ਮਨੁੱਖੀ ਮੌਜੂਦਗੀ ਨੂੰ ਬਣਾਈ ਰੱਖਣ ਲਈ ਹੈ ਲਾਭਦਾਇਕ
ਚੰਦਰਮਾ ‘ਤੇ ਪਾਣੀ ਦੀ ਖੋਜ ਨਾਲ ਜੁੜੇ ਨਵੇਂ ਤੱਥ ਸਾਹਮਣੇ ਆਏ ਹਨ। ਹਾਲੀਆ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਚੰਦਰਮਾ ਦੇ ਧਰੁਵੀ ਟੋਇਆਂ ਵਿੱਚ ਪਹਿਲਾਂ ਸੋਚੇ ਗਏ ਨਾਲੋਂ ਜ਼ਿਆਦਾ ਬਰਫ਼ ਹੋਣ ਦੀ ਸੰਭਾਵਨਾ ਹੈ। ਇਹ ਅਧਿਐਨ ਸਪੇਸ ਐਪਲੀਕੇਸ਼ਨ ਸੈਂਟਰ (ਐਸਏਸੀ) ਅਤੇ ਇਸਰੋ ਦੇ ਵਿਗਿਆਨੀਆਂ ਦੁਆਰਾ ਆਈਆਈਟੀ ਕਾਨਪੁਰ, ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ, ਜੈੱਟ ਪ੍ਰੋਪਲਸ਼ਨ ਲੈਬਾਰਟਰੀ ਅਤੇ ਆਈਆਈਟੀ (ਆਈਐਸਐਮ) ਧਨਬਾਦ ਦੇ ਖੋਜਕਰਤਾਵਾਂ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਹਾਲ ਹੀ ਦੇ ਅਧਿਐਨਾਂ ਤੋਂ ਪਤਾ ਚੱਲਦਾ ਹੈ ਕਿ ਚੰਦਰਮਾ ਦੀ ਸਤ੍ਹਾ ਤੋਂ ਕੁਝ ਮੀਟਰ ਹੇਠਾਂ ਪੰਜ ਤੋਂ ਅੱਠ ਗੁਣਾ ਜ਼ਿਆਦਾ ਬਰਫ਼ ਮੌਜੂਦ ਹੈ। ਏਜੰਸੀ ਨੇ ਕਿਹਾ ਕਿ ਇਹ ਚੰਦਰਮਾ ‘ਤੇ ਮਨੁੱਖੀ ਮੌਜੂਦਗੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ ਲਾਭਦਾਇਕ ਸਾਬਤ ਹੋਵੇਗਾ। ਅਧਿਐਨ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਚੰਦਰਮਾ ਦੇ ਉੱਤਰੀ ਧਰੁਵੀ ਖੇਤਰ ਵਿਚ ਬਰਫ਼ ਦੀ ਮਾਤਰਾ ਦੱਖਣੀ ਧਰੁਵੀ ਖੇਤਰ ਨਾਲੋਂ ਦੁੱਗਣੀ ਹੈ। ਅਧਿਐਨ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਇਸ ਬਰਫ਼ ਦੀ ਉਤਪਤੀ ਦਾ ਮੁੱਢਲਾ ਸਰੋਤ ਜਵਾਲਾਮੁਖੀ ਤੋਂ ਨਿਕਲਣ ਵਾਲੀ ਗੈਸ ਹੋਵੇਗੀ। ਏਜੰਸੀ ਨੇ ਕਿਹਾ ਕਿ ਰਿਸਰਚ ਟੀਮ ਨੇ ਚੰਦਰਮਾ ‘ਤੇ ਬਰਫ਼ ਦੀ ਉਤਪਤੀ ਅਤੇ ਵੰਡ ਨੂੰ ਸਮਝਣ ਲਈ ਨਾਸਾ ਦੇ ਪੁਲਾੜ ਯਾਨ ‘ਲੂਨਰ ਰਿਕੋਨਾਈਸੈਂਸ ਔਰਬਿਟਰ’ ‘ਤੇ ਰਾਡਾਰ, ਲੇਜ਼ਰ, ਆਪਟੀਕਲ, ਨਿਊਟ੍ਰੋਨ ਸਪੈਕਟਰੋਮੀਟਰ, ਅਲਟਰਾ-ਵਾਇਲੇਟ ਸਪੈਕਟਰੋਮੀਟਰ ਅਤੇ ਥਰਮਲ ਰੇਡੀਓਮੀਟਰ ਸਮੇਤ ਸੱਤ ਯੰਤਰਾਂ ਦੀ ਵਰਤੋਂ ਕੀਤੀ।