ਸਰਕਾਰੀ ਖੇਤਰ ਦੇ ਪੰਜ ਯੂਨਿਟ ਬੰਦ
ਕਣਕ ਦੀ ਵਾਢੀ ਲਗਪਗ ਪੂਰੀ ਹੋ ਗਈ ਹੈ ਤੇ ਕਿਸਾਨਾਂ ਨੇ ਝੋਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਲਈ ਪੀਐੱਸਪੀਸੀਐੱਲ ਵੱਲੋਂ ਖੇਤੀਬਾੜੀ ਖਪਤਕਾਰਾਂ ਨੂੰ ਦਿਨ ਤੇ ਰਾਤ ਸਮੇਂ ਤਿੰਨ ਤੋਂ ਚਾਰ ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਜਿਸ ਕਰ ਕੇ ਬਿਜਲੀ ਦੀ ਮੰਗ 9 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ ਹੈ। ਸੂਬੇ ਅੰਦਰਲੇ ਸਰਕਾਰੀ ਤੇ ਨਿੱਜੀ ਪਲਾਂਟਾਂ ਤੋਂ ਕਰੀਬ ਪੰਜ ਹਜ਼ਾਰ ਅਤੇ ਬਾਕੀ ਮੰਗ ਪੂਰੀ ਕਰਨ ਲਈ ਕੇਂਦਰੀ ਪੂਲ ਤੋਂ ਬਿਜਲੀ ਹਾਸਲ ਕੀਤੀ ਗਈ ਹੈ। ਸਰਕਾਰੀ ਥਰਮਲਾਂ ਦੇ ਪੰਜ ਯੂਨਿਟ ਬੰਦ ਹੋਣ ਕਾਰਨ 1100 ਮੈਗਾਵਾਟ ਤੋਂ ਵੱਧ ਬਿਜਲੀ ਉਤਪਾਦਨ ਪ੍ਰਭਾਵਿਤ ਹੈ ਜਦੋਂਕਿ ਨਿੱਜੀ ਖੇਤਰ ਦੇ ਦੋਵੇਂ ਥਰਮਲਾਂ ਤੋਂ ਤਿੰਨ ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਕੀਤੀ ਗਈ ਹੈ। ਦੂਸਰੇ ਪਾਸੇ ਸੋਮਵਾਰ ਦੁਪਹਿਰ ਤੱਕ ਬਿਜਲੀ ਬੰਦ ਸਬੰਧੀ ਸੂਬੇ ਭਰ ਵਿਚੋਂ 20 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਪੁੱਜੀਆਂ ਹਨ।ਜਾਣਕਾਰੀ ਅਨੁਸਾਰ ਸੋਮਵਾਰ ਨੂੰ ਪੰਜਾਬ ਰਾਜ ਬਿਜਲੀ ਨਿਗਮ ਨੇ ਸਰਕਾਰੀ ਖੇਤਰ ਦੇ 840 ਮੈਗਾਵਾਟ ਸਮਰੱਥਾ ਵਾਲੇ ਰੋਪੜ ਪਲਾਂਟ ਤੋਂ 307 ਮੈਗਾਵਾਟ, 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹੱਬਤ ਪਲਾਂਟ ਤੋਂ 372 ਮੈਗਾਵਾਟ, 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਪਲਾਂਟ ਤੋਂ 240 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਨਿੱਜੀ ਖੇਤਰ ਦੇ ਰਾਜਪੁਰਾ ਸਥਿਤ 1400 ਮੈਗਾਵਾਟ ਸਮਰੱਥਾ ਵਾਲੇ ਪਲਾਂਟ ਤੋਂ 1317 ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਪਲਾਂਟ ਤੋਂ 1798 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਹਾਈਡ੍ਰੋ ਪ੍ਰਾਜੈਕਟਾਂ ਤੋਂ ਕੁੱਲ 432 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ ਜਿਸ ਵਿਚ 600 ਮੈਗਾਵਾਟ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਅਤੇ 110 ਮੈਗਾਵਾਟ ਸਮਰੱਥਾ ਵਾਲੇ ਸ਼ਾਨਨ ਪ੍ਰਾਜੈਕਟ ਤੋਂ 100 ਮੈਗਾਵਾਟ ਬਿਜਲੀ ਵੀ ਸ਼ਾਮਲ ਹੈ।