ਇਸ ਵਾਰ ਚੰਡੀਗੜ੍ਹੀਏ ਬਾਰਸ਼ ਨੂੰ ਤਰਸ ਗਏ ਹਨ।
ਇਸ ਵਾਰ ਚੰਡੀਗੜ੍ਹੀਏ ਬਾਰਸ਼ ਨੂੰ ਤਰਸ ਗਏ ਹਨ। ਟਰਾਈਸਿਟੀ ਵਿੱਚ ਮਾਨਸੂਨ ਆਉਣ ਦੇ ਬਾਵਜੂਦ ਮੀਂਹ ਨਹੀਂ ਪੈ ਰਿਹਾ। ਪਿਛਲੇ ਕਈ ਦਿਨਾਂ ਤੋਂ ਬੱਦਲਵਾਈ ਬਣੀ ਹੋਈ ਹੈ ਪਰ ਮੀਂਹ ਨਹੀਂ ਪੈ ਰਿਹਾ। ਗਰਮੀ ਤੇ ਹੁੰਮਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਦੋ-ਤਿੰਨ ਵਾਰ ਹਲਕੀ ਬਾਰਸ਼ ਹੋਈ ਹੈ ਪਰ ਇਸ ਨਾਲ ਪਾਰਾ ਹੇਠਾਂ ਨਹੀਂ ਗਿਆ।
ਉਧਰ, ਮੌਸਮ ਵਿਭਾਗ ਨੇ ਕਿਹਾ ਹੈ ਕਿ ਅੱਜ ਮੀਂਹ ਪੈ ਸਕਦਾ ਹੈ। ਵੀਰਵਾਰ ਨੂੰ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਸਵੇਰ ਤੋਂ ਹੀ ਸ਼ਹਿਰ ਵਿੱਚ ਹਲਕੇ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਅਨੁਸਾਰ ਅਗਲੇ ਦੋ-ਤਿੰਨ ਦਿਨਾਂ ਤੱਕ ਬੱਦਲ ਛਾਏ ਰਹਿਣਗੇ ਤੇ ਹਲਕੀ ਬਾਰਸ਼ ਹੋਣ ਦੀ ਸੰਭਾਵਨਾ ਰਹੇਗੀ।
ਮੌਸਮ ਵਿਭਾਗ ਨੇ ਬੀਤੇ ਦਿਨ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਜੋ ਆਮ ਨਾਲੋਂ 1.2 ਡਿਗਰੀ ਸੈਲਸੀਅਸ ਵੱਧ ਹੈ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ ਵੀ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਹ ਵੀ ਆਮ ਨਾਲੋਂ 2.1 ਡਿਗਰੀ ਸੈਲਸੀਅਸ ਵੱਧ ਹੈ।
ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੱਜ ਵੀ ਤਾਪਮਾਨ ‘ਚ ਕੋਈ ਬਦਲਾਅ ਨਹੀਂ ਹੋਵੇਗਾ ਪਰ 27 ਜੁਲਾਈ ਨੂੰ ਤਾਪਮਾਨ ਵਿੱਚ ਮਾਮੂਲੀ ਗਿਰਾਵਟ ਆਵੇਗੀ ਤੇ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਇਸ ਵਾਰ ਵੀ ਆਮ ਨਾਲੋਂ 48.5% ਘੱਟ ਮੀਂਹ ਪਿਆ ਹੈ। ਮੌਸਮ ਵਿਭਾਗ ਨੇ 1 ਜੂਨ ਤੋਂ ਹੁਣ ਤੱਕ 185.3 ਮਿਲੀਮੀਟਰ ਬਾਰਸ਼ ਦਰਜ ਕੀਤੀ ਹੈ।