ਇਕ ਗੰਭੀਰ ਜ਼ਖ਼ਮੀ; 8 ਖਿਲਾਫ ਮਾਮਲਾ ਦਰਜ
ਕੇਂਦਰੀ ਜੇਲ੍ਹ ਅੰਦਰ ਰਹਿੰਦਿਆਂ ਕਿਸੇ ਗੱਲੋਂ ਹੋਈ ਲੜਾਈ ਨੂੰ ਲੈ ਕੇ ਇਕ ਧਿਰ ਵੱਲੋਂ ਬਾਹਰ ਆਉਣ ‘ਤੇ ਦੂਜੀ ਧਿਰ ‘ਤੇ ਗੋਲ਼ੀਆਂ ਚਲਾ ਕੇ ਜ਼ਖ਼ਮੀ ਕਰ ਦੇਣ ਦੀ ਖ਼ਬਰ ਹੈ। ਵਾਰਦਾਤ ਫਿਰੋਜ਼ਪੁਰ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਾਰ ‘ਤੇ ਜਾ ਰਹੇ ਦੋ ਲੋਕਾਂ ਨੂੰ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ ਗਿਆ। ਇਸ ਸਬੰਧ ‘ਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 2 ਬਾਏ ਨੇਮ ਵਿਅਕਤੀਆਂ ਅਤੇ 5-6 ਅਣਪਛਾਤੇ ਵਿਅਕਤੀਆਂ ਖਿਲਾਫ 307, 148, 149 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਜਾਣਕਾਰੀ ਦਿੰਦਿਆਂ ਜਸਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਅਲੀ ਕੇ ਰੋਡ ਬਾਗ ਵਾਲੀ ਬਸਤੀ ਫਿਰੋਜ਼ਪੁਰ ਸਿਟੀ ਨੇ ਦੱਸਿਆ ਕਿ ਉਹ ਆਪਣੇ ਚਾਚੇ ਦੇ ਲੜਕੇ ਸਾਗਰ ਉਰਫ ਬੱਗੀ ਪੁੱਤਰ ਜੱਸਾ ਸਿੰਘ ਵਾਸੀ ਬਸਤੀ ਬਾਗ ਵਾਲੀ ਨਾਲ ਆਪਣੀ ਕਾਰ ਆਈ-20 ’ਤੇ ਸਵਾਰ ਹੋ ਕੇ ਬਾਬਾ ਖੇਤਰਪਾਲ ਦੇ ਮੱਥਾ ਟੇਕਣ ਜਾ ਰਿਹਾ ਸੀ। ਜਦ ਉਹ ਅਲੀ ਕੇ ਰੋਡ ਆਟਾ ਚੱਕੀ ਪਾਸ ਪੁੱਜੇ ਤਾਂ ਪਿੱਛੇ ਮੋਟਰਸਾਈਕਲ ’ਤੇ ਰਾਜਬੀਰ ਸਿੰਘ ਉਰਫ ਦਲੇਰ ਪੁੱਤਰ ਮਹਿੰਦਰ ਸਿੰਘ ਤੇ ਸੁੱਖੂ ਪੁੱਤਰ ਕਰਨੈਲ ਸਿੰਘ ਵਾਸੀਅਨ ਬਸਤੀ ਬਾਗ ਵਾਲੀ ਤੇ 5-6 ਅਣਪਛਾਤੇ ਲੜਕੇ ਮੋਟਰਸਾਈਕਲਾਂ ’ਤੇ ਆ ਰਹੇ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਰਾਜਬੀਰ ਸਿੰਘ ਦੇ ਹੱਥ ਪਿਸਤੌਲ ਫੜਿਆ ਹੋਇਆ ਸੀ ਤੇ ਕਾਰ ਦੇ ਬਰਾਬਰ ਕਰਕੇ ਸੁੱਖੂ ਨੇ ਪਿਸਤੌਲ ਕੱਢ ਲਿਆ ਤੇ ਦੋਵਾਂ ਨੇ ਮਾਰ ਦੇਣ ਦੀ ਨੀਯਤ ਨਾਲ ਉਨ੍ਹਾਂ ’ਤੇ ਫਾਇਰ ਕੀਤੇ, ਜਿਨ੍ਹਾਂ ਵਿਚੋਂ ਇਕ ਫਾਇਰ ਸਾਗਰ ਉਰਫ ਬੱਗੀ ਦੇ ਸਿਰ ਵਿਚ ਲੱਗਾ। ਰੰਜ਼ਿਸ਼ ਇਹ ਹੈ ਕਿ ਸਾਗਰ ਉਰਫ ਬੱਗੀ ਕਿਸੇ ਮੁਕੱਦਮੇ ਵਿਚ ਜੇਲ੍ਹ ਵਿਚ ਬੰਦ ਸੀ, ਜਿਥੇ ਇਸ ਦਾ ਰਾਜਬੀਰ ਸਿੰਘ ਨਾਲ ਝਗੜਾ ਹੋਇਆ ਸੀ। ਜਸਪਾਲ ਸਿੰਘ ਨੇ ਦੱਸਿਆ ਕਿ ਸਾਗਰ ਦਾ ਇਲਾਜ ਅਨਿਲ ਬਾਗੀ ਹਸਪਤਾਲ ਵਿਚ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।