ਪੰਜਾਬ ਦੇ ਕਿਸਾਨਾਂ ਨੇ ਖੇਤੀ ਨੂੰ ਆਪਣੇ ਤਜ਼ਰਬਿਆਂ ਸਦਕਾ ਬਹੁਤ ਉਚਾਈਆਂ ਪ੍ਰਾਪਤ ਕੀਤੀਆਂ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਝੰਜੇਰੀ,ਬਲਾਕ ਖਰੜ,ਜ਼ਿਲ੍ਹਾ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਵਸਨੀਕ ਗੁਰਪ੍ਰਕਾਸ਼ ਸਿੰਘ। ਗੁਰਪ੍ਰਕਾਸ਼ ਸਿੰਘ ਨੇ ਬੀਕਾਮ. ਦੀ
ਪੰਜਾਬ ਦੇ ਕਿਸਾਨਾਂ ਨੇ ਖੇਤੀ ਨੂੰ ਆਪਣੇ ਤਜ਼ਰਬਿਆਂ ਸਦਕਾ ਬਹੁਤ ਉਚਾਈਆਂ ਪ੍ਰਾਪਤ ਕੀਤੀਆਂ ਹਨ। ਅਜਿਹਾ ਹੀ ਇੱਕ ਕਿਸਾਨ ਹੈ ਪਿੰਡ ਝੰਜੇਰੀ,ਬਲਾਕ ਖਰੜ,ਜ਼ਿਲ੍ਹਾ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਵਸਨੀਕ ਗੁਰਪ੍ਰਕਾਸ਼ ਸਿੰਘ। ਗੁਰਪ੍ਰਕਾਸ਼ ਸਿੰਘ ਨੇ ਬੀਕਾਮ. ਦੀ ਪੜ੍ਹਾਈ ਕੀਤੀ ਹੋਈ ਹੈ ਤੇ ਕੁਝ ਸਮਾਂ ਨਿੱਜੀ ਵਪਾਰ ਕਰਨ ਉਪਰੰਤ ਆਪਣੀ ਜ਼ਮੀਨ ’ਤੇ ਜੈਵਿਕ ਖੇਤੀ ਕਰਨ ਨੂੰ ਹੀ ਆਪਣੀ ਆਮਦਨ ਦਾ ਜ਼ਰੀਆ ਬਣਾਅ ਲਿਆ। ਆਪਣੀ 9 ਏਕੜ ਖੇਤੀ ਯੋਗ ਜ਼ਮੀਨ ਵਿਚ ਵਧੀਆ ਖੇਤੀ ਕਰਕੇ ਗੁਰਪ੍ਰਕਾਸ਼ ਸਿੰਘ ਦੂਜੇ ਕਿਸਾਨਾਂ ਲਈ ਇੱਕ ਮਿਸਾਲ ਦਾ ਕੰਮ ਕਰਦਾ ਹੈ।
ਸਾਰੇ ਸਾਲ ਵਿਚ ਗੁਰਪ੍ਰਕਾਸ਼ ਸਿੰਘ ਆਪਣੀ ਜ਼ਮੀਨ ਵਿਚ ਕਣਕ, ਬਾਸਮਤੀ, ਛੋਲੇ, ਸਰੋਂ, ਮੂੰਗੀ, ਕਮਾਦ ਆਦਿ ਫ਼ਸਲਾਂ ਦੀ ਕਾਸ਼ਤ ਤੋਂ ਇਲਾਵਾ ਸਰਦੀ ਰੁੱਤ ਦੀਆਂ ਸਬਜ਼ੀਆਂ ਜਿਵੇਂ ਪਾਲਕ, ਮੇਥੀ, ਪਿਆਜ਼, ਆਲੂ, ਸਾਗ, ਬਾਥੂ, ਹਰੀ ਅਤੇ ਜਾਮਣੀ ਪੱਤਾ ਗੋਭੀ, ਚੁਲਾਈ, ਲੱਸਣ, ਚੁਕੰਦਰ, ਮੂਲੀ, ਸ਼ਲਗਮ, ਹਾਲੋਂ, ਲੈਟੱਸ ਆਦਿ ਦੀ ਕਾਸ਼ਤ ਕਰਦਾ ਹੈ ਤੇ ਗਰਮੀ ਰੁੱਤ ਵਿਚ ਕੌੜੀ ਅਤੇ ਸ਼ਿਮਲਾ ਮਿਰਚ, ਕੱਦੂ, ਘੀਆ, ਤੋਰੀ, ਕਰੇਲਾ, ਖਰਬੂਜਾ, ਤਰਬੂਜ਼, ਟੀਂਡਾ, ਵੰਗਾ, ਫੁੱਟਾਂ, ਚਿੱਬੜ, ਭਿੰਡੀ, ਗੁਆਰਾ, ਫ਼ਰਾਂਸਬੀਨ, ਪਾਲਕ, ਬੇਬੀ ਕਾਰਨ ਆਦਿ ਦੀ ਕਾਸ਼ਤ ਕਰਦਾ ਹੈ। ਫ਼ਾਰਮ ’ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਵੇਂ ਕੇਲਾ, ਆੜੂ, ਨਿੰਬੂ, ਚੀਕੂ, ਪਪੀਤਾ ਆਦਿ। ਜੈਵਿਕ ਖੇਤੀ, ਖੁੰਬ ਉਤਪਾਦਨ ਤੇ ਮੁਰਗੀ ਪਾਲਣ ਦੇ ਕਿੱਤੇ ਦੀ ਪੂਰਨ ਜਾਣਕਾਰੀ ਗੁਰਪ੍ਰਕਾਸ਼ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ (ਗੁਰੂ ਅੰਗਦ ਦੇਵ ਵੈਟਨਰੀ ਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੁਆਰਾ ਸਥਾਪਤ) ਜ਼ਿਲ੍ਹਾ- ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਸਿਖਲਾਈ ਲੈ ਕੇ ਹਾਸਲ ਕੀਤੀ ਹੈ। ਭਵਿੱਖ ਵਿਚ ਖੁੰਬਾਂ ਦਾ ਉਤਪਾਦਨ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ।
ਗੁਰਪ੍ਰਕਾਸ਼ ਸਿੰਘ ਪਾਲੀ ਹਾਊਸ ਤੇ ਸੁਰੰਗਾਂ ਵਿਚ ਢੱਕਵੀਂ ਖੇਤੀ ਕਰਨ ਦੀ ਸਿਖਲਾਈ ਵੀ ਲੈ ਚੁੱਕਾ ਹੈ। ਆਪਣੇ ਜੈਵਿਕ ਖੇਤੀ ਦੇ ਉਤਪਾਦ ਗੁਰਪ੍ਰਕਾਸ਼ ਸਿੰਘ ਸਿੱਧਾ ਹੀ ਖ਼ਪਤਕਾਰਾਂ ਨੂੰ ਵੇਚਦਾ ਹੈ ਤੇ ਵਧੀਆ ਭਾਅ ਲੈਂਦਾ ਹੈ। ਜੇਕਰ ਫ਼ਸਲ ਵਿੱਚ ਕੋਈ ਕੀੜਾ-ਮਕੌੜਾ ਜਾਂ ਬੀਮਾਰੀ ਦਿਖਾਈ ਦਿੰਦੀ ਹੈ ਤਾਂ ਉਸਦੇ ਇਲਾਜ ਵਜੋਂ ਦੇਸੀ ਢੰਗ ਤਰੀਕਿਆਂ ਨੂੰ ਅਪਨਾਅ ਕੇ ਪੂਰਾ ਹੱਲ ਕਰ ਲੈਂਦਾ ਹੈ। ਜ਼ਮੀਨ ਦੀ ਸਿਹਤ ਵਧੀਆ ਬਣੀ ਰਹੇ, ਇਸ ਲਈ ਗੁਰਪ੍ਰਕਾਸ਼ ਸਿੰਘ ਆਪਣੀ ਖੇਤੀ ਦੀ ਸਾਰੀ ਬੱਚ-ਖੁੱਚ ਨੂੰ ਆਪਣੇ ਖੇਤਾਂ ਵਿਚ ਹੀ ਵਾਹ ਕੇ ਜ਼ਮੀਨ ਦੀ ਸ਼ਕਤੀ ਵੀ ਵਧਾਉਂਦਾ ਹੈ। ਖੇਤੀ ਵਿਚ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਦਾ ਹੈ ਜਿਸ ਅਨੁਸਾਰ ਉਹ ਘੱਟ ਪਾਣੀ ਲੈਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਕਰਨ ਦੀ ਤਕਨੀਕ ਦੀ ਵਰਤੋਂ ਕਰਦਾ ਹੈ। ਉਸ ਦੇ ਕੋਲ ਆਪਣੇ ਖੇਤਾਂ ਦੀ ਸਿੰਚਾਈ ਲਈ ਲਈ ਪਾਣੀ ਦਾ ਵਧੀਆ ਪ੍ਰਬੰਧ ਹੈ। ਆਪਣੀਆਂ ਸਾਰੀਆਂ ਹੀ ਖੇਤੀ ਜਿਣਸਾਂ ਦੇ ਵਧੀਆ ਮੰਡੀਕਰਨ ਲਈ ਗੁਰਪ੍ਰਕਾਸ਼ ਸਿੰਘ ਮੋਬਾਈਲ ਤੇ ਇੰਟਰਨੈੱਟ ਦੀ ਪੂਰੀ ਵਰਤੋਂ ਕਰਕੇ ਮੰਡੀਕਰਨ ਕਰਦਾ ਹੈ ਤੇ ਵਧੀਆ ਭਾਅ ਤੇ ਆਪਣੀਆਂ ਜੈਵਿਕ ਖੇਤੀ ਜਿਣਸਾਂ ਨੂੰ ਵੇਚਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਕ੍ਰਿਸ਼ੀ ਵਿਗਿਆਨ ਕੇਂਦਰ, ਖੇਤੀ ਤੇ ਕਿਸਾਨ ਭਲਾਈ ਵਿਭਾਗ ਤੇ ਬਾਗਬਾਨੀ ਵਿਭਾਗ ਦੀ ਸਲਾਹ ਲੈ ਕੇ ਹੀ ਸਾਰੇ ਕੰਮ ਕਰਦਾ ਹੈ। ਭਵਿੱਖ ’ਚ ਗੁਰਪ੍ਰਕਾਸ਼ ਦੀਆਂ ਖੇਤੀ ਨੂੰ ਲੈ ਕੇ ਬਹੁਤ ਉਮੀਦਾਂ ਹਨ।