ਰੂਸ-ਯੂਕਰੇਨ ਜੰਗ ’ਚ ਦੋ ਭਾਰਤੀਆਂ ਦੀ ਮੌਤ ਹੋ ਗਈ।
ਰੂਸ-ਯੂਕਰੇਨ ਜੰਗ ’ਚ ਦੋ ਭਾਰਤੀਆਂ ਦੀ ਮੌਤ ਹੋ ਗਈ। ਮਾਰੇ ਗਏ ਦੋਵੇਂ ਭਾਰਤੀ ਰੂਸੀ ਫ਼ੌਜ ’ਚ ਜਬਰੀ ਭਰਤੀ ਕੀਤੇ ਗਏ ਸਨ। ਭਾਰਤ ਨੇ ਇਸ ਮਾਮਲੇ ਨੂੰ ਰੂਸ ਦੇ ਸਾਹਮਣੇ ਜ਼ੋਰਦਾਰ ਤਰੀਕੇ ਨਾਲ ਉਠਾਇਆ ਹੈ ਤੇ ਰੂਸੀ ਫ਼ੌਜ ’ਚ ਸ਼ਾਮਲ ਸਾਰੇ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਵਾਪਸੀ ਦੀ ਮੰਗ ਕੀਤੀ ਹੈ।
ਇਸ ਤੋਂ ਪਹਿਲਾਂ ਵੀ ਰੂਸ-ਯੂਕਰੇਨ ਜੰਗ ’ਚ ਭਾਰਤੀ ਨਾਗਰਿਕ ਦੀ ਮੌਤ ਹੋ ਚੁੱਕੀ ਹੈ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਰੂਸ ਤੇ ਯੂਕਰੇਨ ਵਿਚਕਾਰ ਚੱਲ ਰਹੇ ਸੰਘਰਸ਼ ਦੌਰਾਨ ਹੁਣੇ ਜਿਹੇ ਇਨ੍ਹਾਂ ਦੋਵਾਂ ਭਾਰਤੀਆਂ ਦੀ ਮੌਤ ਹੋਈ ਹੈ। ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ।
ਮਾਸਕੋ ’ਚ ਸਾਡੀ ਅੰਬੈਸੀ ਨੇ ਰੱਖਿਆ ਮੰਤਰਾਲੇ ਸਮੇਤ ਰੂਸੀ ਅਧਿਕਾਰੀਆਂ ਨੂੰ ਮਾਰੇ ਗਏ ਭਾਰਤੀਆਂ ਦੀਆਂ ਮਿ੍ਰਤਕ ਦੇਹਾਂ ਛੇਤੀ ਤੋਂ ਛੇਤੀ ਵਾਪਸ ਭੇਜਣ ਦੀ ਵਿਵਸਥਾ ਕਰਨ ਲਈ ਕਿਹਾ ਹੈ। ਰਿਪੋਰਟ ਮੁਤਾਬਕ ਕਈ ਭਾਰਤੀ ਰੂਸੀ ਫ਼ੌਜ ’ਚ ਸੁਰੱਖਿਆ ਸਹਾਇਕ ਦੇ ਰੂਪ ’ਚ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਯੂਕਰੇਨ ਨਾਲ ਰੂਸ ਦੀ ਸਰਹੱਦ ’ਤੇ ਕੁਝ ਇਲਾਕਿਆਂ ’ਚ ਰੂਸੀ ਫ਼ੌਜੀਆਂ ਨਾਲ ਲੜਨ ਲਈ ਮਜਬੂਰ ਕੀਤਾ ਗਿਆ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਤੇ ਮਾਸਕੋ ਸਥਿਤ ਭਾਰਤੀ ਅੰਬੈਸੀ ਨੇ ਨਵੀਂ ਦਿੱਲੀ ’ਚ ਰੂਸੀ ਰਾਜਦੂਤ ਤੇ ਮਾਸਕੋ ’ਚ ਰੂਸੀ ਅਧਿਕਾਰੀਆਂ ਦੇ ਸਾਹਮਣੇ ਇਹ ਮਾਮਲਾ ਮਜ਼ਬੂਤੀ ਨਾਲ ਉਠਾਇਆ ਹੈ ਤਾਂ ਜੋ ਰੂਸੀ ਫ਼ੌਜ ’ਚ ਸਾਮਿਲ ਸਾਰੇ ਭਾਰਤੀ ਨਾਗਰਿਕਾਂ ਦੀ ਛੇਤੀ ਰਿਹਾਈ ਤੇ ਵਾਪਸੀ ਹੋ ਸਕੇ।
ਭਾਰਤ ਨੇ ਇਹ ਵੀ ਮੰਗ ਕੀਤੀ ਹੈ ਕਿ ਰੂਸੀ ਫ਼ੌਜ ’ਚ ਸਾਡੇ ਨਾਗਰਿਕਾਂ ਦੀ ਭਰਤੀ ’ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ। ਅਸੀਂ ਭਾਰਤੀ ਨਾਗਰਿਕਾਂ ਨੂੰ ਰੂਸ ’ਚ ਰੁਜ਼ਗਾਰ ਦੇ ਮੌਕੇ ਲੱਭਦਿਆਂ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।