ਅਜਿਹੇ ਹਾਲਾਤ ਬਣ ਜਾਣ ਦੀ ਸੂਰਤ ਵਿੱਚ ਪਿੰਡ ਦੇ ਮੋਹਤਬਰ ਮੌਕਾ ਸੰਭਾਲਦੇ ਅਤੇ ਵਿੱਚ ਵਿਚਾਲਾ ਕਰਕੇ ਐਲਾਨ ਕਰ ਦਿੰਦੇ ਕਿ ਬੱਝੀ ਜੰਞ ਸਹੀ ਤਰੀਕੇ ਨਾਲ ਛੁਡਵਾ ਲਈ ਗਈ ਹੈ ਅਤੇ ਬਰਾਤੀਆਂ ਨੂੰ ਖਾਣਾ ਖਾਣ ਦੀ ਬੇਨਤੀ ਕਰਦੇ। ਜੰਞ ਬੰਨ੍ਹਣ ਅਤੇ ਖੁੱਲ੍ਹਵਾਉਣ ਨੂੰ ਰਾਮ ਯੁੱਗ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ।
ਸਮੇਂ ਦੇ ਬੀਤਣ ਨਾਲ ਸਾਡੇ ਵਿਆਹਾਂ ਸ਼ਾਦੀਆਂ ਵਿਚ ਨਿਭਾਈਆਂ ਜਾਣ ਵਾਲੀਆਂ ਬਹੁਤ ਸਾਰੀਆਂ ਰਸਮਾਂ ਜਾਂ ਤਾਂ ਖ਼ਤਮ ਹੋ ਚੁੱਕੀਆਂ ਹਨ ਜਾਂ ਕਹਿ ਸਕਦੇ ਹਾਂ ਕਿ ਆਪਣੇ ਆਖ਼ਰੀ ਸਾਹਾਂ ’ਤੇ ਹਨ। ਅਜਿਹੀਆਂ ਹੀ ਰਸਮਾਂ ਵਿੱਚੋਂ ਇੱਕ ਹੈ, ਵਿਆਹ ਵਿੱਚ ਜੰਞ ਨੂੰ ਬੰਨ੍ਹਣਾ ਅਤੇ ਇਸ ਦਾ ਛੁਡਵਾਇਆ ਜਾਣਾ। ਇਹ ਉਨ੍ਹਾਂ ਵੇਲਿਆਂ ਦੀ ਗੱਲ ਹੈ ਜਦੋਂ ਬਰਾਤ ਦੀ ਠਹਿਰ ਦੋ ਤਿੰਨ ਦਿਨ ਦੀ ਹੁੰਦੀ ਸੀ। ਜਦੋਂ ਬਰਾਤ ਵਿਆਹੁਲੀ ਲੜਕੀ ਦੇ ਘਰ ਰੋਟੀ ਖਾਣ ਜਾਂਦੀ, ਬਰਾਤ ਨੂੰ ਭੁੰਜੇ ਵਿਛਾਏ ਖੇਸਾਂ ਉੱਤੇ ਬਹਾਇਆ ਜਾਂਦਾ ਸੀ ਜਿਨ੍ਹਾਂ ਨੂੰ ਕੋਰੇ ਕਿਹਾ ਕਰਦੇ ਸਨ। ਕੋਰੇ ਇਸ ਲਈ ਕਿਉਂਕਿ ਇਹ ਖੇਸ ਕੋਰੇ (ਅਣਲੱਗ) ਯਾਨੀ ਕਿ ਪਹਿਲੀ ਵਾਰ ਵਰਤੋਂ ਵਿੱਚ ਲਿਆਂਦੇ ਗਏ ਹੁੰਦੇ ਸਨ। ਸ਼ਰੀਕੇ ਕਬੀਲੇ ਦੇ ਨੌਜਵਾਨ ਮੁੰਡੇ , ਜਿਨ੍ਹਾਂ ਨੂੰ ਪ੍ਰੀਹੇ ਕਿਹਾ ਕਰਦੇ ਸਨ, ਬਰਾਤੀਆਂ ਨੂੰ ਅੰਨ-ਪਾਣੀ ਵਰਤਾਉਂਦੇ।
ਪਿੰਡ ਦੀਆਂ ਕੁੜੀਆਂ ਬੁੜ੍ਹੀਆਂ ਕੋਠਿਆਂ ਦੇ ਬਨੇਰਿਆਂ ’ਤੇ ਬੈਠ ਕੇ ਬਰਾਤੀਆਂ ਨੂੰ ਗੀਤਾਂ ਸਿੱਠਣੀਆਂ ਰਾਹੀਂ ਠੱਠਾ ਮਖੌਲ ਕਰਦੀਆਂ ਰਹਿੰਦੀਆਂ। ਇਸੇ ਦਰਮਿਆਨ ਹੀ ਕੁੜੀ ਵਾਲੀਆਂ ਦੀ ਸਾਈਡ ਤੋਂ ਕੋਈ ਚੁਲਬੁਲੀ ਮੇਲਣ ਜਾਂ ਲਾੜੀ ਦੀ ਸਹੇਲੀ ਇੱਕ ਗੀਤ ਰਾਹੀਂ ਜੰਞ ਨੂੰ ਖਾਣਾ ਖਾਣ ਤੋਂ ਪਹਿਲਾਂ ਬੰਨ੍ਹ ਦਿੰਦੀ । ਪੱਤਿਆਂ ਦੀ ਬਣੀ ਹੋਈ ਓਹ ਪੱਤਲ ਜਿਸ ਉੱਪਰ ਖਾਣਾ ਪਰੋਸਿਆ ਜਾਂਦਾ ਸੀ, ਨੂੰ ਜੰਞ ਕਿਹਾ ਜਾਂਦਾ ਸੀ। ਜੰਞ ਨੂੰ ਬੰਨ੍ਹਣ ਬਾਬਤ ਗੀਤ ਤਾਂ ਬਹੁਤ ਪ੍ਰਚੱਲਤ ਸਨ ਪ੍ਰੰਤੂ ਸਭ ਤੋਂ ਜ਼ਿਆਦਾ ਪ੍ਰਚੱਲਤ ਗੀਤ ਦੀ ਵੰਨਗੀ ਪੇਸ਼ ਹੈ
ਜੰਨ ਖਾਣੇ ਛੱਤੀ ਬੰਨ੍ਹ ’ਤੁ ਬਠਾਇ ਕੇ ਅੱਡੀ, ਚੋਟੀ, ਲੱਕ, ਧੌਣ, ਜਿੰਦੇ ਲਾਇ ਕੇ। ਕੋਟ, ਚੋਗੇ, ਕੁੜ੍ਹਤੇ, ਰੁਮਾਲ ਬੰਨ੍ਹਿਆ
ਪੱਗ, ਸਾਫਾ, ਚੀਰਾ, ਭੋਥਾ ਨਾਲ ਬੰਨ੍ਹਿਆ।… ਲੱਡੂ ਪੇੜਾ ਬਰਫ਼ੀ ਪਤੀਲੇ ਥਾਲੀਆਂ। ਗੜਵੇ ਗਲਾਸ ਬੰਨ੍ਹ ਦਿਆਂ ਪਿਆਲੀਆਂ॥ ਬੰਨ੍ਹਾ ਘਿਉ ਖੰਡ ਵਿੱਚ ਪਾਏ ਥਾਲ ਵੇ। ਬੰਨ੍ਹਾ ਤੇਰੇ ਮਿੱਤਰ ਪਿਆਰੇ ਨਾਲ ਵੇ॥ ਬੰਨ੍ਹਾ ਥੋਡੀ ਮਾਸੀ ਤਿੱਖੇ ਤਿੱਖੇ ਨੈਣ ਵੇ। ਬੰਨ੍ਹਾ ਸੋਡੀ ਭੂਆ ਤੇ ਭਤੀਜੀ ਭੈਣ ਵੇ॥ ਬੰਨ੍ਹ ਦਿਆਂ ਪਤੌੜ ਦੁੱਧ ਦਹੀਂ ਖੀਰ ਵੇ। ਲੰਮੇ ਲੁੰਜੇ ਬੰਨ੍ਹਾਂ ਮਧਰੇ ਸਰੀਰ ਵੇ। ਝਟਕਾ ਸ਼ਰਾਬ ਬੰਨ੍ਹਾਂ ਸਣੇ ਬੋਟਾਂ ਦੇ। ਬੰਨ੍ਹਾਂ ਥੋਡੇ ਬਟੂਏ ਜੋ ਡੱਕੇ ਨੋਟਾਂ ਦੇ॥ ਕੁੜਤੇ ਪਜਾਮੇ ਬੰਨ੍ਹ ਦੇਵਾਂ ਧੋਤੀਆਂ। ਊਠ ਘੋੜੇ ਬੰਨ੍ਹਾਂ ਪਿੰਡ ਦੀਆਂ ਖੋਤੀਆਂ॥ਜੁੱਤੀਆਂ ਜੁਰਾਬਾਂ ਬੰਨ੍ਹ ਦੇਵਾਂ ਬੂਟ ਵੇ । ਕੋਟ ਪਤਲੂਨ ਜੋ ਹੰਢਾਉਂਦੇ ਸੂਟ ਵੇ॥…
ਇੱਕ ਰਵਾਇਤ ਤਹਿਤ, ਜੰਞ ਬੰਨ੍ਹੀ ਤੋਂ ਸਾਰੇ ਬਰਾਤੀ ਖਾਣਾ ਛੱਡ ਕੇ ਬੈਠ ਜਾਂਦੇ ਅਤੇ ਬਰਾਤੀਆਂ ਵਿੱਚੋਂ ਕਿਸੇ ਅਜਿਹੇ ਬਰਾਤੀ ਦੀ ਝਾਕ ਰੱਖੀ ਜਾਂਦੀ ਜਿਸਨੂੰ ਬੱਝੀ ਜੰਞ ਛੁਡਵਾਉਣੀ ਆਉਂਦੀ ਹੋਵੇ । ਫਿਰ ਕੋਈ ਬਰਾਤੀ ਆਪਣੀ ਖਾਣੇ ਵਾਲੀ ਥਾਲੀ ਨੂੰ ਰੁਮਾਲ ਨਾਲ ਢੱਕ ਕੇ ਖੜ੍ਹਾ ਹੋ ਜਾਂਦਾ। ਉਹ ਆਪਣੇ ਨਾਲ ਇੱਕ ਲਾਗੀ ਨੂੰ ਪਾਣੀ ਦੀ ਗੜਬੀ ਫੜਾ ਕੇ ਖੜ੍ਹਾ ਕਰ ਲੈਂਦਾ ਅਤੇ ਆਪਣੇ ਤਰੀਕੇ ਇੱਕ ਗੀਤ ਗਾ ਕੇ ਜੰਞ ਨੂੰ ਛੁਡਵਾਉਂਦਾ। ਹੋਰ ਬਹੁਤ ਸਾਰੇ ਗੀਤਾਂ ਵਿਚੋਂ ਸਭ ਤੋਂ ਜ਼ਿਆਦਾ ਪ੍ਰਚੱਲਤ ਗੀਤ ਹੁੰਦਾ ਸੀ-
ਲਾੜਾ ਛੁਟਿਆ ਨਿਰਾਲਾ, ਫੇਰ ਬਾਲਾ ਸਰਬਾਲਾ, ਉੱਚਾ ਸਿੰਘਾਂ ਦਾ ਦੁਮਾਲਾ, ਮੱਲ ਪੂਰੀ ਬਾਤ ਦੇ…. ਰੱਥ, ਗੱਡੀਆਂ ਸ਼ਿੰਗਾਰਾਂ,
ਲਾਰੀ, ਸਾਈਕਲ ਤੇ ਕਾਰਾਂ, ਛੁੱਟੇ ਸਣੇ ਅਸਵਾਰਾਂ, ਜਾਂਝੀ ਜੀ ਬਰਾਤ ਦੇ। ਲੱਡੂ ਪੇੜਾ ਬਰਫ਼ੀ ਛੁਡਾਵਾਂ ਘਿਉਰ ਨੀ
ਸੱਸ ਤੇ ਪ੍ਰਾਹੁਣਾ ਤੇਰਾ ਬੰਨ੍ਹਾ ਦਿਉਰ ਨੀ। ਛੁਟ ਗਏ ਪਕੌੜੇ, ਸਣੇ ਤੇਲ ਮੱਠੀਆਂ ਬੰਨ੍ਹ ਦੇਵਾਂ ਨਾਰੀਆਂ ਤਮਾਮ ਕੱਠੀਆਂ ।
ਛੁੱਟ ਗਏ ਸ਼ੱਕਰਪਾਰੇ, ਦੁੱਧ ਘਿਉ ਨੀ, ਮਾਤਾ, ਭੈਣ, ਭਾਈ, ਤੇਰਾ ਬੰਨ੍ਹਾ ਪਿਉ ਨੀ। ਛੁੱਟ ਗਏ ਸ਼ਰਾਬ, ਮੁੰਡੇ ਖਾਣ ਝੱਟਕਾ
ਬੰਨ੍ਹਾ ਪਰੀਬੰਦ, ਬਾਲੇ ਲੈਣ ਲਟਕਾ।
ਇੰਝ ਬੱਝੀ ਹੋਈ ਜੰਞ ਛੁਡਵਾ ਲਈ ਜਾਂਦੀ ਸੀ ਅਤੇ ਨਾਲੋਂ ਨਾਲ ਹੀ ਲੜਕੀ ਦੇ ਰਿਸ਼ਤੇਦਾਰਾਂ ਨੂੰ ਬੰਨ੍ਹਣ ਦੀ ਗੱਲ ਕਰ ਦਿੱਤੀ ਜਾਂਦੀ ਸੀ। ਹਾਸੜ ਓਦੋਂ ਮੱਚਦਾ ਜਦੋਂ ਜੰਞ ਛੁਡਵਾਉਣ ਵਾਲਾ ਬਰਾਤੀ ਘੱਟ ਪੜ੍ਹਿਆ ਲਿਖਿਆ ਹੋਣ ਕਾਰਨ ਅੱਧ ਵਿਚਕਾਰੋਂ ਭੁੱਲ ਜਾਂਦਾ। ਅਜਿਹੇ ਹਾਲਾਤ ਬਣ ਜਾਣ ਦੀ ਸੂਰਤ ਵਿੱਚ ਪਿੰਡ ਦੇ ਮੋਹਤਬਰ ਮੌਕਾ ਸੰਭਾਲਦੇ ਅਤੇ ਵਿੱਚ ਵਿਚਾਲਾ ਕਰਕੇ ਐਲਾਨ ਕਰ ਦਿੰਦੇ ਕਿ ਬੱਝੀ ਜੰਞ ਸਹੀ ਤਰੀਕੇ ਨਾਲ ਛੁਡਵਾ ਲਈ ਗਈ ਹੈ ਅਤੇ ਬਰਾਤੀਆਂ ਨੂੰ ਖਾਣਾ ਖਾਣ ਦੀ ਬੇਨਤੀ ਕਰਦੇ। ਜੰਞ ਬੰਨ੍ਹਣ ਅਤੇ ਖੁੱਲ੍ਹਵਾਉਣ ਨੂੰ ਰਾਮ ਯੁੱਗ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ। ਇਸ ਸੰਦਰਭ ਵਿੱਚ ਰਾਮ ਸਿੰਘ ਸਿੱਧੂ ਵੱਲੋਂ ਜੋ ਪੱਤਲ ਦੀ ਰਚਨਾ ਕੀਤੀ ਗਈ ਹੈ ਉਸ ਦੇ ਇੱਕ ਬੰਦ ਵਿੱਚੋਂ ਵੀ ਇਸ ਦੀ ਪ੍ਰਾਚੀਨਤਾ ਦਾ ਸੰਬੰਧ ਉਜਾਗਰ ਹੁੰਦਾ ਹੈ:
ਸੀਤਾ ਵਰੀ ਰਾਮ ਨੇ ਧਨੁਸ਼ ਤੋੜ ਕੇ,
ਉੱਥੇ ਜੰਨ ਬੱਧੀ ਨਾਰੀਆਂ ਨੇ ਜੋੜ ਕੇ ।
ਲਛਮਣ ਜਤੀ ਨੇ ਛਡਾਈ ਜੰਨ ਨੀ,
ਜਨਕਪੁਰੀ ਵਿੱਚ ਹੋ ਗਈ ਧੰਨ ਧੰਨ ਨੀ।
ਅਜੋੋਕੇ ਪੈਲੇਸ ਕਲਚਰ ਨੇ ਜੰਞ ਬੰਨ੍ਹਣ /ਛੁਡਵਾਉਣ ਵਾਲੀ ਇਹ ਦਿਲਚਸਪ ਰਸਮ ਲਗਪਗ ਨਿਗਲ ਹੀ ਲਈ ਹੈ।