ਸਤਲੁਜ ਦਰਿਆ ਨੇੜੇ ਸਥਿਤ ਧਾਰਮਿਕ ਸਥਾਨ ’ਤੇ ਸਮਾਗਮ ’ਚ ਸ਼ਾਮਲ ਹੋਣ ਆਇਆ 14 ਸਾਲਾ ਬੱਚਾ ਤੇ ਉਸਦਾ ਮਾਮਾ ਦਰਿਆ ਦੇ ਤੇਜ਼ ਵਹਾਅ ’ਚ ਰੁੜ੍ਹ ਗਏ।
ਸਤਲੁਜ ਦਰਿਆ ਨੇੜੇ ਸਥਿਤ ਧਾਰਮਿਕ ਸਥਾਨ ’ਤੇ ਸਮਾਗਮ ’ਚ ਸ਼ਾਮਲ ਹੋਣ ਆਇਆ 14 ਸਾਲਾ ਬੱਚਾ ਤੇ ਉਸਦਾ ਮਾਮਾ ਦਰਿਆ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਮਾਮੇ ਨੇ ਭਾਣਜੇ ਨੂੰ ਬਚਾਉਣ ਦੀ ਕੋਸ਼ਿਸ਼ ’ਚ ਦਰਿਆ ’ਚ ਛਾਲ ਮਾਰੀ ਸੀ।
ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। 14 ਸਾਲਾ ਅੰਸ਼ ਵਾਲੀਆ ਪੁੱਤਰ ਰਾਜ ਵਾਲੀਆ ਵਾਸੀ ਸੰਨੀ ਇਨਕਲੇਵ ਖਰੜ, ਆਪਣੇ ਹੋਰ ਪਰਿਵਰਕ ਮੈਂਬਰਾਂ ਨਾਲ ਵੀਰਵਾਰ ਨੂੰ ਪੀਰ ਬਦਲੀ ਸ਼ੇਰ ਵਿਖੇ ਸੰਤ ਕੇਹਰ ਸਿੰਘ ਦੀ ਬਰਸੀ ਸਮਾਗਮ ’ਚ ਆਇਆ ਸੀ।
ਇਸ ਦੌਰਾਨ ਉਹ ਸਤਲੁਜ ਦਰਿਆ ਨੇੜੇ ਨਹਾਉਣ ਗਿਆ ਤਾਂ ਪਾਣੀ ਦੇ ਵਹਾਅ ’ਚ ਡੁੱਬਣ ਲੱਗਾ। ਉਸ ਨੂੰ ਡੁੱਬਦਾ ਦੇਖ ਉਸ ਦੇ ਮਾਮੇ ਰਮਨ ਕੁਮਾਰ ਵਾਸੀ 38 ਸੈਕਟਰ ਚੰਡੀਗੜ੍ਹ ਨੇ ਵੀ ਉਸ ਨੂੰ ਬਚਾਉਣ ਲਈ ਦਰਿਆ ’ਚ ਛਾਲ ਮਾਰ ਦਿੱਤੀ।
ਪਰ ਦੋਵਾਂ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ। ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਪੁਲਿਸ ਚੌਂਕੀ ਆਸਰੋਂ ਤੇ ਪੁਲਿਸ ਥਾਣਾ ਕਾਠਗੜ੍ਹ ਦੇ ਮੁਲਾਜ਼ਮਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਮਾਮੇ ਤੇ ਭਾਣਜੇ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਖ਼ਬਰ ਲਿਖੇ ਜਾਣ ਤੱਕ ਦੋਵੇਂ ਨਹੀਂ ਸਨ ਮਿਲੇ।