ਲੋਕਤੰਤਰੀ ਪ੍ਰਣਾਲੀ ’ਚ ਕਿਸੇ ਦਾ ਸੰਸਦ ਮੈਂਬਰ ਚੁਣਿਆ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਦੇਸ਼ ਦੀ ਪਾਰਲੀਮੈਂਟ ’ਚ ਪਹੁੰਚ ਕੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਨੀ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ ਪਰ ਜਦ ਕਿਸੇ ਸੰਸਦ ਮੈਂਬਰ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕਰ ਕੇ ਉਸ ਨੂੰ ਦੇਸ਼ ਦੇ ਵਿਕਾਸ ਦੀ ਇਕ ਅਹਿਮ ਜ਼ਿੰਮੇਦਾਰੀ ਸੌਂਪੀ ਜਾਦੀ ਹੈ ਤਾਂ ਉਸ ਨੂੰ ਜਿਤਾਉਣ ਵਾਲੇ ਲੋਕ ਸਭ ਤੋਂ ਵੱਧ ਮਾਣ ਮਹਿਸੂਸ ਕਰਦੇ ਹਨ।
ਲੋਕਤੰਤਰੀ ਪ੍ਰਣਾਲੀ ’ਚ ਕਿਸੇ ਦਾ ਸੰਸਦ ਮੈਂਬਰ ਚੁਣਿਆ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਦੇਸ਼ ਦੀ ਪਾਰਲੀਮੈਂਟ ’ਚ ਪਹੁੰਚ ਕੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਨੀ ਅਤੇ ਉਸ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ ਪਰ ਜਦ ਕਿਸੇ ਸੰਸਦ ਮੈਂਬਰ ਨੂੰ ਕੇਂਦਰੀ ਮੰਤਰੀ ਮੰਡਲ ’ਚ ਸ਼ਾਮਲ ਕਰ ਕੇ ਉਸ ਨੂੰ ਦੇਸ਼ ਦੇ ਵਿਕਾਸ ਦੀ ਇਕ ਅਹਿਮ ਜ਼ਿੰਮੇਦਾਰੀ ਸੌਂਪੀ ਜਾਦੀ ਹੈ ਤਾਂ ਉਸ ਨੂੰ ਜਿਤਾਉਣ ਵਾਲੇ ਲੋਕ ਸਭ ਤੋਂ ਵੱਧ ਮਾਣ ਮਹਿਸੂਸ ਕਰਦੇ ਹਨ।
ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇਕ ਪਿਛੜੇ ਜ਼ਿਲ੍ਹੇ ਵੱਜੋ ਜਾਣਿਆ ਜਾਂਦਾ ਹੈ। ਪਾਕਿ ਦੀ ਕੌਮਾਂਤਰੀ ਸਰਹੱਦ ਨਾਲ ਜੁੜਿਆ ਹੋਣ ਕਾਰਨ ਇਸ ਜ਼ਿਲ੍ਹੇ ਨੂੰ ਵਿਕਾਸ ਦਾ ਬੂਰ ਨਹੀਂ ਪਿਆ ਪਰ ਸਿਆਸਤ ’ਚ ਗੁਰਦਾਸਪੁਰ ਮਾਣਮੱਤੀ ਭੂਮਿਕਾ ਨਿਭਾਉਂਦਾ ਰਿਹਾ ਹੈ, ਚਾਹੇ ਉਹ ਭੂਮਿਕਾ ਪੰਜਾਬ ਦੀ ਸਿਆਸਤ ’ਚ ਹੋਵੇ ਜਾਂ ਕੇਂਦਰੀ ਸਿਆਸਤ ’ਚ। ਇਸ ਪਿਛੜੇ ਹਲਕੇ ਨੇ ਕੇਂਦਰ ਸਰਕਾਰ ਨੂੰ ਹੁਣ ਤੱਕ ਤਿੰਨ ਮੰਤਰੀ ਦਿੱਤੇ ਹਨ। ਇਨ੍ਹਾਂ ਵਿੱਚ ਕਾਂਗਰਸ ਦੀ ਸ਼੍ਰੀਮਤੀ ਸੁਖਬੰਸ ਕੌਰ ਭਿੰਡਰ ਦਾ ਦੇਹਾਂਤ ਹੋ ਚੁੱਕਾ ਹੈ। ਇਸੇ ਤਰ੍ਹਾਂ ਭਾਜਪਾ ਦੇ ਸਟਾਰ ਚਿਹਰੇ ਵਿਨੋਦ ਖੰਨਾ ਵੀ ਅਲਵਿਦਾ ਆਖ ਚੁੱਕੇ ਹਨ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਹੇ ਅਸ਼ਵਨੀ ਕੁਮਾਰ ਕਾਂਗਰਸ ਤੋਂ ਹੀ ਅਸਤੀਫਾ ਦੇ ਚੁੱਕੇ ਹਨ।
ਫਿਲਮ ਸਟਾਰ ਵਿਨੋਦ ਖੰਨਾ ਨੇ ਆਪਣਾ ਸਿਆਸੀ ਸਫਰ 1998 ’ਚ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਮੁੜ ਕੇ ਨਹੀਂ ਦੇਖਿਆ। ਵਿਨੋਦ ਖੰਨਾ ਨੇ 1998 ਦੀਆਂ ਆਮ ਚੋਣਾਂ ’ਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਜੇਤੂ ਰੱਥ ਰੋਕਿਆ। ਉਸ ਤੋਂ ਬਾਅਦ ਉਨ੍ਹਾਂ 1999 ਅਤੇ 2004 ’ਚ ਚੋਣਾਂ ਜਿੱਤਦਿਆਂ ਜਿੱਤ ਦੀ ਹੈਟ੍ਰਿਕ ਬਣਾਈ। 2009 ’ਚ ਕਾਂਗਰਸ ਦੇ ਪ੍ਰਤਾਪ ਬਾਜਵਾ ਤੋਂ ਹਾਰਨ ਤੋਂ ਬਾਅਦ ਮੁੜ 2014 ’ਚ ਵਿਨੋਦ ਖੰਨਾ ਨੇ ਜਿੱਤ ਦਰਜ ਕੀਤੀ। ਅਟਲ ਬਿਹਾਰੀ ਵਾਜਪਾਈ ਵਿਨੋਦ ਖੰਨਾ ਦੀ ਸ਼ਖਸੀਅਤ ਤੋਂ ਕਾਫੀ ਪ੍ਰਭਾਵਿਤ ਸਨ। 2002 ’ਚ ਵਾਜਪਾਈ ਸਰਕਾਰ ਸਮੇਂ ਵਿਨੋਦ ਖੰਨਾ ਨੂੰ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ। ਉਨ੍ਹਾਂ ਦੇ ਕੰਮਕਾਜ ਤੋਂ ਪ੍ਰਭਾਵਿਤ ਹੋ ਕੇ 6 ਮਹੀਨੇ ਬਾਅਦ ਹੀ ਉਨ੍ਹਾਂ ਨੂੰ ਤਰੱਕੀ ਦਿੰਦਿਆ ਵਿਦੇਸ਼ ਮਾਮਲਿਆਂ ਦੀ ਬੇਹੱਦ ਅਜਿਮ ਜ਼ਿੰਮੇਵਾਰੀ ਵੀ ਸੌਂਪੀ ਗਈ। 2017 ਸੰਸਦ ਮੈਂਬਰ ਰਹਿੰਦਿਆ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਕਾਂਗਰਸ ਦੀ ਸਿਰਕੱਢ ਮਹਿਲਾ ਆਗੂ ਮਰਹੂਮ ਸੁਖਬੰਸ ਕੌਰ ਭਿੰਡਰ 2014 ’ਚ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ ਅਤੇ ਅਗਲੀਆਂ ਪੰਜ ਲੋਕ ਸਭਾ ਚੋਣਾਂ ਤੱਕ ਉਨ੍ਹਾਂ ਦਾ ਜੇਤੂ ਰੱਥ ਕੋਈ ਨਹੀਂ ਰੋਕ ਸਕਿਆ। 1998 ’ਚ ਉਹ ਭਾਜਪਾ ਦੇ ਵਿਨੋਦ ਖੰਨਾ ਤੋਂ ਹਾਰ ਗਏ ਪਰ ਕਾਂਗਰਸ ਲੀਡਰਸ਼ਿਪ ਨੇ 2005 ’ਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਭਿੰਡਰ ਨੇ ਬਤੌਰ ਮਹਿਲਾ ਆਗੂ 6 ਵਾਰ ਸੰਸਦ ਮੈਂਬਰ ਰਹਿ ਕੇ ਦੇਸ਼ ’ਚ ਰਿਕਾਰਡ ਕਾਇਮ ਕੀਤਾ। ਦੇਸ਼ ਦੀ ਸਿਆਸਤ ’ਚ ਸੁਖਬੰਸ ਕੌਰ ਭਿੰਡਰ ਨੇ ਆਪਣਾ ਖਾਸ ਮੁਕਾਮ ਬਣਾਇਆ। ਉਨ੍ਹਾਂ ਨੂੰ 1981-82 ਵਿੱਚ ਦਾਜ ਰੋਕੂ ਐਕਟ 1961 ਦੀ ਸਮੀਖਿਆ ਵਾਲੀ ਜੁਆਇਟ ਕਮੇਟੀ ਦਾ ਮੈਂਬਰ ਥਾਪਿਆ ਗਿਆ। ਭਿੰਡਰ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ 1992 ਵਿੱਚ ਪੀਵੀ ਨਰਸਿਮਹਾ ਰਾਓ ਸਰਕਾਰ ਵਿੱਚ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਅਤੇ ਸੈਰ-ਸਪਾਟਾ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ। 2006 ’ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਕੌਮੀ ਪੱਧਰ ਦੇ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਗੁਰਦਾਸਪੁਰ ਦੇ ਹੀ ਜੰਮਪਲ ਹਨ। ਉਨ੍ਹਾਂ ਦੇ ਪਿਤਾ ਸਵਰਗੀ ਪ੍ਰਬੋਧ ਚੰਦਰ 1971 ਤੋਂ 1977 ਤੱਕ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਰਹੇ। ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਕੁਮਾਰ ਨੇ ਬੇਸ਼ੱਕ ਕਾਂਗਰਸ ਦੀ ਟਿਕਟ ਤੋਂ ਕੋਈ ਲੋਕ ਸਭਾ ਚੋਣ ਨਹੀਂ ਲੜੀ ਪਰ ਸਿਆਸਤ ਦੀ ਡੂੰਘੀ ਸੂਝਬੂਝ ਹੋਣ ਕਾਰਨ ਉਨ੍ਹਾਂ ਨੇ ਦੇਸ਼ ਦੀ ਸਿਆਸਤ ’ਚ ਗੁਰਦਾਸਪੁਰ ਦਾ ਨਾਮ ਚਮਕਾਇਆ। ਬੇਸ਼ੱਕ ਉਹ ਲੋਕ ਸਭਾ ’ਚ ਨਹੀਂ ਪਹੁੰਚ ਸਕੇ ਪਰ ਉਹ ਦੋ ਵਾਰ ਰਾਜ ਸਭਾ ’ਚ ਪਹੁੰਚੇ। ਉਹ 2002 ਤੋਂ 2016 ਤੱਕ ਰਾਜ ਸਭਾ ਦੇ ਮੈਂਬਰ ਰਹੇ। 2009 ’ਚ ਅਸ਼ਵਨੀ ਕੁਮਾਰ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ ’ਚ ਸਨਅਤੀ ਨੀਤੀਆਂ ਮਹਿਕਮੇ ਦਾ ਰਾਜ ਮੰਤਰੀ ਬਣਾਇਆ ਗਿਆ। 2012 ’ਚ ਉਨ੍ਹਾਂ ਨੂੰ ਤਰੱਕੀ ਦੇ ਕੇ ਕੇਂਦਰੀ ਕੈਬਨਿਟ ਮੰਤਰੀ ਦਾ ਦਰਜਾ ਦਿੰਦਿਆਂ ਦੇਸ਼ ਦਾ ਕਾਨੂੰਨ ਮੰਤਰੀ ਬਣਾ ਦਿੱਤਾ ਗਿਆ। ਅਸ਼ਵਨੀ ਕੁਮਾਰ 2009 ਦੀਆਂ ਚੋਣਾਂ ’ਚ ਆਲ ਇੰਡੀਆ ਕਾਂਗਰਸ ਆਈ ਦੇ ਕੌਮੀ ਬੁਲਾਰੇ ਵੀ ਰਹੇ। ਅਸ਼ਵਨੀ ਕੁਮਾਰ ਕਿਸੇ ਸਮੇਂ ਕਾਂਗਰਸ ਦੇ ਰਾਸ਼ਟਰੀ ਆਗੂ ਵੱਜੋਂ ਜਾਣੇ ਜਾਂਦੇ ਸਨ ਪਰ ਉਨ੍ਹਾਂ ਨੇ 2022 ਵਿੱਚ ਕਾਂਗਰਸ ਨਾਲੋਂ ਤੋੜ ਵਿਛੋੜਾ ਕਰ ਲਿਆ ਅਤੇ ਫਿਲਹਾਲ ਕਿਸੇ ਵੀ ਪਾਰਟੀ ਵਿੱਚ ਸਰਗਰਮ ਨਹੀਂ ਹਨ।