‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’, ਤ੍ਰੈਲੋਚਨ ਲੋਚੀ ਦੀ ਕਿੰਨੀ ਸੋਹਣੀ ਗ਼ਜ਼ਲ ਹੈ। ਕੁੜੀਆਂ ਨੇ ਆਪਣੇ ਹੁਨਰ, ਕਾਬਲੀਅਤ ਤੇ ਲਗਨ ਨਾਲ ਕੋਈ ਖੇਤਰ ਅਜਿਹਾ ਨਹੀਂ ਛੱਡਿਆ, ਜਿੱਥੇ ਆਪਣੀ ਕਾਮਯਾਬੀ ਦੇ ਝੰਡੇ ਨਾ ਗੱਡੇ ਹੋਣ। ਕਿਸੇ ਜਮਾਤ ਦਾ ਨਤੀਜਾ ਆਉਣਾ ਹੋਵੇ ਤਾਂ ਪਹਿਲਾਂ ਹੀ ਅੰਦਾਜ਼ਾ ਲੱਗਾ ਹੁੰਦਾ ਕਿ ਮੈਰਿਟ ’ਚ ਤਾਂ ਕੁੜੀਆਂ ਨੇ ਹੀ ਆਉਣੈ।
‘ਜ਼ਾਲਮ ਕਹਿਣ ਬਲਾਵਾਂ ਹੁੰਦੀਆਂ, ਕੁੜੀਆਂ ਤਾਂ ਕਵਿਤਾਵਾਂ ਹੁੰਦੀਆਂ’, ਤ੍ਰੈਲੋਚਨ ਲੋਚੀ ਦੀ ਕਿੰਨੀ ਸੋਹਣੀ ਗ਼ਜ਼ਲ ਹੈ। ਕੁੜੀਆਂ ਨੇ ਆਪਣੇ ਹੁਨਰ, ਕਾਬਲੀਅਤ ਤੇ ਲਗਨ ਨਾਲ ਕੋਈ ਖੇਤਰ ਅਜਿਹਾ ਨਹੀਂ ਛੱਡਿਆ, ਜਿੱਥੇ ਆਪਣੀ ਕਾਮਯਾਬੀ ਦੇ ਝੰਡੇ ਨਾ ਗੱਡੇ ਹੋਣ। ਕਿਸੇ ਜਮਾਤ ਦਾ ਨਤੀਜਾ ਆਉਣਾ ਹੋਵੇ ਤਾਂ ਪਹਿਲਾਂ ਹੀ ਅੰਦਾਜ਼ਾ ਲੱਗਾ ਹੁੰਦਾ ਕਿ ਮੈਰਿਟ ’ਚ ਤਾਂ ਕੁੜੀਆਂ ਨੇ ਹੀ ਆਉਣੈ। ਬਹੁਤੀ ਵਾਰ ਹੁੰਦਾ ਵੀ ਏਦਾਂ ਹੀ ਆ। ਦਫ਼ਤਰੀ ਕੰਮਕਾਜਾਂ ਸਮੇਤ ਹਰ ਖੇਤਰ ’ਚ ਕੁੜੀਆਂ ਦੀ ਬੱਲੇ-ਬੱਲੇ ਹੋਈ ਪਈ ਹੈ, ਫਿਰ ਚਾਹੇ ਉਹ ਖੇਤਰ ਪੜ੍ਹਾਈ ਦਾ ਹੋਵੇ, ਖੇਡਾਂ ਦਾ ਹੋਵੇ, ਸਮਾਜ ਭਲਾਈ ਦੇ ਕੰਮਾਂ ਵਾਲਾ ਹੋਵੇ ਜਾਂ ਫਿਰ ਸੰਗੀਤ ਦਾ ਹੀ ਕਿਉਂ ਨਾ ਹੋਵੇ। ਕੁੜੀਆਂ ਪੁਲਾੜ ’ਚ ਵੀ ਜਾ ਆਈਆਂ ਹਨ ਯਾਨੀ ਕੋਈ ਕੰਮ ਅਜਿਹਾ ਨਹੀਂ, ਜਿੱਥੇ ਕੁੜੀਆਂ ਮੁੰਡਿਆਂ ਤੋਂ ਪਿੱਛੇ ਰਹਿ ਗਈਆਂ ਹੋਣ। ਮੁਸ਼ਕਲਾਂ ਦੀ ਹਿੱਕ ਚੀਰ ਕੇ ਜਦੋਂ ਦੇਸ਼ ਦੀ ਕੋਈ ਧੀ ਕਿਸੇ ਮੁਕਾਮ ’ਤੇ ਪਹੁੰਚਦੀ ਹੈ ਤਾਂ ਉਸ ਤੋਂ ਬਲਿਹਾਰੇ ਜਾਣ ਨੂੰ ਜੀਅ ਕਰਦਾ। ਕੁਝ ਇਸੇ ਤਰ੍ਹਾਂ ਦੀ ਸ਼ਖ਼ਸੀਅਤ ਹੈ ਸੀਨੀਅਰ ਆਈਏਐੱਸ ਅਧਿਕਾਰੀ ਰਾਖੀ ਭੰਡਾਰੀ, ਜੋ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਭਜਨਾਂ ਨਾਲ ਲੋਕਾਂ ਨੂੰ ਪਰਮਾਤਮਾ ਨਾਲ ਜੋੜਨ ਦਾ ਫ਼ਰਜ਼ ਵੀ ਨਿਭਾਅ ਰਹੀ ਹੈ। ਅੱਜ-ਕੱਲ੍ਹ ਉਹ ਪੰਜਾਬ ਸਰਕਾਰ ’ਚ ਪਿ੍ਰੰਸੀਪਲ ਸਕੱਤਰ ਦੇ ਅਹੁਦੇ ’ਤੇ ਆਪਣੀਆਂ ਸੇਵਾਵਾਂ ਦੇ ਰਹੇ ਹਨ।
1997 ਬੈਚ ਦੀ ਆਈਏਐੱਸ ਅਧਿਕਾਰੀ
ਰਾਖੀ ਗੁਪਤਾ ਭੰਡਾਰੀ ਪੰਜਾਬ ਕਾਡਰ ਦੀ 1997 ਬੈਚ ਦੀ ਆਈਏਐੱਸ ਅਧਿਕਾਰੀ ਹਨ, ਜਿਨ੍ਹਾਂ ਕੇਂਦਰ ਤੇ ਸੂਬਾ ਸਰਕਾਰ ’ਚ ਵੱਖ-ਵੱਖ ਅਹਿਮ ਅਹੁਦਿਆਂ ’ਤੇ ਸੇਵਾਵਾਂ ਨਿਭਾਈਆਂ ਹਨ। ਉਹ ਪੰਜਾਬ ’ਚ ਫ਼ਰੀਦਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ, ਪੰਜਾਬ ਭਵਨ ਨਵੀਂ ਦਿੱਲੀ ’ਚ ਪਿ੍ਰੰਸੀਪਲ ਰੈਜ਼ੀਡੈਂਟ ਕਮਿਸ਼ਨਰ, ਰਾਜਪਾਲ ਪੰਜਾਬ ਤੇ ਚੰਡੀਗੜ੍ਹ ਲਈ ਪ੍ਰਮੱੁਖ ਸਕੱਤਰ ਅਤੇ ਪੰਜਾਬ ਸਰਕਾਰ ਦੇ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਵਿਭਾਗ ’ਚ ਵੀ ਪ੍ਰਮੁੱਖ ਸਕੱਤਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਇਸ ਤੋਂ ਇਲਾਵਾ ਵੀ ਉਨ੍ਹਾਂ ਹੋਰ ਕਈ ਵੱਖ-ਵੱਖ ਅਹੁਦਿਆਂ ’ਤੇ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਉਨ੍ਹਾਂ ਦਿੱਲੀ ’ਚ 57ਵੇਂ ਨੈਸ਼ਨਲ ਕਾਲਜ ਕੋਰਸ ’ਚ ਵੀ ਭਾਗ ਲਿਆ ਹੈ।
ਵਿੱਦਿਅਕ ਯੋਗਤਾ
ਉਨ੍ਹਾਂ ਲੇਡੀ ਸ੍ਰੀ ਰਾਮ ਕਾਲਜ ਨਵੀਂ ਦਿੱਲੀ ਤੋਂ ਮਨੋਵਿਗਿਆਨ (ਆਨਰਜ਼) ’ਚ ਗ੍ਰੈਜੂਏਸ਼ਨ, ਦਿੱਲੀ ਸਕੂਲ ਆਫ ਇਕਨਾਮਿਕਸ ਤੋਂ ਮਾਸਟਰ ਡਿਗਰੀ ਅਤੇ ਯੂਨੀਵਰਸਿਟੀ ਆਫ ਮਦਰਾਸ ਤੋਂ ਰੱਖਿਆ ਤੇ ਰਣਨੀਤਕ ਅਧਿਐਨ ’ਚ ਐੱਮਫਿਲ ਕੀਤੀ ਹੈ।
ਲਿਖਣ ਤੇ ਗਾਉਣ ਦਾ ਰੱਖਦੇ ਸ਼ੌਕ
ਕੁਦਰਤ ਕਲਾ ਹਰ ਕਿਸੇ ਨੂੰ ਨਹੀਂ ਬਖ਼ਸ਼ਦੀ ਪਰ ਜਿਸ ਨੂੰ ਵੀ ਇਹ ਤੋਹਫ਼ਾ ਮਿਲ ਜਾਂਦੈ, ਉਸ ਨੂੰ ਹਰ ਖੇਤਰ ’ਚ ਕਾਮਯਾਬੀ ਮਿਲ ਜਾਂਦੀ ਹੈ। ਸੰਗੀਤਕ ਖੇਤਰ ’ਚ ਪੈਰ ਜਮਾਉਣਾ ਚੁਣੌਤੀ ਭਰਿਆ ਕਦਮ ਹੈ। ਰਾਖੀ ਭੰਡਾਰੀ ਦਾ ਮੰਨਣਾ ਹੈ ਕਿ ਸੰਗੀਤ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਦਾ ਰਸਤਾ ਹੈ। ਉਹ ਆਪਣੀਆਂ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੇ ਨਾਲ-ਨਾਲ ਭਗਤੀ ’ਚ ਵੀ ਲੀਨ ਰਹਿੰਦੀ ਹੈ। ਟਾਈਮਜ਼ ਸਪਿਰਚੁਅਲ ਮਿਊਜ਼ਿਕ ਨੇ ਅਕਤੂਬਰ 2020 ’ਚ ਉਨ੍ਹਾਂ ਦਾ ਕ੍ਰਿਸ਼ਨ ਭਜਨ ‘ਮੈਂ ਤੋ ਰਟੂੰਗੀ ਰਾਧਾ ਨਾਮ’ ਰਿਲੀਜ਼ ਕੀਤਾ, ਜਿਸ ਨੂੰ ਸਰੋਤਿਆਂ ਖ਼ੂਬ ਪਿਆਰ ਦਿੱਤਾ ਤੇ ਇਸ ਭਜਨ ਨੂੰ ਯੂਟਿਊਬ ’ਤੇ ਸਾਢੇ ਚਾਰ ਲੱਖ ਤੋਂ ਵੀ ਵੱਧ ਵਾਰ ਦੇਖਿਆ ਗਿਆ। ਇਸ ਭਜਨ ਨੂੰ ਅਦਾਕਾਰ ਸੁਨੀਲ ਗਰੋਵਰ, ਬੀ ਪਰਾਕ, ਗੁਰਦਾਸ ਮਾਨ, ਸਵ. ਨਰਿੰਦਰ ਚੰਚਲ ਜਿਹੇ ਗਾਇਕਾਂ-ਸੰਗੀਤਕਾਰਾਂ ਵੱਲੋਂ ਵੀ ਸਲਾਹਿਆ ਗਿਆ ਸੀ। ਇਸ ਤੋਂ ਬਾਅਦ ਦੂਸਰਾ ਕ੍ਰਿਸ਼ਨ ਭਜਨ ਟੀ-ਸੀਰੀਜ਼ ਦੇ ਬੈਨਰ ਹੇਠ ‘ਐਸੋ ਮਨ ਹੋਇ’ ਰਿਲੀਜ਼ ਹੋਇਆ, ਜਿਸ ਨੂੰ ਸੋਸ਼ਲ ਮੀਡੀਆ ’ਤੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ। ਇਸ ਭਜਨ ਦੀ ਸੰਗੀਤਕਾਰ ਬੀ ਪਰਾਕ, ਗਾਇਕ ਐਮੀ ਵਿਰਕ, ਗੁਰਦਾਸ ਮਾਨ ਤੇ ਪੰਜਾਬੀ ਅਦਾਕਾਰ ਸੋਨਮ ਬਾਜਵਾ, ਕਾਮੇਡੀ ਕਲਾਕਾਰ ਕਪਿਲ ਸ਼ਰਮਾ, ਅਦਾਕਾਰ ਰਾਜ ਬੱਬਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਖ਼ੂਬ ਪ੍ਰਸੰਸਾ ਕੀਤੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਵੀ ਸ਼ੌਕ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਿਖਤਾਂ ਦਾ ਮਕਸਦ ਸਿਰਫ਼ ਲਿਖਣ ਤਕ ਸੀਮਤ ਨਹੀਂ ਸਗੋਂ ਲਿਖਤਾਂ ਦਾ ਮਕਸਦ ਸਮਾਜ ਨੂੰ ਕੁਝ ਸੇਧ ਦੇਣਾ ਹੋਣਾ ਚਾਹੀਦਾ ਹੈ। ਹਾਲ ਹੀ ’ਚ ਉਨ੍ਹਾਂ ਦਾ ਰਾਮਨੌਮੀ ਦੇ ਸ਼ੁੱਭ ਮੌਕੇ ਭਜਨ ‘ਸ਼ੁਕਰੀਆ ਓ ਮੇਰੇ ਸੀਆ ਕੇ ਰਾਮ’ ਰਿਲੀਜ਼ ਹੋਇਆ ਹੈ। ਇਸ ਭਜਨ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਭਗਵਾਨ ਸ੍ਰੀ ਰਾਮ ਮੰਦਰ ਦੇ ਉਦਘਾਟਨ ’ਤੇ ਉਨ੍ਹਾਂ ਦੇ ਜ਼ਿਹਨ ’ਚ ਆਇਆ ਕਿ ਪ੍ਰਭੂ ਦਾ ਸ਼ੁਕਰਾਨਾ ਕਰਨ ਲਈ ਕੁਝ ਕੀਤਾ ਜਾਵੇ ਕਿਉਂਕਿ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਹੀ ਉਹ ਅੱਜ ਇਸ ਮੁਕਾਮ ’ਤੇ ਹਨ।
ਜ਼ਿੰਦਗੀ ’ਚ ਨਿਰੰਤਰ ਵਧੋ ਅੱਗੇ
ਗਾਉਣ ਦੇ ਸ਼ੌਕ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਉਸ ਨੂੰ ਬਚਪਨ ਤੋਂ ਗਾਉਣ ਦਾ ਸ਼ੌਕ ਸੀ। ਉਹ ਅਕਸਰ ਸਕੂਲ ’ਚ ਅਤੇ ਪਰਿਵਾਰ ਦੇ ਪ੍ਰੋਗਰਾਮਾਂ ’ਚ ਗਾਣੇ ਗਾਉਂਦੀ ਰਹਿੰਦੀ ਸੀ। ਇਸੇ ਸ਼ੌਕ ਨੂੰ ਅੱਗੇ ਵਧਾਉਂਦਿਆਂ ਉਸ ਨੇ ਸਪਿਰਚੁਅਲ ਟਾਈਮਜ਼ ਮਿਊਜ਼ਿਕ ਨਾਲ ਮਿਲ ਕੇ ਭਜਨ ਗਾਉਣ ਦਾ ਸੋਚਿਆ। ਉਸ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਉਸ ਦੇ ਗਾਏ ਰਾਧਾ-ਕ੍ਰਿਸ਼ਨ ਦੇ ਭਜਨਾਂ ਨੂੰ ਯੂਟਿਊਬ ’ਤੇ ਸਰੋਤਿਆਂ ਮਣਾਂਮੂੰਹੀ ਪਿਆਰ ਦਿੱਤਾ। ਰਾਖੀ ਦਾ ਮੰਨਣਾ ਕਿ ਜ਼ਿੰਦਗੀ ’ਚ ਕਦੇ ਵੀ ਅਸਫਲਤਾ ਤੋਂ ਨਿਰਾਸ਼ ਹੋ ਕੇ ਨਹੀਂ ਬੈਠਣਾ ਚਾਹੀਦਾ। ਜਿੱਤ-ਹਾਰ ਜ਼ਿੰਦਗੀ ਦਾ ਹਿੱਸਾ ਹਨ। ਹਾਰ ਤੋਂ ਸਬਕ ਲੈਂਦਿਆਂ ਜ਼ਿੰਦਗੀ ’ਚ ਨਿਰੰਤਰ ਅੱਗੇ ਵੱਧਦੇ ਰਹਿਣਾ ਚਾਹੀਦਾ ਹੈ। ਜਦੋਂ ਤੁਸੀਂ ਰਸਤੇ ’ਚ ਆਉਂਦੇ ਕੰਡਿਆਂ ਦੀ ਪਰਵਾਹ ਕੀਤੇ ਬਿਨਾਂ ਨਿਰੰਤਰ ਮੰਜ਼ਿਲ ਵੱਲ ਵੱਧਦੇ ਰਹਿੰਦੇ ਹੋ ਤਾਂ ਇਕ ਦਿਨ ਸਫਲਤਾ ਜ਼ਰੂਰ ਮਿਲਦੀ ਹੈ।