ਸਥਾਨਕ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਅਤੇ ਦਸਵੀਂ ਦੀ ਪ੍ਰਬੰਧਕੀ ਕਮੇਟੀ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿਚ ਗੁਰਦੁਆਰਾ ਸਾਹਿਬ ਤੋਂ ਸਵੇਰੇ ਆਰੰਭ ਹੋਇਆ, ਜਿਸ ਦੌਰਾਨ ਸੰਗਤ ਨੇ ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ‘ਚ ਸਵਾਰ ਹੋ ਕੇ ਅਤੇ ਪੈਦਲ ਚੱਲ ਕੇ ਨਗਰ ਕੀਰਤਨ ਵਿਚ ਭਾਰੀ ਉਤਸ਼ਾਹ ਨਾਲ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਨਗਰ ਦੀ ਪਰਿਕਰਮਾ ਕਰਦਾ ਹੋਇਆ ਵੱਖ-ਵੱਖ ਪੜਾਵਾਂ ‘ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ਦਾ ਹੋਇਆ ਸੰਪੰਨ ਹੋਇਆ। ਸ਼ਹਿਰ ਦੀ ਖਾਨਾ ਪੱਤੀ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੁਰਜੀਤ ਨਗਰ, ਮੇਨ ਬਾਜ਼ਾਰ ਭਾਈ ਬਹਿਲੋ ਚੌਕ, ਤਿੰਨ ਕੋਣੀ, ਕੋਠੇ ਸੂਏ ਵਾਲੇ, ਕੋਠੇ ਭਾਈਆਣਾ, ਸੇਲਵਰਾ ਪੱਤੀ, ਫਫੜਾ ਪੱਤੀ, ਭਗਤਾ ਪੱਤੀ ਅਤੇ ਕੇਸਰ ਵਾਲਾ ਮੋੜ ਆਦਿ ਤੇ ਸੰਗਤਾਂ ਦਰਸਨ ਬਖਸ਼ਦਾ ਹੋਇਆ ਦੇਰ ਰਾਤ ਗੁਰਦੁਆਰਾ ਸਾਹਿਬ ਵਿਖੇ ਸੰਪੂਰਨ ਹੋਇਆ। ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਵੱਲੋਂ ਰਸਭਿੰਨਾ ਕੀਰਤਨ ਗਾਇਨ ਕੀਤਾ ਗਿਆ। ਕਵੀਸ਼ਰ ਅਤੇ ਢਾਡੀ ਜਥੇ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਇਲਾਵਾ, ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ। ਰਸਤੇ ਵਿਚ ਥਾਂ-ਥਾਂ ‘ਤੇ ਸੰਗਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿਚ ਸ਼ਾਮਲ ਸੰਗਤਾਂ ਲਈ ਚਾਹ, ਪਕੌੜਿਆ ਤੇ ਬਿਸਕੁਟਾਂ ਦੇ ਲੰਗਰ ਲਗਾਏ ਗਏ। ਇਸ ਮੌਕੇ ਨਗਰ ਕੀਰਤਨ ਦਾ ਲੰਘਣ ਵਾਲੇ ਰਸਤਿਆਂ ਦੀ ਸਫਾਈ ਸਤਿਕਾਰ ਕਮੇਟੀ ਭਗਤਾ ਭਾਈ ਵੱਲੋਂ ਕੀਤੀ ਗਈ ਅਤੇ ਕਲੀ ਅਤੇ ਰੰਗ ਪਾ ਕੇ ਸਜਾਵਟ ਕੀਤੀ ਗਈ। ਇਸ ਮੌਕੇ ਵੱਡੀ ਗਿਣਤੀ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ਼ਮਸ਼ੇਰ ਸਿੰਘ ਚੱਠਾ ਵੱਲੋਂ ਸਮੂਹ ਨਗਰ ਨਿਵਾਸੀਆਂ ਦਾ ਵੱਡੀ ਪੱਧਰ ਤੇ ਸਹਿਯੋਗ ਕਰਨ ਤੇ ਧੰਨਵਾਦ ਕੀਤਾ।