ਹੁਣ ਇਹ ਦੇਖਣਾ ਹੋਵੇਗਾ ਕਿ ਢੀਂਡਸਾ ਸਮੱਰਥਕਾਂ ਦਾ ਊਠ ਕਿਸ ਕਰਵਟ ਬੈਠਦਾ ਹੈ। ਜੋ ਵੀ ਹੋਵੇ ਪਰ ਪਿਛਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਅੰਦਰ ਜੋ ਏਕਤਾ ਬਣੀ ਸੀ ਇਸ ਟਿਕਟ ਨਾਲ ਧੜੇਬੰਦੀ ਦੀ ਲਕੀਰ ਇੱਕ ਵਾਰ ਫਿਰ ਗੂੜ੍ਹੀ ਹੋ ਗਈ।
ਲੋਕ ਸਭਾ ਹਲਕਾ ਸੰਗਰੂਰ (Sangrur Lok Sabha Constituency) ਦੀ ਅਕਾਲੀ ਸਿਆਸਤ ਦੀਆਂ ਹਵਾਵਾਂ ਤੇਜ਼ ਹੋ ਗਈਆਂ ਹਨ ਜੋ ਨੇੜਲੇ ਭਵਿੱਖ ਦੇ ਦਿਨਾਂ ਵਿੱਚ ਇਹ ਤੂਫਾਨ ਦਾ ਰੂਪ ਧਾਰਦੀਆਂ ਹਨ ਜਾਂ ਠੰਡੀਆਂ ਪੈਂਦੀਆਂ ਹਨ ਇਹ ਤਾਂ ਸਮਾ ਦੱਸੇਗਾ। ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ (Parkash Singh Badal) ਦੇ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੋਂ ਸੀਨੀਅਰ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ (Sukhdev Singh Dhindsa) ਵੱਲੋਂ ਪਾਰਟੀ ਪ੍ਰਧਾਨ ਨਾਲ ਵਿਚਾਰਕ ਮੱਤਭੇਦਾਂ ਕਾਰਨ ਪਾਰਟੀ ਤੋਂ ਕਿਨਾਰਾ ਕਰ ਕੇ ਬਾਕੀ ਰੁੱਸੇ ਹੋਏ ਸੀਨੀਅਰ ਆਗੂਆਂ ਨੂੰ ਨਾਲ ਲੈ ਕੇ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਬਣਾ ਲਿਆ ਸੀ ਜਿਸ ਦਾ ਜਥੇਬੰਧਕ ਢਾਂਚਾ ਪੰਜਾਬ ਦੇ ਕੋਨੇ-ਕੋਨੇ ਵਿੱਚ ਜਾ ਕੇ ਖੜ੍ਹਾ ਕੀਤਾ ਜਾ ਰਿਹਾ ਸੀ ਪਰ ਕੁੱਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰੁੱਸੇ ਹੋਏ ਆਗੂਆਂ ਨੂੰ ਮਨਾ ਕੇ ਮੁੜ ਪਾਰਟੀ ਵਿੱਚ ਸ਼ਾਮਲ ਕਰ ਲਿਆ ਸੀ। ਜਦੋਂ ਤੋਂ ਪਾਰਟੀ ਦਾ ਰਲੇਵਾਂ ਹੋਇਆ ਹੈ ਤਦ ਤੋਂ ਮੰਨਿਆ ਜਾ ਰਿਹਾ ਸੀ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ। ਵਰਕਰਾਂ ਨੇ ਹਰੇਕ ਪਿੰਡ ਅੰਦਰ ਲੋਕਾਂ ਨਾਲ ਸੰਪਰਕ ਸਾਧਣਾ ਸ਼ੁਰੂ ਕਰ ਦਿੱਤਾ ਸੀ।
ਦੱਸਿਆ ਜਾ ਰਿਹਾ ਹੈ ਕਿ ਵਰਕਰਾਂ ਸਮੇਤ ਢੀਂਡਸਾ ਵੀ ਆਪਣੀ ਟਿਕਟ ਪ੍ਰਤੀ ਆਸਵੰਦ ਸਨ ਪਰ ਜਿਵੇਂ ਹੀ ਬੀਤੇ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਛੇ ਉਮੀਦਵਾਰਾਂ ਦੀ ਲਿਸਟ ਵਿੱਚ ਸੰਗਰੂਰ ਸੀਟ ਤੋਂ ਸਾਬਕਾ ਐੱਮਐੱਲਏ ਇਕਬਾਲ ਸਿੰਘ ਝੂੰਦਾਂ ਦਾ ਨਾਮ ਆਇਆ ਤਾਂ ਢੀਂਡਸਾ ਦੇ ਵਰਕਰਾਂ ਵਿੱਚ ਨਮੋਸ਼ੀ ਦੀ ਲਹਿਰ ਦੌੜ ਗਈ। ਆਪਣੇ ਦਿਲ ਦਾ ਗੁਬਾਰ ਕੱਢਣ ਲਈ ਵਰਕਰ ਸੋਸ਼ਲ ਮੀਡੀਏ ’ਤੇ ਨਾਰਾਜ਼ਗੀ ਵਾਲੀਆਂ ਪੋਸਟਾਂ ਪਾ ਰਹੇ ਹਨ। ਢੀਂਡਸਾ ਧੜੇ ਦੇ ਕਈ ਆਗੂਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਨੇੜ ਭਵਿੱਖ ’ਚ ਕੋਈ ਵੱਡੀ ਸਿਆਸੀ ਹਲਚਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਬੀਤੀ ਰਾਤ ਤੋਂ ਪਰਮਿੰਦਰ ਸਿੰਘ ਢੀਂਡਸਾ ਆਪਣੀ ਸੰਗਰੂਰ ਵਾਲੀ ਰਿਹਾਇਸ਼ ’ਤੇ ਠਹਿਰੇ ਹੋਏ ਸਨ ਜਿੱਥੇ ਕਰੀਬ ਹਰ ਹਲਕੇ ਤੋਂ ਵਰਕਰ ਆ ਕੇ ਉਨ੍ਹਾਂ ਨਾਲ ਰਾਬਤਾ ਬਣਾ ਰਹੇ ਸਨ ਅਤੇ ਕੋਈ ਸਿਆਸੀ ਫੈਸਲਾ ਲੈਣ ਲਈ ਦਬਾਅ ਬਣਾਏ ਜਾਣ ਦੀਆਂ ਖਬਰਾਂ ਨਿਕਲ ਰਹੀਆਂ ਹਨ। ਢੀਂਡਸਾ ਪਰਿਵਾਰ ਦਾ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਆਦਿ ਵਿੱਚ ਲੋਕਾਂ ਨਾਲ ਵਧੇਰੇ ਰਾਬਤਾ ਹੈ ਅਤੇ ਵੱਡਾ ਵੋਟ ਬੈਂਕ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਅਜਿਹੇ ਹਾਲਾਤ ’ਚ ਝੁੰਦਾਂ ਲਈ ਲੋਕ ਸਭਾ ਦੀਆਂ ਪੌੜੀਆਂ ਚੜ੍ਹਨ ਦਾ ਸਫ਼ਰ ਔਖਾ ਹੋ ਸਕਦਾ ਹੈ। ਦੂਜਾ ਪੱਖ ਇਹ ਵੀ ਹੈ ਕਿ ਝੂੰਦਾਂ ਭਾਵੇਂ ਸ੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹਨ ਪਰ ਉਨ੍ਹਾਂ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ ਪੈਂਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਲੋਕਾਂ ਵਿੱਚ ਆਪਣੇਪਣ ਵਾਲੀ ਘਾਟ ਰੜਕ ਸਕਦੀ ਹੈ।
ਹੁਣ ਇਹ ਦੇਖਣਾ ਹੋਵੇਗਾ ਕਿ ਢੀਂਡਸਾ ਸਮੱਰਥਕਾਂ ਦਾ ਊਠ ਕਿਸ ਕਰਵਟ ਬੈਠਦਾ ਹੈ। ਜੋ ਵੀ ਹੋਵੇ ਪਰ ਪਿਛਲੇ ਸਮੇਂ ਵਿੱਚ ਸ੍ਰੋਮਣੀ ਅਕਾਲੀ ਦਲ ਅੰਦਰ ਜੋ ਏਕਤਾ ਬਣੀ ਸੀ ਇਸ ਟਿਕਟ ਨਾਲ ਧੜੇਬੰਦੀ ਦੀ ਲਕੀਰ ਇੱਕ ਵਾਰ ਫਿਰ ਗੂੜ੍ਹੀ ਹੋ ਗਈ।
ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦੇ ਕੇ ਕੀ ਸੁਨੇਹਾ ਦਿੱਤਾ ਗਿਆ
ਜਿਸ ਦਿਨ ਤੋਂ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਬਣਾਏ ਅਕਾਲੀ ਦਲ ਨੂੰ ਭੰਗ ਕਰ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦਾ ਐਲਾਨ ਕਰ ਦਿੱਤਾ ਸੀ ਤਾਂ ਉਸ ਸਮੇਂ ਤੋਂ ਹੀ ਸੰਗਰੂਰ ਦੀ ਅਕਾਲੀ ਸਿਆਸਤ ਦੀਆਂ ਹਵਾਵਾਂ ਰੁਕਣ ਲੱਗ ਗਈਆਂ ਸਨ। ਇਹ ਮੰਨਿਆ ਜਾ ਰਿਹਾ ਸੀ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਉਮੀਦਵਾਰ ਬਣਾਇਆ ਜਾਏਗਾ ਕਿਉਂਕਿ ਪਾਰਟੀ ’ਚ ਇਸ ਹਲਕੇ ’ਤੇ ਢੀਂਡਸਾ ਪਰਿਵਾਰ ਦੀ ਸਿਆਸੀ ਸਰਦਾਰੀ ਰਹੀ ਹੈ। ਅੱਜਕੱਲ ਸੰਗਰੂਰ ਦੀ ਅਕਾਲੀ ਸਿਆਸਤ ’ਚ ਇੱਕ ਸਵਾਲ ਬਣਿਆ ਹੋਇਆ ਹੈ ਕਿ ਢੀਂਡਸਾ ਪਰਿਵਾਰ ਨੂੰ ਟਿਕਟ ਨਾ ਦੇ ਕੇ ਪਾਰਟੀ ਹਾਈ ਕਮਾਂਡ ਨੇ ਕੀ ਸੁਨੇਹਾ ਦਿੱਤਾ ਹੈ ਜਿਸ ਦਾ ਜਵਾਬ ਸ਼ਾਇਦ ਭਵਿੱਖ ਦੇ ਗਰਭ ਵਿੱਚ ਹੈ ਪਰ ਕਿਆਸਰਾਈਆਂ ਹਨ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਤੋਂ ਪਹਿਲਾਂ ਦੀ ਤਰ੍ਹਾਂ ਤਿੰਨ ਜ਼ਿਲ੍ਹਿਆਂ ਦੀ ਸਿਆਸੀ ਸਰਦਾਰੀ ਨਾਂ ਦੇਣ ਦਾ ਹੱਕ ਖੋਹ ਲਿਆ ਲੱਗਦਾ ਹੈ। ਪਰ ਇਸ ਸਥਿਤੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਲਈ ਇਹ ਪੈਂਡਾ ਤੈਅ ਕਰਨਾ ਬਹੁਤ ਔਖਾ ਹੋਵੇਗਾ।