ਉਸਨੇ ਸੁਪਰਸੀਡਰ, ਰੋਟਾਵੇਟਰ ਅਤੇ ਕਟਰ ਮਸ਼ੀਨਾਂ ਤੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਪ੍ਰਾਪਤ ਕੀਤੀ ਹੈ। ਖੇਤੀਬਾੜੀ ਵਿਭਾਗ ਵਲੋਂ ਲਗਾਏ ਗਏ ਪਿੰਡ ਪੱਧਰ, ਬਲਾਕ ਪੱਧਰ ਅਤੇ ਜਿਲਾ ਪੱਧਰ ਦੇ ਕੈਂਪਾਂ ਵਿਚ ਭਾਗ ਲੈਂਦਾ ਹੈ। ਇਸ ਮੌਕੇ ਉਸਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਦੀ ਸਾਂਭ-ਸੰਭਾਲ ਕੀਤੀ ਜਾਵੇ
ਵਾਤਾਵਰਣ ਦੀ ਸਾਂਭ-ਸੰਭਾਲ ਲਈ ਜਿੱਥੇ ਸਰਕਾਰਾਂ ਵਲੋਂ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਕੁਝ ਕਿਸਾਨ ਵੀ ਇਸ ਲਈ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਉੁਨ੍ਹਾਂ ਹੀ ਕਿਸਾਨਾਂ ਵਿੱਚੋਂ ਇੱਕ ਹਨ ਸਰਦਾਰ ਰਾਜਿੰਦਰ ਸਿੰਘ ਆਹਲੂਵਾਲੀਆ ਪੁੱਤਰ ਗੁਰਦੇਵ ਸਿੰਘ ਵਾਸੀ ਮਹਾਲੋਂ ਬਲਾਕ ਨਵਾਂਸ਼ਹਿਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਜਿਸ ਨੇ ਕਿ ਬੀਐਸਸੀ ਬੀਐੱਡ ਤੱਕ ਪੜ੍ਹਾਈ ਕੀਤੀ ਹੈ ਅਤੇ ਉਹ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ 7 ਏਕੜ ਆਪਣੀ ਜ਼ਮੀਨ ਹੈ ਅਤੇ 18 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ। ਪ੍ਰਦੂਸ਼ਿਤ ਹੁੰਦੇ ਵਾਤਾਵਰਣ ਨੂੰ ਦੇਖਦਿਆਂ ਤੇ ਮਨੁੱਖਤਾ ਨੂੰ ਭਿਆਨਕ ਬਿਮਾਰੀਆਂ ਦੀ ਜਕੜ ਵਿੱਚ ਫਸਦਿਆਂ ਦੇਖ ਫ਼ੈਸਲਾ ਕੀਤਾ ਕਿ ਜੋ ਇੱਕ ਕਿਸਾਨ ਦੀ ਜ਼ਿੰਮੇਵਾਰੀ ਬਣਦੀ ਹੈ ਪਹਿਲਾਂ ਉਹ ਤਾਂ ਨਿਭਾਈਏ। ਇਸੇ ਕਰਕੇ ਸਾਲ 2018 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਅਤੇ ਪਰਾਲੀ ਨੂੰ ਖੇਤ ਵਿਚ ਹੀ ਰਲਾ ਰਿਹਾ ਹਾਂ। ਕਈ ਸਾਲਾਂ ਤੋਂ ਸੁਪਰ ਸੀਡਰ ਨਾਲ ਸਾਰੀ ਕਣਕ ਦੀ ਬਿਜਾਈ ਕਰ ਰਿਹਾ ਹਾਂ ਅਤੇ ਕਣਕ ਦਾ ਝਾੜ ਸਭ ਤੋਂ ਵੱਧ ਆਉਂਦਾ ਹੈ। ਉਸਨੇ ਦੱਸਿਆ ਕਿ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਣਕ, ਝੋਨੇ ਦੇ ਨਾਲ ਨਾਲ ਮੱਕੀ, ਗੰਨਾ ਤੇ ਸਬਜ਼ੀਆਂ ਵੀ ਉਗਾਉਂਦਾ ਹੈ। ਉਹ ਨਦੀਨਨਾਸ਼ਕ ਅਤੇ ਖਾਦਾਂ ਦੀ ਵਰਤੋਂ ਪੀ.ਏ.ਯੂ ਲੁਧਿਆਣਾ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਦਾ ਹੈ।
ਉਸਨੇ ਸੁਪਰਸੀਡਰ, ਰੋਟਾਵੇਟਰ ਅਤੇ ਕਟਰ ਮਸ਼ੀਨਾਂ ਤੇ ਖੇਤੀਬਾੜੀ ਵਿਭਾਗ ਤੋਂ ਸਬਸਿਡੀ ਪ੍ਰਾਪਤ ਕੀਤੀ ਹੈ। ਖੇਤੀਬਾੜੀ ਵਿਭਾਗ ਵਲੋਂ ਲਗਾਏ ਗਏ ਪਿੰਡ ਪੱਧਰ, ਬਲਾਕ ਪੱਧਰ ਅਤੇ ਜਿਲਾ ਪੱਧਰ ਦੇ ਕੈਂਪਾਂ ਵਿਚ ਭਾਗ ਲੈਂਦਾ ਹੈ। ਇਸ ਮੌਕੇ ਉਸਨੇ ਹੋਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਖ-ਵੱਖ ਤਰੀਕਿਆਂ ਨਾਲ ਪਰਾਲੀ ਦੀ ਸਾਂਭ-ਸੰਭਾਲ ਕੀਤੀ ਜਾਵੇ, ਤਾਂ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇ ਅਤੇ ਮਿੱਤਰ ਕੀੜਿਆਂ ਦੀ ਜਾਨ ਦੀ ਰਾਖੀ ਕੀਤੀ ਜਾ ਸਕੇ।