਰਮ ਤੌਰ ’ਤੇ ਜਨਤਾ ਦੀ ਸੇਵਾ ਕਰ ਰਿਹਾ ਹੈ।





