ਪੰਜਾਬ ‘ਚ ਚੱਲ ਰਹੇ ਕਿਸਾਨ ਅੰਦੋਲਨ ਦਾ ਰੇਲਾਂ ‘ਤੇ ਅਸਰ ਪੈ ਰਿਹਾ ਹੈ। ਸ਼ੁੱਕਰਵਾਰ ਨੂੰ ਵੱਡੀ ਗਿਣਤੀ ‘ਚ ਟਰੇਨਾਂ ਪ੍ਰਭਾਵਿਤ ਹੋਈਆਂ। ਦਿੱਲੀ ਤੋਂ ਕਟੜਾ, ਜੰਮੂ ਅਤੇ ਅੰਮ੍ਰਿਤਸਰ ਦਾ ਰੂਟ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਰੇਲਵੇ ਮੁਤਾਬਕ ਕਿਸਾਨ ਪਟੜੀ ਤੋਂ ਦੂਰ ਚਲੇ ਗਏ ਹਨ, ਪਰ ਜਲਦੀ ਹੀ ਟਰੇਨਾਂ ਦਾ ਸੰਚਾਲਨ ਸ਼ੁਰੂ ਹੋ ਜਾਵੇਗਾ।
ਦਿੱਲੀ-ਕਟੜਾ ਟ੍ਰੈਕ ‘ਤੇ ਰੇਲ ਗੱਡੀਆਂ ਦਾ ਸੰਚਾਲਨ ਠੱਪ
ਕਿਸਾਨਾਂ ਦੇ ਅੰਦੋਲਨ ਕਾਰਨ ਦਿੱਲੀ-ਕਟੜਾ ਟ੍ਰੈਕ ‘ਤੇ ਰੇਲ ਗੱਡੀਆਂ ਦਾ ਸੰਚਾਲਨ ਠੱਪ ਹੋ ਗਿਆ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਰੇਲਵੇ ਮੰਤਰਾਲੇ ਮੁਤਾਬਕ 19 ਨਵੰਬਰ ਤੋਂ 27 ਨਵੰਬਰ ਤੱਕ ਕੁੱਲ 118 ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਕਈ ਟਰੇਨਾਂ ਰੱਦ ਹਨ, ਕਈਆਂ ਨੂੰ ਅੰਸ਼ਕ ਤੌਰ ‘ਤੇ ਰੱਦ ਕਰ ਦਿੱਤਾ ਗਿਆ ਹੈ, ਕੁਝ ਬਦਲੇ ਹੋਏ ਰੂਟਾਂ ‘ਤੇ ਚੱਲ ਰਹੀਆਂ ਹਨ ਅਤੇ ਕੁਝ ਦੂਜੇ ਸਟੇਸ਼ਨਾਂ ਤੋਂ ਚੱਲ ਰਹੀਆਂ ਹਨ। ਇਨ੍ਹਾਂ ‘ਚੋਂ ਮੁੱਖ ਤੌਰ ‘ਤੇ ਦਿੱਲੀ ਤੋਂ ਕਟੜਾ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ, ਸ਼੍ਰੀਸ਼ਕਤੀ ਐਕਸਪ੍ਰੈੱਸ, ਅੰਮ੍ਰਿਤਸਰ ਸ਼ਤਾਬਦੀ, ਸ਼ਾਨ-ਏ-ਪੰਜਾਬ ਵਰਗੀਆਂ ਟਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ।
ਇਸ ਦੇ ਨਾਲ ਹੀ ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਅਨੁਸਾਰ ਕਿਸਾਨ ਟਰੈਕ ਤੋਂ ਹਟ ਗਏ ਹਨ ਅਤੇ ਜਲਦੀ ਹੀ ਇਸ ਰੂਟ ‘ਤੇ ਰੇਲ ਸੇਵਾ ਬਹਾਲ ਕਰ ਦਿੱਤੀ ਜਾਵੇਗੀ।