DoT ਨੇ ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਤੇ ਹੋਰਾਂ ਸਮੇਤ ਦੂਰਸੰਚਾਰ ਆਪਰੇਟਰਾਂ ਨੂੰ ਸਾਈਬਰ ਅਪਰਾਧਾਂ ਨਾਲ ਸਬੰਧਤ 28,200 ਮੋਬਾਈਲ ਹੈਂਡਸੈੱਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ।
ਵਧਦੀ ਟੈਕਨਾਲੋਜੀ ਤੇ ਵਿਕਾਸ ਕਾਰਨ ਟੈਲੀਕਾਮ ਦੀ ਦੁਨੀਆ ‘ਚ ਕਾਫੀ ਬਦਲਾਅ ਆਇਆ ਹੈ। ਪਰ ਇਸ ਦੇ ਨਾਲ ਹੀ ਟੈਕਨਾਲੋਜੀ ਕਾਰਨ ਇਸ ਨਾਲ ਜੁੜੀਆਂ ਸਮੱਸਿਆਵਾਂ ਸਾਹਮਣੇ ਆਈਆਂ ਹਨ, ਅਜਿਹੇ ‘ਚ ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਕਾਰਨ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਯਤਨਸ਼ੀਲ ਰਹਿੰਦੀ ਹੈ।ਹਾਲ ਹੀ ‘ਚ ਦੂਰਸੰਚਾਰ ਵਿਭਾਗ (DoT) ਨੇ ਰਿਲਾਇੰਸ ਜੀਓ, ਭਾਰਤੀ ਏਅਰਟੈੱਲ, ਵੋਡਾਫੋਨ ਆਈਡੀਆ ਤੇ ਹੋਰਾਂ ਸਮੇਤ ਦੂਰਸੰਚਾਰ ਆਪਰੇਟਰਾਂ ਨੂੰ ਸਾਈਬਰ ਅਪਰਾਧਾਂ ਨਾਲ ਸਬੰਧਤ 28,200 ਮੋਬਾਈਲ ਹੈਂਡਸੈੱਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੂਰਸੰਚਾਰ ਕੰਪਨੀਆਂ ਨੂੰ 20 ਲੱਖ ਮੋਬਾਈਲ ਕੁਨੈਕਸ਼ਨਾਂ ਲਈ ਤੁਰੰਤ ਰੀ-ਵੈਰੀਫਿਕੇਸ਼ਨ ਕਰਨ ਲਈ ਵੀ ਕਿਹਾ ਗਿਆ ਹੈ। ਆਓ ਜਾਣਦੇ ਹਾਂ ਇਸ ਬਾਰੇ। ਤੁਹਾਨੂੰ ਦੱਸ ਦੇਈਏ ਕਿ ਇਕ ਅਧਿਕਾਰਤ ਬਿਆਨ ‘ਚ ਇਹ ਖੁਲਾਸਾ ਹੋਇਆ ਹੈ ਕਿ ਦੂਰਸੰਚਾਰ ਵਿਭਾਗ (DoT), ਗ੍ਰਹਿ ਮੰਤਰਾਲੇ (MHA) ਅਤੇ ਰਾਜ ਪੁਲਿਸ ਨੇ ਵਿੱਤੀ ਧੋਖਾਧੜੀ ਤੇ ਸਾਈਬਰ ਅਪਰਾਧ ਵਿੱਚ ਦੂਰਸੰਚਾਰ ਸਰੋਤਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਹੱਥ ਮਿਲਾਇਆ ਹੈ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਸਹਿਯੋਗੀ ਯਤਨ ਦਾ ਉਦੇਸ਼ ਧੋਖਾਧੜੀ ਕਰਨ ਵਾਲਿਆਂ ਦੇ ਨੈਟਵਰਕ ਨੂੰ ਖਤਮ ਕਰਨਾ ਤੇ ਨਾਗਰਿਕਾਂ ਨੂੰ ਡਿਜੀਟਲ ਖਤਰਿਆਂ ਤੋਂ ਬਚਾਉਣਾ ਹੈ। ਗ੍ਰਹਿ ਮੰਤਰਾਲੇ ਨੇ ਆਪਣੇ ਵਿਸ਼ਲੇਸ਼ਣ ‘ਚ ਪਾਇਆ ਹੈ ਕਿ ਸਾਈਬਰ ਅਪਰਾਧਾਂ ‘ਚ 28,200 ਮੋਬਾਈਲ ਹੈਂਡਸੈੱਟਸ ਦੀ ਦੁਰਵਰਤੋਂ ਕੀਤੀ ਗਈ ਸੀ। DoT ਨੇ ਅੱਗੇ ਪਾਇਆ ਕਿ ਇਨ੍ਹਾਂ ਮੋਬਾਈਲ ਹੈਂਡਸੈੱਟਸ ਨਾਲ 20 ਲੱਖ ਨੰਬਰਾਂ ਦੀ ਵਰਤੋਂ ਕੀਤੀ ਗਈ ਸੀ।