ਉੱਤਰਕਾਸ਼ੀ- ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਪਿਠਲੇ 17 ਦਿਨਾਂ ਤੋਂ ਸੁਰੰਗ ‘ਚ ਫਸੇ 41 ਮਜ਼ਦੂਰਾਂ ਨੂੰ ਬਚਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਜਿੱਥੇ ਇਕ ਪਾਸੇ ਇਸ ਆਪਰੇਸ਼ਨ ‘ਚ ਸਾਰੀਆਂ ਮਸ਼ੀਨਾਂ ਫ਼ੇਲ ਹੋ ਗਈਆਂ ਤਾਂ ਉੱਥੇ ਇਸ ਚੱਟਾਨ ਨੂੰ ਚੀਰਣ ‘ਚ ਸਿਰਫ਼ ਭਾਰਤੀ ਮਜ਼ਦੂਰ ਹੀ ਕੰਮ ਆਏ। ਸੁਰੰਗ ਦੇ ਸਿਲਕਿਆਰਾ ਛੋਰ ਤੋਂ ਹੋਰੀਜੈਂਟਲੀ ਖੋਦਾਈ ਕਰ ਰਹੀ ਅਮਰੀਕਨ ਆਗਰ ਡਰਿਲਿੰਗ ਮਸ਼ੀਨ, ਸੁਰੰਗ ਦੇ ਅੰਦਰ ਹੀ ਟੁੱਟ ਗਈ। ਫਿਰ ਫ਼ੌਜ ਬੁਲਾਈ ਗਈ ਅਤੇ 50 ਜਵਾਨ ਰੈਸਕਿਊ ਟੀਮ ਨਾਲ ਮਿਲ ਕੇ ਆਗਰ ਮਸ਼ੀਨ ਦਾ ਮਲਬਾ ਪਾਈਪ ‘ਚੋਂ ਕੱਢਦੀ ਹੈ। ਇਸ ਤੋਂ ਬਾਅਦ ਰੈਟ ਮਾਈਨਿੰਗ ਯਾਨੀ ਚੂਹਿਆਂ ਦੀ ਤਰ੍ਹਾਂ ਪਹਾੜ ਦੀ ਖੋਦੀ ਜਾਂ ਹੱਥਾਂ ਨਾਲ ਪਹਾੜ ਦੀ ਖੋਦਾਈ।
ਰੈਟ ਮਾਈਨਰਜ਼ ਬਣੇ ਵਰਦਾਨ
21 ਘੰਟਿਆਂ ’ਚ ਹੱਥਾਂ ਨਾਲ ਪੁੱਟ ਦਿੱਤੀ 10 ਤੋਂ 12 ਮੀਟਰ ਲੰਬੀ ਸੁਰੰਗ
ਆਗਰ ਮਸ਼ੀਨ ਨਾਲ ਆਖਰੀ 10 ਮੀਟਰ ਦੀ ਖੁਦਾਈ ਸੰਭਵ ਨਹੀਂ ਸੀ। ਫਿਰ 7 ਰੈਟ ਮਾਈਨਰਜ਼ ਦੀ ਇਕ ਟੀਮ ਨੇ ਰੈਟ ਹੋਲ ਮਾਈਨਿੰਗ ਤਕਨੀਕ ਦੀ ਵਰਤੋਂ ਕਰ ਕੇ ਸੁਰੰਗ ਵਿਚ ਕੰਮ ਪੂਰਾ ਕੀਤਾ। ਇਨ੍ਹਾਂ ਰੈਟ ਮਾਈਨਰਜ਼ ਨੇ 21 ਘੰਟਿਆਂ ਵਿਚ ਲਗਭਗ 10 ਤੋਂ 12 ਮੀਟਰ ਲੰਬੀ ਸੁਰੰਗ ਦੀ ਖੋਦਾਈ ਕਰ ਕੇ ਕਈ ਦਿਨਾਂ ਤੋਂ ਫਸੇ ਮਜ਼ਦੂਰਾਂ ਦੀ ਜਾਨ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਇਹ ਰੈਟ ਮਾਈਨਰਜ਼ ਪਤਲੀਆਂ ਅਤੇ ਹਾਰੀਜ਼ੈਂਟਲ ਖਾਣਾਂ ’ਚੋਂ ਕੋਲਾ ਕੱਢਣ ਵਿੱਚ ਮੁਹਾਰਤ ਰੱਖਦੇ ਹਨ। ਉਹ 3 ਤੋਂ 4 ਫੁੱਟ ਡੂੰਘਾ ਟੋਆ ਪੁੱਟ ਕੇ ਉਸ ਅੰਦਰ ਡੂੰਘੀ ਮਾਈਨਿੰਗ ਕਰਦੇ ਹਨ। ਫਿਰ ਇੱਕ ਵਿਅਕਤੀ ਅੰਦਰ ਜਾ ਕੇ ਕੋਲਾ ਕੱਢਦਾ ਰਹਿੰਦਾ ਹੈ। ਇਸ ਲਈ ਖੁਰਪੀ, ਬੇਲਚਾ, ਹਥੌੜਾ ਤੇ ਤਸਲੇ ਵਰਗੇ ਸਾਮਾਨ ਦੀ ਮਦਦ ਲਈ ਜਾਂਦੀ ਹੈ।
ਰੈਟ ਮਾਈਨਰਜ਼ ਆਪਣਾ ਕੰਮ ਕਿਵੇਂ ਕਰਦੇ ਹਨ ?
ਰੈਟ ਮਾਈਨਰਜ਼ ਆਪਣੇ ਹੱਥਾਂ ਨਾਲ ਛੋਟੇ ਬੇਲਚਿਆਂ ਅਤੇ ਹਥੌੜਿਆਂ ਨਾਲ ਖੁਦਾਈ ਕਰਦੇ ਹਨ। ਜੋ ਮਲਬਾ ਨਿਕਲਦਾ ਹੈ, ਉਸ ਨੂੰ ਛੋਟੇ ਪੈਨ ਜਾਂ ਟਰਾਲੀ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਜੇ ਮਾਈਨਿੰਗ ਛੋਟੇ ਔਜ਼ਾਰਾਂ ਨਾਲ ਨਹੀਂ ਕੀਤੀ ਜਾ ਸਕਦੀ ਤਾਂ ਫਿਰ ਉਹ ਡਰਿਲਿੰਗ ਮਸ਼ੀਨਾਂ ਦੀ ਵਰਤੋਂ ਕਰਦੇ ਹਨ। ਉਹ ਆਕਸੀਜਨ ਦੇ ਮਾਸਕ ਅਤੇ ਸੁਰੱਖਿਆ ਵਾਲੀਆਂ ਐਨਕਾਂ ਪਹਿਨਦੇ ਹਨ। ਨਾਲ ਹੀ ਪਾਈਪ ਵਿਚ ਇਕ ਬਲੋਅਰ ਚਲਾਇਆ ਜਾਂਦਾ ਹੈ ਤਾਂ ਜੋ ਹਵਾ ਦਾ ਸੰਚਾਰ ਕਾਇਮ ਰਹੇ। ਰੈਟ ਮਾਈਨਰਜ਼ ਦੀ ਟੀਮ ਡਰਿੱਗ ਮਸ਼ੀਨਾਂ ਨਾਲ ਪਹੁੰਚੀ ਹੈ, ਇਨ੍ਹਾਂ ਦੀ ਮਦਦ ਨਾਲ ਮਲਬੇ ਦੀ ਖੋਦਾਈ ਕਰ ਕੇ ਰਸਤਾ ਬਣਾਇਆ ਜਾਂਦਾ ਹੈ। 2 ਰੈਟ ਮਾਈਨਜ਼ਰ ਪਾਈਪਲਾਈਨ ‘ਚ ਜਾਂਦੇ ਹਨ। ਇਕ ਅੱਗੇ ਦਾ ਰਸਤਾ ਬਣਾਉਂਦਾ ਹੈ ਅਤੇ ਦੂਜਾ ਮਲਬੇ ਨੂੰ ਟਰਾਲੀ ‘ਚ ਭਰਦਾ ਹੈ। ਅੰਦਰ ਦੇ 2 ਲੋਕ ਜਦੋਂ ਥੱਕ ਜਾਂਦੇ ਹਨ ਤਾਂ ਬਾਹਰੋਂ 2 ਅੰਦਰ ਜਾਂਦੇ ਹਨ। ਉੱਤਰਕਾਸ਼ੀ ਦੀ ਸੁਰੰਗ ‘ਚ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਣ ‘ਚ ਇਨ੍ਹਾਂ ਮਾਈਨਰਜ਼ ਦੀ ਭੂਮਿਕਾ ਕਿਸੇ ਨਾਇਕ ਵਰਗੀ ਹੈ। ਇਨ੍ਹਾਂ ਦੀ ਮਿਹਨਤ ਰੰਗ ਲਿਆਈ।