ਹੁਸ਼ਿਆਰਪੁਰ ਸ਼ਹਿਰ ਦੇ ਇੱਕ ਮੁਹੱਲੇ ਦੀ ਇੱਕ ਮੁਟਿਆਰ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਦੁਬਈ ਵਿਚ ਭੇਜ ਕੇ ਉਸ ਦਾ ਅੱਗੇ ਸੌਦਾ ਕਰਨ ਵਾਲੇ ਦੋ ਵਿਅਕਤੀਆਂ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹੁਸ਼ਿਆਰਪੁਰ ਸ਼ਹਿਰ ਦੇ ਇੱਕ ਮੁਹੱਲੇ ਦੀ ਇੱਕ ਮੁਟਿਆਰ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾ ਕੇ ਦੁਬਈ ਵਿਚ ਭੇਜ ਕੇ ਉਸ ਦਾ ਅੱਗੇ ਸੌਦਾ ਕਰਨ ਵਾਲੇ ਦੋ ਵਿਅਕਤੀਆਂ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਹਾਂ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਸ਼ਹਿਰ ਦੇ ਇੱਕ ਮੁਹੱਲੇ ਦੀ ਪੀੜਤ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਪੰਜ ਸਾਲ ਪਹਿਲਾਂ ਉਹ ਆਪਣੀ ਦਾਦੀ ਨਾਲ ਸ਼ਹਿਰ ਦੇ ਥੈਰੇਪੀ ਸੈਂਟਰ ਵਿਚ ਥੈਰੇਪੀ ਲੈਣ ਲਈ ਜਾਂਦੀ ਸੀ ਜਿੱਥੇ ਉਸ ਦੀ ਮੁਲਾਕਾਤ ਸੁਖਬੀਰ ਸਿੰਘ ਵਾਸੀ ਨੰਗਲ ਖ਼ੁਰਦ ਥਾਣਾ ਮਾਹਿਲਪੁਰ ਨਾਲ ਹੋਈ ਸੀ।
ਉੱਥੇ ਹੀ ਸੁਖਬੀਰ ਨੇ ਉਸ ਦਾ ਨੰਬਰ ਲੈ ਲਿਆ ਅਤੇ ਛੇ ਮਹੀਨੇ ਤੱਕ ਉਸ ਨਾਲ ਗੱਲਾਂ ਕਰਦਾ ਰਿਹਾ। ਉਸ ਤੋਂ ਬਾਅਦ ਉਸ ਦੇ ਘਰ ਵਾਲਿਆਂ ਨੇ ਉਸ ਦਾ ਫੋਨ ਲੈ ਲਿਆ। ਸੁਖਬੀਰ ਕੋਲ ਉਸ ਦੀਆਂ ਬਹੁਤ ਸਾਰੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓ ਸਨ ਪ੍ਰੰਤੂ ਘਰ ਵਾਲਿਆਂ ਕਾਰਨ ਉਸ ਨੇ ਆਪਣਾ ਸਬੰਧ ਉਸ ਨਾਲ ਤੋੜ ਲਿਆ।
ਪੰਜ ਸਾਲ ਬਾਅਦ ਉਸ ਨੇ ਸੋਸ਼ਲ ਮੀਡੀਆ ਰਾਹੀਂ ਸੁਖਬੀਰ ਨਾਲ ਸੰਪਰਕ ਕਰਕੇ ਉਸ ਕੋਲੋਂ ਆਪਣੀਆਂ ਤਸਵੀਰਾਂ ਮੰਗੀਆਂ ਤਾਂ ਉਸ ਨੇ ਉਹ ਤਸਵੀਰਾਂ ਵਾਪਸ ਕਰ ਦਿੱਤੀਆਂ ਅਤੇ ਨਾਲ ਹੀ ਕਿਹਾ ਕਿ ਉਸ ਨੇ ਉਸ ਦਾ ਪੰਜ ਸਾਲ ਇੰਤਜ਼ਾਰ ਕੀਤਾ ਹੈ ਅਤੇ ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਨੇ ਫੋਟੋ ਅਤੇ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਉਸ ਤੋਂ ਬਾਅਦ ਉਸ ਨੇ ਆਪਣੇ ਚਾਚੇ ਦੇ ਲੜਕੇ ਨਾਲ ਰਲ ਕੇ ਉਸ ਦਾ ਦੁਬਈ ਦਾ ਵੀਜ਼ਾ ਲਗਵਾ ਦਿੱਤਾ ਅਤੇ ਉਸ ਕੋਲੋਂ 12 ਲੱਖ ਦੀ ਘੜੀ, ਹੀਰੇ ਦੀ ਮੁੰਦਰੀ, ਸੋਨੇ ਦੀ ਮੰਦਰੀ ਅਤੇ ਲੌਕੇਟ ਅਤੇ 55000 ਰੁਪਏ ਕੈਸ਼ ਲੈਣ ਤੋਂ ਬਾਅਦ ਉਸ ਦਾ ਆਈਫੋਨ ਅਤੇ ਆਈਫੋਨ ਵਾਚ ਲੈ ਕੇ ਆਪਣੇ ਚਾਚੇ ਦੇ ਮੁੰਡੇ ਰਾਹੀਂ ਦੁਬਈ ਦਾ ਵੀਜ਼ਾ ਲਗਵਾਇਆ।
ਦੁਬਈ ਹਵਾਈ ਅੱਡੇ ਤੋਂ ਉਸ ਨੂੰ ਇਕੱਲੀ ਨੂੰ ਜਹਾਜ਼ ਰਾਹੀਂ ਭੇਜ ਦਿੱਤਾ ਅਤੇ ਆਪ ਬਹਾਨਾ ਲਗਾ ਦਿੱਤਾ ਕਿ ਉਹ ਆਪਣੀ ਭੈਣ ਦੇ ਵਿਆਹ ਤੋਂ ਦੁਬਈ ਆ ਜਾਵੇਗਾ। ਉਸ ਨੇ ਦੱਸਿਆ ਕਿ ਉੱਥੇ ਵੀ ਲਵਪ੍ਰੀਤ ਅਤੇ ਉਸ ਦੀ ਪਤਨੀ ਮਾਹੀ ਨੇ ਆਪਣੇ ਘਰ ਚਾਰ ਦਿਨ ਰੱਖਿਆ। ਉਸ ਨੇ ਦੱਸਿਆ ਕਿ ਉਸ ਨੂੰ ਸ਼ੱਕ ਹੋ ਗਿਆ ਸੀ ਜਿਸ ਕਾਰਨ ਉਸ ਨੇ ਘਰ ਵਾਲਿਆਂ ਨਾਲ ਚੋਰੀ ਸੰਪਰਕ ਕੀਤਾ ਅਤੇ ਸਾਰੀ ਕਹਾਣੀ ਦੱਸੀ।
ਉਸ ਨੇ ਦੱਸਿਆ ਕਿ ਉੱਥੇ ਉਸ ਦੇ ਪਾਪਾ ਦੇ ਮਿੱਤਰ ਰਾਹੁਲ ਸ਼ਰਮਾ ਲੈਣ ਪਹੁੰਚ ਗਏ ਜਿਨ੍ਹਾਂ ਸਾਰੀ ਕਹਾਣੀ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਨੂੰ ਦੱਸੀ। ਉਸ ਨੇ ਦੱਸਿਆ ਕਿ ਉੱਥੇ ਦੁਬਈ ਵਿਚ ਹੀ ਉਨ੍ਹਾਂ ਪਤਾ ਲੱਗਾ ਕਿ ਇਨ੍ਹਾਂ ਵਿਅਕਤੀਆਂ ਨੇ ਉਸ ਅੱਗੇ ਉਸ ਨੂੰ ਸਰੀਰਕ ਸ਼ੋਸ਼ਣ ਲਈ ਵੇਚ ਦਿੱਤਾ ਅਤੇ ਤਿੰਨ ਦਿਨ ਉਸ ਦਾ ਸ਼ੋਸ਼ਣ ਵੀ ਕੀਤਾ ਅਤੇ ਅਗਲੇ ਦਿਨ ਉਸ ਦੀ ਅਰਮੇਨੀਆ ਦੀ ਫਲਾਈਟ ਪੱਕੀ ਕੀਤੀ ਹੋਈ ਸੀ।
ਉਸ ਨੇ ਦੱਸਿਆ ਕਿ ਇਸੇ ਦੌਰਾਨ ਉਸ ਦੇ ਅੰਕਲ ਰਾਹੁਲ ਸ਼ਰਮਾ ਪਹੁੰਚ ਗਏ ਜਿਸ ਕਾਰਨ ਉਹ ਉਨ੍ਹਾਂ ਨਾਲ ਹੀ ਵਾਪਿਸ ਆ ਗਈ। ਪੁਲਿਸ ਨੇ ਸੁਖਬੀਰ ਸਿੰਘ ਕਾਲਾ ਅਤੇ ਉਸ ਦੇ ਸਾਥੀ ਸੋਹਣ ਸਿੰਘ ਵਾਸੀ ਢੱਕਾ ਥਾਣਾ ਹਰਿਆਣਾ ਵਿਰੁੱਧ ਸੰਗੀਨ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਦੋਹਾਂ ਨੂੰ ਕਾਬੂ ਕਰ ਲਿਆ।