HomeDeshWeather Update: ਪੰਜਾਬ 'ਚ ਪਵੇਗਾ ਮੀਂਹ, ਦੇਸ਼ ਦੇ ਇਨ੍ਹਾਂ ਸੂਬਿਆਂ ਲਈ ਵੀ...
Weather Update: ਪੰਜਾਬ ‘ਚ ਪਵੇਗਾ ਮੀਂਹ, ਦੇਸ਼ ਦੇ ਇਨ੍ਹਾਂ ਸੂਬਿਆਂ ਲਈ ਵੀ ਰਾਹਤ ਦੀ ਖ਼ਬਰ
ਪੰਜਾਬ ਵਿੱਚ 26 ਜੂਨ ਤੋਂ ਬਾਅਦ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
ਦੇਸ਼ ਭਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਹਲਕੀ ਬਾਰਿਸ਼ ਸ਼ੁਰੂ ਹੋ ਗਈ ਹੈ। ਮਾਨਸੂਨ ਨੇ ਵੀ ਅੱਧੇ ਤੋਂ ਵੱਧ ਦੇਸ਼ ਨੂੰ ਕਵਰ ਕਰ ਲਿਆ ਹੈ।
ਹਾਲਾਂਕਿ ਦੇਸ਼ ਦੀ ਰਾਜਧਾਨੀ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਸਣੇ ਕਈ ਸੂਬੇ ਅਜੇ ਵੀ ਮਾਨਸੂਨ ਦਾ ਇੰਤਜ਼ਾਰ ਕਰ ਰਹੇ ਹਨ, ਪਰ ਇਸ ਤੋਂ ਪਹਿਲਾਂ ਹੀ ਇੱਥੇ ਬਾਰਿਸ਼ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਮੌਸਮ ‘ਚ ਰਾਹਤ ਮਿਲੀ ਹੈ।
ਅੱਜ ਪੰਜਾਬ ਵਿੱਚ ਮੰਗਲਵਾਰ ਨੂੰ ਸਵੇਰ ਸਮੇਂ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 27 ਡਿਗਰੀ ਦਰਜ ਹੋਇਆ ਹੈ।
26 ਤੋਂ ਪ੍ਰੀ-ਮਾਨਸੂਨ ਦੇਵੇਗਾ ਦਸਤਕ
ਪੰਜਾਬ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਐਕਟਿਵ ਹੋ ਸਕਦਾ ਹੈ। 26 ਅਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਨਹੀਂ ਤਾਂ ਬੱਦਲ ਛਾਏ ਰਹਿਣਗੇ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ, ਜਦਕਿ 28 ਜੂਨ ਨੂੰ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਗ੍ਰਾਫਿਕਸ ਜ਼ਰੀਏ ਜਾਣੋ, ਆਪਣੇ ਸ਼ਹਿਰ ਦਾ ਤਾਪਮਾਨ :-
-
ਚੰਡੀਗੜ੍ਹ ਦਾ ਤਾਪਮਾਨ – ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਰਹੇਗਾ। ਸ਼ਨੀਵਾਰ ਤੋਂ ਐਤਵਾਰ ਦੇ ਦਰਮਿਆਨ ਗਰਜ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ।
-
ਅੰਮ੍ਰਿਤਸਰ ਦਾ ਤਾਪਮਾਨ – ਅੰਮ੍ਰਿਤਸਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 45 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਰਹੇਗਾ।
-
ਜਲੰਧਰ ਦਾ ਤਾਪਮਾਨ – ਜਲੰਧਰ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਰਹੇਗਾ। ਸ਼ਨੀਵਾਰ ਦੁਪਹਿਰ ਤੱਕ ਮੀਂਹ ਦਾ ਅਲਰਟ।
-
ਲੁਧਿਆਣਾ ਦਾ ਤਾਪਮਾਨ – ਲੁਧਿਆਣਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 43 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਰਹੇਗਾ। ਆਉਣ ਵਾਲੇ ਦੋ ਦਿਨਾਂ ਵਿੱਚ ਮੀਂਹ ਪੈ ਸਕਦਾ।
-
ਬਠਿੰਡਾ ਦਾ ਤਾਪਮਾਨ – ਬਠਿੰਡਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 31 ਡਿਗਰੀ ਰਹੇਗਾ। ਸ਼ਨੀਵਾਰ ਤੋਂ ਐਤਵਾਰ ਦੇ ਦਰਮਿਆਨ ਗਰਜ ਦੇ ਨਾਲ ਮੀਂਹ ਪੈਣ ਦਾ ਅਲਰਟ।
-
ਪਟਿਆਲਾ ਦਾ ਤਾਪਮਾਨ – ਪਟਿਆਲਾ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 42 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 30 ਡਿਗਰੀ ਰਹੇਗਾ। ਵੀਰਵਾਰ ਗਰਜ ਨਾਲ ਮੀਂਹ ਪੈ ਸਕਦਾ ਹੈ।
ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਮੀਂਹ ਦਾ ਅਲਰਟ
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ, ਅੱਜ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਪੰਜਾਬ ਦੇ ਕੁਝ ਹਿੱਸਿਆਂ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਰਾਇਲਸੀਮਾ, ਤਾਮਿਲਨਾਡੂ ਅਤੇ ਵਿਦਰਭ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ।
ਓਡੀਸ਼ਾ, ਮਰਾਠਵਾੜਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਤੱਟੀ ਆਂਧਰਾ ਪ੍ਰਦੇਸ਼, ਦੱਖਣ-ਪੂਰਬੀ ਅਤੇ ਪੂਰਬੀ ਰਾਜਸਥਾਨ, ਬਿਹਾਰ, ਝਾਰਖੰਡ, ਪੱਛਮੀ ਬੰਗਾਲ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
ਅੰਡੇਮਾਨ ਅਤੇ ਨਿਕੋਬਾਰ ਟਾਪੂ, ਕੇਰਲ, ਤੱਟਵਰਤੀ ਕਰਨਾਟਕ, ਕੋਂਕਣ ਅਤੇ ਗੋਆ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਸਿੱਕਮ, ਉਪ-ਹਿਮਾਲਿਆ ਪੱਛਮੀ ਬੰਗਾਲ, ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਦੀਪ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ।
ਦੇਸ਼ ਦੇ ਮੌਸਮ ਦੀ ਸਥਿਤੀ
ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤੇਜ਼ ਧੁੱਪ ਤੋਂ ਰਾਹਤ ਮਿਲਦੀ ਹੈ। ਦਿੱਲੀ ‘ਚ ਪਿਛਲੇ ਕੁਝ ਦਿਨਾਂ ਤੋਂ ਹਲਕੀ ਬਾਰਿਸ਼ ਜਾਰੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ 4 ਦਿਨਾਂ ਤੱਕ ਮੀਂਹ ਦੇ ਨਾਲ ਤੂਫਾਨ ਦਾ ਅਲਰਟ ਹੈ।
ਇਸ ਤੋਂ ਬਾਅਦ 29 ਅਤੇ 30 ਜੂਨ ਨੂੰ ਦਿੱਲੀ ‘ਚ ਆਸਮਾਨ ‘ਚ ਆਮ ਤੌਰ ‘ਤੇ ਬੱਦਲ ਛਾਏ ਰਹਿਣਗੇ ਅਤੇ ਮੀਂਹ ਜਾਂ ਹਨੇਰੀ ਆਉਣ ਦੀ ਸੰਭਾਵਨਾ ਹੈ।
ਇਨ੍ਹਾਂ ਦਿਨਾਂ ਵਿੱਚ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਆਉਣ ਦੀ ਸੰਭਾਵਨਾ ਹੈ। ਅੱਜ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਹੋ ਸਕਦਾ ਹੈ ਅਤੇ ਮਹੀਨੇ ਦੇ ਅੰਤ ਤੱਕ ਇਹ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ।
ਮਹੀਨੇ ਦੇ ਅੰਤ ਤੱਕ ਮਾਨਸੂਨ ਦਿੱਲੀ ਪਹੁੰਚ ਜਾਵੇਗਾ ਅਤੇ ਚੰਗੀ ਬਾਰਿਸ਼ ਸ਼ੁਰੂ ਹੋ ਜਾਵੇਗੀ।