ਲੁਧਿਆਣਾ ਦੇ ਵਿੱਚੋਂ ਲੰਘਦੇ ਬੁੱਢੇ ਦਰਿਆ ਦੀ ਕਾਇਆਕਲਪ ਕਰਨ ਤੇ ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣ ਦਾ ਸੁਪਨਾ ਹਾਲੇ ਵੀ ਅਧੂਰਾ ਹੈ, ਲੁਧਿਆਣਾ ਦੇ ਸਨਅਤਕਾਰਾਂ ਦੀ ਕੌਮਾਂਤਰੀ ਪੱਧਰ ਦਾ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਮੰੰਗ ਨੂੰ ਵੀ ਹਾਲੇ ਤੱਕ ਬੂਰ ਨਹੀਂ ਪਿਆ
ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਨੇ ਸਿਆਸਤ ਵਿੱਚ ਦਾਖ਼ਲ ਹੋਣ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੀ ਕਮਾਨ ਸੰਭਾਲੀ ਅਤੇ ਉਸ ਨੇ ਨਸ਼ਿਆਂ ਦੇ ਖਿਲਾਫ਼ ਪੰਜਾਬ ਅੰਦਰ ਪੈਦਲ ਯਾਤਰਾ ਕੀਤੀ ਤੇ ਲੁਧਿਆਣਾ ਵਿਖੇ ਭੁੱਖ ਹੜਤਾਲ ਵੀ ਕੀਤੀ। ਬਿੱਟੂ ਨੂੰ ਕਾਂਗਰਸ ਪਾਰਟੀ ਵੱਲੋਂ 2009 ਵਿੱਚ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ ਅਤੇ ਉਹ ਪਹਿਲੀ ਵਾਰ ਲੋਕ ਸਭਾ ਮੈਂਬਰ ਬਣੇ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਬਿੱਟੂ ਨੂੰ ਮਨੀਸ਼ ਤਿਵਾੜੀ ਦੀ ਥਾਂ ’ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਚੋਣ ਮੈਦਾਨ ਵਿੱਚ ੳਤਾਰਿਆ ਗਿਆ, 2014 ਵਿੱਚ ਉਹ ਦੂਸਰੀ ਵਾਰ ਲੋਕ ਸਭਾ ਮੈਂਬਰ ਬਣੇ ਅਤੇ 2019 ਵਿੱਚ ਬਿੱਟੂ ਨੂੰ ਹਲਕਾ ਲੁਧਿਆਣਾ ਤੋਂ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਹ ਲੁਧਿਆਣਾ ਤੋਂ ਦੂਸਰੀ ਵਾਰ ਤੇ ਤੀਸਰੀ ਵਾਰ ਲੋਕ ਸਭਾ ਮੈਂਬਰ ਬਣੇ। ਬਿੱਟੂ ਦਾ 2014 ਵਿੱਚ ਆਪ ਦੇ ਐਡਵੋਕੇਟ ਹਰਵਿੰਦਰ ਸਿੰਘ ਫ਼ੂਲਕਾ ਨਾਲ ਮੁਕਾਬਲਾ ਹੋਇਆ ਅਤੇ ਬਿੱਟੂ ਨੂੰ ਜਿੱਤ ਨਸੀਬ ਹੋਈ। ਬਿੱਟੂ ਦੀ 2014 ਤੇ 2019 ਦੀ ਜਿੱਤ ਵਿੱਚ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਲੋਕ ਸਭਾ ਚੋਣ ਲੜਨ ਦਾ ਬਹੁਤ ਵੱਡਾ ਯੋਗਦਾਨ ਹੈ। ਬਿੱਟੂ ਵੱਲੋਂ ਪਹਿਲਾਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ ਨਾਲ ਗਠਜੋੜ ਕਰਨ ਦੀ ਹਾਮੀ ਭਰੀ ਜਾਂਦੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਸੀਦੇ ਪੜ੍ਹੇ ਜਾਂਦੇ ਸਨ। ਪਰ ਕੁੱਝ ਸਮਾਂ ਪਹਿਲਾਂ ਬਿੱਟੂ ਨੇ ਆਪ ਨਾਲ ਗਠਜੋੜ ਨਾ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕੀਤੇ ਹੋਏ ਹਨ। ਐਮਪੀ ਬਿੱਟੂ ਨਾਲ ਲੁਧਿਆਣਾ ਦੇ ਲੋਕਾਂ ਨੂੰ ਇਹ ਗਿਲਾ ਹੈ ਕਿ ਉਹ ਹਲਕੇ ਵਿੱਚ ਬਹੁਤ ਘੱਟ ਹਾਜ਼ਰ ਰਹਿੰਦੇ ਹਨ, ਉਹ ਲੋਕਾਂ ਦਾ ਫ਼ੋਨ ਚੁੱਕਣਾ ਵੀ ਜ਼ਰੂੁਰੀ ਨਹੀਂ ਸਮਝਦੇ। ਹੋਰ ਤਾਂ ਹੋਰ ਨਿੱਜੀ ਕੰਮ ਵੀ ਨਾ ਹੋਣ ਕਰਕੇ ਲੋਕ ਤੇ ਕਾਂਗਰਸੀ ਬਿੱਟੂ ਤੋਂ ਕਾਫ਼ੀ ਨਿਰਾਸ਼ ਹਨ ਪਰ ਬਿੱਟੂ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਕੋਈ ਵੀ ਗਤੀਵਿਧੀ ਨਹੀਂ ਕੀਤੀ ਗਈ।
ਉਮਰ (48) (10 ਸਤੰਬਰ 1975), ਲੋਕ ਸਭਾ ਹਲਕਾ – ਲੁਧਿਆਣਾ ਸਿਆਸੀ ਦਲ : ਕੁੱਲ ਹਿੰਦ ਕਾਂਗਰਸ ਕਮੇਟੀ
ਪੜ੍ਹਾਈ- ਗ੍ਰੈਜੂਏਟ 16 ਕਰੋੜ ਰੁਪਏ (1 ਕਰੋੜ ਰੁਪਏ ਬਕਾਇਆ 2009 ਵਾਲੇ ਐਮਪੀ ਦਾ ਫੰਡ ਤੇ 15 ਕਰੋੜ ਰੁਪਏ 2019 ਤੋਂ 2024 ਫੰਡ) 16 ਕਰੋੜ ਰੁਪਏ, ਜਿਸ ਨਾਲ ਸੀਸੀਟੀਵੀ ਲਈ 8 ਕਰੋੜ 49 ਲੱਖ 69 ਹਜ਼ਾਰ 822 ਰੁਪਏ, ਸਕੂਲਾਂ, ਧਰਮਸ਼ਾਲਾ ਤੇ ਸ਼ਮਸ਼ਾਨਘਾਟਾਂ ਲਈ 21 ਕਰੋੜ 87 ਲੱਖ 16 ਹਜ਼ਾਰ 75 ਰੁਪਏ, ਇੰਟਰਲੌਕ ਟਾਈਲਾਂ ਵਾਲੀਆਂ ਗਲੀਆਂ, ਟਿਊਬਵੈਲਾਂ ਤੇ ਸੀਵਰੇਜ਼ ਲਈ 21 ਕਰੋੜ 63 ਲੱਖ 77 ਹਜ਼ਾਰ 24 ਰੁਪਏ, ਕੋਵਿਡ ਮੈਡੀਕਲ ਸਾਜ਼ੋ-ਸਾਮਾਨ ਲਈ 1 ਕਰੋੜ 25 ਲੱਖ ਰੁਪਏ ਅਤੇ ਓਪਨ ਏਅਰ ਜਿੰਮ ਤੇ ਸਟੇਡੀਅਮ ਲਈ 1 ਕਰੋੜ 90 ਲੱਖ 20 ਹਜ਼ਾਰ 797 ਰੁਪਏ ਖ਼ਰਚ ਕੀਤੇ ਗਏ।
15 ਸੈਸ਼ਨਾਂ ਵਿੱਚ 90 ਫ਼ੀਸਦੀ, 1 ਜੂਨ 2019 ਤੋਂ 10 ਫ਼ਰਵਰੀ 2024, ਪੁੱਛੇ ਸਵਾਲ 367, ਸੰਸਦ ਵਿੱਚ 56 ਡਿਬੇਟ ਵਿੱਚ ਹਿੱਸਾ ਲਿਆ। ਬਿੱਟੂ ਨੇ 9 ਦਸੰਬਰ 2022 ਨੂੰ ਨੈਸ਼ਨਲ ਕਮਿਸ਼ਨ ਫਾਰ ਵੈਲਫ਼ੇਅਰ ਆਫ਼ ਫੀਮੇਲ ਫਾਰਮਰ ਬਿੱਲ 2021, 9 ਦਸੰਬਰ 2022 ਨੂੰ ਦਿ ਪ੍ਰਮੋਸ਼ਨ ਆਫ਼ ਸਾਈਕÇਲੰਗ ਬਿੱਲ 2021, 1 ਅਪ੍ਰੈਲ 2022 ਵਿੱਚ ਦਿ ਕਾਂਸਟੀਚਿਊਸ਼ਨ ਅਮੈਂਡਮੈਂਟ ਬਿੱਲ 2019, 1 ਅਪ੍ਰੈਲ 2022 ਨੂੰ ਦਿ ਪ੍ਰੋਵੀਜ਼ਨ ਆਫ਼ ਫਾਈਨੈਂਸ਼ੀਅਲ ਅਸਿਸਟੈਂਸ ਫ਼ਾਰ ਡੈਡੀਕੇਸ਼ਨ ਸੈਂਟਰਸ ਬਿੱਲ 2019 ਅਤੇ 1 ਅਪ੍ਰੈਲ 2022 ਨੂੰ ਦਿ ਸਿੱਖ ਗੁਰਦੁਆਰਾ ਅਮੈਂਡਮੈਂਟ ਬਿੱਲ 2019 ਪ੍ਰਾਈਵੇਟ ਬਿੱਲ ਲੋਕ ਸਭਾ ਵਿੱਚ ਪੇਸ਼ ਕੀਤੇ।
ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ 478 ਕਰੋੜ ਰੁਪਏ ਦੀ ਲਾਗਤ ਨਾਲ ਆਧੁਨਿਕੀਕਰਨ ਦਾ ਕੰਮ ਸ਼ੁਰੂ ਕਰਵਾਉਣ, ਲੁਧਿਆਣਾ ਦੀ ਪੁਰਾਣੀ ਚੁੰਗੀ ਫਿਰੋਜ਼ਪੁਰ ਰੋਡ ਤੋਂ ਸਮਰਾਲਾ ਚੌਂਕ ਤੱਕ 756 ਕਰੋੜ ਰੁਪਏ ਦੀ ਲਾਗਤ ਨਾਲ 12.95 ਕਿਲੋਮੀਟਰ ਲੰਬੀ ਐਲੀਵੇਟਿਡ ਸੜਕ ਬਣਵਾਉਣ, ਸਮਾਰਟ ਸਿਟੀ ਪ੍ਰਾਜੈਕਟ ਵਿੱਚੋਂ ਪੱਖੋਵਾਲ ਰੋਡ ’ਤੇ ਰੇਲਵੇ ਓਵਰ ਬ੍ਰਿਜ ਅਤੇ ਰੇਲਵੇ ਅੰਡਰ ਬ੍ਰਿਜ ਬਣਵਾਉਣ, 24 ਕਰੋੜ ਰੁਪਏ ਦੀ ਲਾਗਤ ਨਾਲ ਲੁਧਿਆਣਾ ਦੇ ਜਗਰਾਉਂ ਪੁੱਲ ਦੀ ਮੁੜ ਉਸਾਰੀ ਕਰਵਾਉਣ, ਕੋਰੋਨਾ ਕਾਲ ਸਮੇਂ ਲੋਕਾਂ ਦੀ ਹਰ ਪੱਖੋਂ ਸੇਵਾ ਕਰਨ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਐਮਪੀ ਲੈਂਡ ਫੰਡ ਵਿੱਚੋਂ ਪੈਸੇ ਖ਼ਰਚ ਕਰਨ ਦੀ ਖੁੱਲ੍ਹ ਦੇਣ ਅਤੇ ਐਮਪੀ ਲੈਂਡ ਫੰਡ ਵਿੱਚੋਂ ਲੋਕ ਸਭਾ ਹਲਕਾ ਲੁਧਿਆਣਾ ਦੇ ਹਲਕਾ ਦਾਖਾ, ਗਿੱਲ ਤੇ ਜਗਰਾਉਂ ਦੇ ਪਿੰਡਾਂ ਵਿੱਚ ਸੀਸੀਟੀਵੀ ਕੈਮਰੇ ਲਗਵਾਉਣ ਦਾ ਕੰਮ ਕਰਵਾਉਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਹਨਾਂ ਕੰਮ ਨੂੰ ਕਰਵਾਉਣ ਲਈ ਕੀਤੀ ਗਈ ਪੈਰਵੀ ਦੀ ਜਾਣਕਾਰੀ ਕੇਂਦਰੀ ਮੰਤਰੀ ਨਾਲ ਕੀਤੀਆਂ ਮੁਲਾਕਾਤਾਂ ਦੀਆਂ ਤਸਵੀਰਾਂ ਦਿਖਾ ਕੇ ਦਿੱਤੀ।
ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਦਿੱਲੀ ਦੇ ਜੰਤਰ ਮੰਤਰ ਚੌਂਕ ਵਿਖੇ ਤਿੰਨ ਕਿਸਾਨੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਬਰਾਬਰ ਧਰਨਾ ਦਿੱਤਾ ਗਿਆ ਅਤੇ ਉਨ੍ਹਾਂ ਨੇ ਕਿਸਾਨਾਂ ਦੀ ਆਵਾਜ਼ ਲੋਕ ਸਭਾ ਦੇ ਅੰਦਰ ਤੇ ਬਾਹਰ ਚੁੱਕੀ। ਲੋਕਾਂ ਦੇ ਕੰਮ ਨਾ ਹੋਣ ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਕੇ ਉਨ੍ਹਾਂ ਦੇ ਨਗਰ ਨਿਗਮ ਲੁਧਿਆਣਾ ਦੇ ਦਫ਼ਤਰ ਦਾ ਘਿਰਾਓ ਕੀਤਾ, ਜਿਸ ਕਰਕੇ ਉਨ੍ਹਾ ਖਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਅਤੇ ਬਿੱਟੂ ਨੂੰ ਸਾਥੀਆਂ ਸਮੇਤ ਇੱਕ ਦਿਨ ਲਈ ਜੇਲ੍ਹ ਵੀ ਜਾਣਾ ਪਿਆ। ਪਿੰਡਾਂ ਦੇ ਲੋਕਾਂ ਵੱਲੋਂ ਕਾਰਕਸ ਪਲਾਂਟ ਲਗਾਉਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਜਿਸ ਵਿੱਚ ਬਿੱਟੂ ਨੇ ਸ਼ਾਮਿਲ ਹੋ ਕੇ ਕਾਰਕਸ ਪਲਾਂਟ ਨੂੰ ਤਾਲਾ ਲਗਾ ਦਿੱਤਾ ਅਤੇ ਉਨ੍ਹਾਂ ਖਿਲਾਫ਼ ਪੁਲਿਸ ਵੱਲੋਂ ਗੈਰ ਜ਼ਮਾਨਤੀ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਲੁਧਿਆਣਾ ਦੇ ਵਿੱਚੋਂ ਲੰਘਦੇ ਬੁੱਢੇ ਦਰਿਆ ਦੀ ਕਾਇਆਕਲਪ ਕਰਨ ਤੇ ਬੁੱਢੇ ਨਾਲੇ ਨੂੰ ਮੁੜ ਦਰਿਆ ਬਣਾਉਣ ਦਾ ਸੁਪਨਾ ਹਾਲੇ ਵੀ ਅਧੂਰਾ ਹੈ, ਲੁਧਿਆਣਾ ਦੇ ਸਨਅਤਕਾਰਾਂ ਦੀ ਕੌਮਾਂਤਰੀ ਪੱਧਰ ਦਾ ਪ੍ਰਦਰਸ਼ਨੀ ਕੇਂਦਰ ਬਣਾਉਣ ਦੀ ਮੰੰਗ ਨੂੰ ਵੀ ਹਾਲੇ ਤੱਕ ਬੂਰ ਨਹੀਂ ਪਿਆ, ਸ਼ਹਿਰ ਵਿੱਚ ਮੈਟਰੋ ਚਲਾਉਣ ਦਾ ਸੁਪਨਾ ਸੁਪਨਾ ਹੀ ਰਹਿ ਗਿਆ, ਸਨਅਤਕਾਰਾਂ ਦੀ ਭਲਾਈ ਲਈ ਕੋਈ ਵੀ ਵਿਸ਼ੇਸ਼ ਯਤਨ ਨਹੀਂ ਹੋਏ, ਕੋਈ ਵੱਡਾ ਸਰਕਾਰੀ ਹਸਪਤਾਲ ਨਹੀਂ ਆਇਆ, ਕੋਈ ਵੱਡੀ ਸਿੱਖਿਆ ਸੰਸਥਾ ਨਹੀਂ ਆਈ ਅਤੇ ਨਾ ਹੀ ਲੁਧਿਆਣਾ ਅਸਲ ਵਿੱਚ ਸਮਾਰਟ ਤੇ ਸਾਫ਼ ਸੁਥਰਾ ਸ਼ਹਿਰ ਬਣ ਸਕਿਆ।