ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਬੀਤੇ ਦਿਨ ਪੰਜਾਬ ਭਰ ਵਿੱਚ ਕਈ ਜਗ੍ਹਾ ਮੀਹ ਅਤੇ ਤੇਜ ਹਵਾਵਾਂ ਚੱਲਣ ਕਾਰਨ ਤਾਪਮਾਨ ਵਿੱਚ ਕੁਝ ਕਮੀ ਵੇਖਣ ਨੂੰ ਮਿਲੀ ਸੀ, ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਮੁੜ ਤੋਂ ਲੋਕਾਂ ਨੂੰ ਗਰਮੀ ਦਾ ਪ੍ਰਕੋਪ ਝੱਲਣਾ ਪੈ ਸਕਦਾ ਹੈ ਜਿਸ ਨੂੰ ਲੈ ਕੇ ਪੀ ਏ ਯੂ ਮੋਸਮ ਵਿਭਾਗ ਦੇ ਮਾਹਿਰਾਂ ਵਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ : ਮੌਸਮ ਵਿਭਾਗ ਦੇ ਮਾਹਿਰ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਵਧਣ ਦੀ ਸੰਭਾਵਨਾ ਹੈ ਜਿਸ ਦੇ ਚੱਲਦਿਆਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੀ ਧੁੱਪ ਤੋਂ ਬਚਣਾ ਚਾਹੀਦਾ ਹੈ ਅਤੇ ਤਾਪਮਾਨ ਵਿਚ ਵੱਡਾ ਬਦਲਾਅ ਵੇਖਣ ਨੂੰ ਮਿਲ ਰਿਹਾ ਅਤੇ ਲੋਕਾਂ ਨੂੰ ਖਾਸ ਧਿਆਨ ਰੱਖਣ ਦੀ ਲੋੜ ਹੈ।
ਆਉਣ ਵਾਲੇ ਦਿਨਾਂ ਵਿੱਚ ਪੈ ਸਕਦਾ ਮੀਂਹ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਪਵਨੀਤ ਕੌਰ ਨੇ ਦੱਸਿਆ ਕਿ 15 ਮਈ ਤੋਂ 5 ਜੂਨ ਤੱਕ ਤਾਪਮਾਨ 40 ਡਿਗਰੀ ਤੋਂ ਉੱਪਰ ਰਿਹਾ ਹੈ ਜਿਸ ਦੇ ਚੱਲਦਿਆਂ ਕਈ ਸਾਲਾਂ ਦੇ ਰਿਕਾਰਡ ਟੁੱਟੇ ਹਨ। ਉਨ੍ਹਾਂ ਕਿਹਾ ਕਿ ਮਈ ਮਹੀਨੇ ਵਿੱਚ ਟੈਂਪਰੇਚਰ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਤੱਕ ਵੀ ਵੱਧ ਰਿਹਾ ਹੈ, ਪਰ ਜੂਨ ਦੇ ਪਹਿਲੇ ਹਫ਼ਤੇ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਜਰੂਰ ਵੇਖਣ ਨੂੰ ਮਿਲੀ ਹੈ। ਉਨ੍ਹਾਂ ਕਿਹਾ ਗਰਮੀ ਵਿੱਚ ਕੁਝ ਰਾਹਤ ਜਰੂਰ ਲੋਕਾਂ ਨੂੰ ਮਿਲੀ ਹੈ 1-2 ਦਿਨਾਂ ਤੋਂ ਸਿਸਟਮ ਇੱਕ ਬਣਿਆ ਹੋਇਆ ਸੀ। ਆਉਣ ਵਾਲੇ 24 ਘੰਟਿਆਂ ਦੇ ਵਿੱਚ ਵੀ ਪੰਜਾਬ ਦੇ ਅੰਦਰ ਕਈ ਹਿੱਸਿਆਂ ਦੇ ਵਿੱਚ ਤੇਜ਼ ਹਵਾਵਾਂ ਅਤੇ ਹਨੇਰੀ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ।
ਇਸ ਵਾਰ ਰਿਕਾਰਡ ਟੁੱਟੇ: ਪਿਛਲੇ ਲਗਾਤਾਰ ਇੱਕ ਮਹੀਨੇ ਦੋ ਸੂਬੇ ਦੇ ਲੋਕਾਂ ਨੂੰ ਤੱਪਦੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲਗਾਤਾਰ ਗਰਮੀ ਦੇ ਕਰਕੇ ਕਈ ਹਾਦਸੇ ਵੀ ਵਾਪਰ ਰਹੇ ਸਨ ਅਤੇ ਮੌਸਮ ਨੇ ਪਿਛਲੇ ਸਾਲਾਂ ਦੇ ਕਈ ਰਿਕਾਰਡ ਵੀ ਤੋੜੇ ਸਨ। ਜੇਕਰ ਮਈ ਮਹੀਨੇ ਦੇ ਵਿੱਚ ਬਾਰਿਸ਼ ਦੀ ਗੱਲ ਕੀਤੀ ਜਾਵੇ, ਤਾਂ ਹੁਣ ਨਾਮਾਤਰ ਰਹੀ ਹੈ, ਪਰ ਜੂਨ ਦੀ ਸ਼ੁਰੂਆਤ ਤੋਂ ਹੀ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਅਤੇ ਬੱਦਲਵਾਈ ਹੋਈ ਹੈ ਜਿਸ ਨਾਲ ਗਰਮੀ ਤੋਂ ਕੁਝ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ, ਪਰ ਉਸ ਦੇ ਦਿਨਾਂ ਵਿੱਚ ਮੁੜ ਤੋਂ ਟੈਂਪਰੇਚਰ ਵਿੱਚ ਵਾਧਾ ਹੋ ਸਕਦਾ ਹੈ।