ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਸ਼ਮੀਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੁਖਜਿੰਦਰ ਸਿੰਘ, ਟਰੱਕ ਯੂਨੀਅਨ ਦੇ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ
ਕਿਰਤੀ ਕਿਸਾਨ ਯੂਨੀਅਨ ਨੇ ਬੀਤੇ ਦਿਨੀਂ ਜਲੰਧਰ ਪੁਲਿਸ ਵੱਲੋਂ ਯੂਨੀਅਨ ਦੇ ਸੂਬਾਈ ਦਫਤਰ ’ਤੇ ਰੇਡ ਕਰ ਕੇ ਦਫਤਰ ਦੀ ਤਲਾਸ਼ੀ ਲੈਣ, ਦਫਤਰ ਸਟਾਫ ਨਾਲ ਦੁਰਵਿਹਾਰ ਕਰ ਕੇ ਹਿਰਾਸਤ ’ਚ ਲੈਣ ਤੇ ਦਫਤਰ ਦੀ ਤਾਲਾਬੰਦੀ ਕਰਨ ਵਿਰੁੱਧ ਵੀਰਵਾਰ ਨੂੰ ਜਲੰਧਰ ’ਚ ਰੋਸ ਪ੍ਰਦਰਸ਼ਨ ਕਰ ਕੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ।
ਯੂਨੀਅਨ ਦੀ ਅਗਵਾਈ ਹੇਠ ਪਹਿਲਾਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿਹੜੇ ’ਚ ਇਕੱਠੇ ਹੋਏ ਕਿਸਾਨਾਂ ਨੇ ਰੈਲੀ ਕੀਤੀ, ਮਗਰੋਂ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਮੁਜ਼ਾਹਰਾ ਕਰ ਕੇ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਤੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਕਿ ਕੀ ਕਿਰਤੀ ਕਿਸਾਨ ਯੂਨੀਅਨ ਕੋਈ ਪਾਬੰਦੀਸ਼ੁਦਾ ਜਥੇਬੰਦੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਦੇ ਦਫਤਰ ਦੀ ਤਾਲਾਬੰਦੀ ਕਰਨ ਤੇ ਅੰਦਰ ਵੜ ਕੇ ਤਲਾਸ਼ੀ ਲੈਣਾ ਜਲੰਧਰ ਪੁਲਿਸ ਦੀ ਭੜਕਾਹਟ ਭਰੀ ਗ਼ੈਰ-ਕਾਨੂੰਨੀ ਤੇ ਫਾਸ਼ੀ ਹਰਕਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਕੋਝੀਆਂ ਹਰਕਤਾਂ ਕਾਰਨ ਯੂਨੀਅਨ ਵੱਲੋਂ ਉਠਾਈ ਜਾ ਰਹੀ ਸੰਘਰਸ਼ੀ ਆਵਾਜ਼ ਨੂੰ ਚੁੱਪ ਨਹੀ ਕਰਵਾਇਆ ਜਾ ਸਕਦਾ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਤੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਜਥੇਬੰਦੀ ਦੇ ਦਫਤਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਯੂਨੀਅਨ ਦਾ ਹਰ ਮੈਂਬਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ’ਚ ਕੀਤੀ ਜਾ ਰਹੀ ਮਹਾਪੰਚਾਇਤ ਦੀਆਂ ਤਿਆਰੀਆਂ ’ਚ ਰੁੱਝਿਆ ਹੋਇਆ ਸੀ। ਪੁਲਿਸ ਵੱਲੋਂ ਦਫਤਰ ਦੀ ਹਰੇਕ ਮੰਜ਼ਿਲ ਦੀ ਤਲਾਸ਼ੀ ਲਈ ਗਈ। ਪੁਲਿਸ ਅਧਿਕਾਰੀਆਂ ਨੇ ਦਫਤਰ ਸਟਾਫ ਨਾਲ ਸਿਰੇ ਦਾ ਦੁਰਵਿਹਾਰ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ। ਉਨ੍ਹਾਂ ਕਿਹਾ ਕਿ ਪੁਲਿਸ ਦੀ ਕਾਰਵਾਈ ਵਿਰੁੱਧ ਯੂਨੀਅਨ ਨੇ ਉਸੇ ਵੇਲੇ ਉੱਚ ਅਧਿਕਾਰੀਆਂ ਕੋਲ ਰੋਸ ਜ਼ਾਹਰ ਕੀਤਾ ਸੀ ਪ੍ਰੰਤੂ ਉਨ੍ਹਾਂ ਨੇ ਘੇਸਲ ਵੱਟ ਕੇ ਇਸ ਨੂੰ ਅਣਸੁਣਿਆ ਕਰ ਦਿੱਤਾ।
ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕਸ਼ਮੀਰ ਸਿੰਘ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੁਖਜਿੰਦਰ ਸਿੰਘ, ਟਰੱਕ ਯੂਨੀਅਨ ਦੇ ਰਣਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੂਬਾਈ ਆਗੂਆਂ ਸੰਤੋਖ ਸਿੰਘ ਸੰਧੂ, ਹਰਦੀਪ ਕੌਰ ਕੋਟਲਾ, ਸੁਰਿੰਦਰ ਸਿੰਘ ਬੈਂਸ, ਬਲਵਿੰਦਰ ਸਿੰਘ ਭੁੱਲਰ, ਤਰਸੇਮ ਸਿੰਘ ਬੰਨਾਮੱਲ, ਸੁਖਚੈਨ ਸਿੰਘ, ਚਮਕੌਰ ਸਿੰਘ ਰੋਡੇ, ਨਛੱਤਰ ਸਿੰਘ ਤਰਨਤਾਰਨ, ਭੁਪਿੰਦਰ ਸਿੰਘ ਵੜੈਚ ਤੋਂ ਇਲਾਵਾ ਵੱਡੀ ਗਿਣਤੀ ’ਚ ਕਾਰਕੁਨ ਸ਼ਾਮਲ ਸਨ।