ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੇਰੇ ਪੁੱਤਰ ਪਰਮਿੰਦਰ ਨੂੰ ਟਿਕਟ ਨਹੀਂ ਦਿੱਤੀ ਪਰ ਅਸੀਂ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਕਿਉਂਕਿ ਅਸੀਂ ਅਕਾਲੀ ਸੀ ਅਤੇ ਅਕਾਲੀ ਹੀ ਰਹਾਂਗੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੇਰੇ ਪੁੱਤਰ ਪਰਮਿੰਦਰ ਨੂੰ ਟਿਕਟ ਨਹੀਂ ਦਿੱਤੀ ਪਰ ਅਸੀਂ ਕਿਸੇ ਹੋਰ ਪਾਰਟੀ ਵਿੱਚ ਨਹੀਂ ਜਾ ਰਹੇ ਕਿਉਂਕਿ ਅਸੀਂ ਅਕਾਲੀ ਸੀ ਅਤੇ ਅਕਾਲੀ ਹੀ ਰਹਾਂਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਖਾਲਸਾ ਸਾਜਨਾ ਦਿਵਸ ਤੋਂ ਬਾਅਦ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਆਏ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਭਾਵੇਂ ਵਿਰੋਧੀ ਪਾਰਟੀਆਂ ਵੱਲੋਂ ਸਾਨੂੰ ਟਿਕਟ ਦੀ ਆਫਰ ਹੋਈ ਸੀ ਪਰ ਅਸੀਂ ਸਾਰਿਆਂ ਨੂੰ ਨਾਂਹ ਕਰ ਦਿੱਤੀ। ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਰਲ਼ੇਵਾਂ ਕੀਤਾ ਸੀ ਤਾਂ ਉਦੋਂ ਸਾਡੀ ਸੋਚ ਇਹ ਸੀ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ ਅਤੇ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣਾਉਣੀ ਹੈ ਤਾਂ ਜੋ ਸਿੱਖ ਕੌਮ ਦੇ ਰਹਿੰਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ। ਪਰਮਿੰਦਰ ਢੀਂਡਸਾ ਨੂੰ ਕੀ ਸੁਖਬੀਰ ਬਾਦਲ ਨੇ ਟਿਕਟ ਦੇਣ ਦਾ ਵਾਅਦਾ ਕੀਤਾ ਸੀ ਦਾ ਜਵਾਬ ਦਿੰਦਿਆਂ ਢੀਂਡਸਾ ਨੇ ਕਿਹਾ ਕਿ ਰਲ਼ੇਵੇਂ ਵੇਲੇ ਸੁਖਬੀਰ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਇਕਬਾਲ ਸਿੰਘ ਝੂੰਦਾਂ ਨੂੰ ਟਿਕਟ ਦਾ ਵਾਅਦਾ ਕੀਤਾ ਹੋਇਆ ਹੈ ਪਰ ਫਿਰ ਵੀ ਉਹ ਝੂੰਦਾਂ ਨਾਲ ਗੱਲ ਕਰ ਲੈਣਗੇ ਪਰ ਉਦੋਂ ਤੋਂ ਲੈ ਕੇ ਅੱਜ ਤੱਕ ਸੁਖਬੀਰ ਨੇ ਉਨ੍ਹਾਂ ਨਾਲ ਇਸ ਸਬੰਧੀ ਕੋਈ ਵੀ ਗੱਲ ਨਹੀਂ ਕੀਤੀ। ਉਨ੍ਹਾਂ ਇਸ ਮੌਕੇ ਕਿਹਾ ਕਿ ਉਨ੍ਹਾਂ ਨੂੰ ਪ੍ਰੋਫੈਸਰ ਪੇ੍ਰਮ ਸਿੰਘ ਚੰਦੂਮਾਜਰਾ ਨੇ ਫੋਨ ਕਰ ਕੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਹੈ ਪਰ ਉਨ੍ਹਾਂ ਨੇ ਚੰਦੂਮਾਜਰਾ ਦਾ ਧੰਨਵਾਦ ਕਰਦਿਆਂ ਨਾਂਹ ਕਰ ਦਿੱਤੀ ਹੈ। ਤਖ਼ਤ ਸਾਹਿਬ ਵਿਖੇ ਪਹੁੰਚਣ ’ਤੇ ਹੈੱਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਸੁਖਦੇਵ ਸਿੰਘ ਢੀਂਡਸਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸਿਮਰਨਜੀਤ ਸਿੰਘ ਚੰਦੂਮਾਜਰਾ, ਸੁਰਜੀਤ ਸਿੰਘ ਚੈਹੜਮਜਾਰਾ, ਭੁਪਿੰਦਰ ਸਿੰਘ ਬਜਰੂੜ, ਸੁਰਿੰਦਰ ਸਿੰਘ ਘੱਟੀਵਾਲ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਹਾਜ਼ਰ ਸਨ।