ਜਲੰਧਰ : ਆਪਣੀਆਂ ਮੰਗਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਲੰਧਰ-ਫਗਵਾੜਾ ਹਾਈਵੇ ’ਤੇ ਲਗਾਏ ਧਰਨੇ ਨੂੰ ਲੈ ਕੇ ਟ੍ਰੈਫਿਕ ਪੁਲਸ ਨੇ ਲੁਧਿਆਣਾ ਤੋਂ ਆਉਣ ਵਾਲੇ ਹੈਵੀ ਅਤੇ ਲਾਈਟ ਵ੍ਹੀਕਲਾਂ ਲਈ ਰਸਤੇ ਡਾਇਵਰਟ ਕਰ ਦਿੱਤੇ ਹਨ। ਏ. ਡੀ. ਸੀ. ਪੀ. ਟ੍ਰੈਫਿਕ ਕੰਵਲਪ੍ਰੀਤ ਸਿੰਘ ਚਾਹਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਵੇਂ ਰਸਤਿਆਂ ਦੀ ਹੀ ਵਰਤੋਂ ਕੀਤੀ ਜਾਵੇ ਤਾਂ ਜੋ ਉਹ ਜਾਮ ਵਿਚ ਨਾ ਫਸਣ। ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲਾ ਹੈਵੀ ਵ੍ਹੀਕਲ ਟ੍ਰੈਫਿਕ ਸੁਭਾਨਪੁਰ ਤੋਂ ਟਾਂਡਾ, ਹੁਸ਼ਿਆਰਪੁਰ ਅਤੇ ਫਿਰ ਫਗਵਾੜਾ ਪਹੁੰਚ ਕੇ ਲੁਧਿਆਣਾ ਵੱਲ ਜਾਵੇਗਾ।
ਪਠਾਨਕੋਟ ਵੱਲੋਂ ਆਉਣ ਵਾਲਾ ਹੈਵੀ ਵ੍ਹੀਕਲ ਲੁਧਿਆਣਾ ਜਾਣ ਲਈ ਦਸੂਹਾ ਤੋਂ ਮੁੜ ਕੇ ਹੁਸ਼ਿਆਰਪੁਰ ਅਤੇ ਫਿਰ ਫਗਵਾੜਾ ਹੁੰਦੇ ਹੋਏ ਲੁਧਿਆਣਾ ਵੱਲ ਮੂਵ ਕਰੇਗਾ। ਕਪੂਰਥਲਾ ਤੋਂ ਲੁਧਿਆਣਾ ਜਾਣ ਵਾਲੇ ਹੈਵੀ ਵ੍ਹੀਕਲਾਂ ਨੂੰ ਕਾਲਾ ਸੰਘਿਆਂ ਤੋਂ ਨਕੋਦਰ, ਨੂਰਮਹਿਲ ਹੁੰਦੇ ਹੋਏ ਫਿਲੌਰ ਤੋਂ ਲੁਧਿਆਣਾ ਵੱਲ ਜਾਣਾ ਹੋਵੇਗਾ। ਨਕੋਦਰ ਤੋਂ ਅੰਮ੍ਰਿਤਸਰ ਜਾਣ ਵਾਲੇ ਹੈਵੀ ਵ੍ਹੀਕਲ ਨਕੋਦਰ ਤੋਂ ਕਾਲਾ ਸੰਘਿਆਂ ਹੁੰਦੇ ਹੋਏ ਕਪੂਰਥਲਾ ਪਹੁੰਚ ਕੇ ਅੰਮ੍ਰਿਤਸਰ ਵੱਲ ਜਾਣਗੇ। ਲੁਧਿਆਣਾ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹੈਵੀ ਵ੍ਹੀਕਲ ਫਿਲੌਰ ਤੋਂ ਨਕੋਦਰ, ਕਪੂਰਥਲਾ ਤੋਂ ਹੁੰਦੇ ਹੋਏ ਅੰਮ੍ਰਿਤਸਰ ਵੱਲ ਡਾਈਵਰਟ ਕੀਤੇ ਗਏ ਹਨ, ਜਦਕਿ ਲੁਧਿਆਣਾ ਤੋਂ ਜਲੰਧਰ ਆਉਣ ਵਾਲੇ ਹੈਵੀ ਵ੍ਹੀਕਲਾਂ ਨੂੰ ਫਿਲੌਰ ਤੋਂ ਨਕੋਦਰ ਅਤੇ ਫਿਰ ਜਲੰਧਰ ਵਿਚ ਆਉਣਾ ਹੋਵੇਗਾ।
ਏ. ਡੀ. ਸੀ. ਪੀ. ਚਾਹਲ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਜਾਣ ਵਾਲਾ ਲਾਈਟ ਵ੍ਹੀਕਲ ਟ੍ਰੈਫਿਕ ਕਰਤਾਰਪੁਰ ਤੋਂ ਕਿਸ਼ਨਗੜ੍ਹ, ਅਲਾਵਲਪੁਰ, ਆਦਮਪੁਰ ਅਤੇ ਫਿਰ ਮੇਹਟੀਆਣਾ ਤੋਂ ਲੁਧਿਆਣਾ ਵੱਲ ਜਾਵੇਗਾ। ਪਠਾਨਕੋਟ ਤੋਂ ਲੁਧਿਆਣਾ ਜਾਣ ਵਾਲੇ ਲਾਈਟ ਵਾਹਨ ਟਾਂਡਾ ਤੋਂ ਹੁਸ਼ਿਆਰਪੁਰ, ਮੇਹਟੀਆਣਾ ਹੁੰਦੇ ਹੋਏ ਫਗਵਾੜਾ ਤੋਂ ਲੁਧਿਆਣਾ ਵੱਲ ਟਰਨ ਕਰਨਗੇ। ਲੁਧਿਆਣਾ ਤੋਂ ਪਠਾਨਕੋਟ ਅਤੇ ਅੰਮ੍ਰਿਤਸਰ ਜਾਣ ਵਾਲੇ ਛੋਟੇ ਵਾਹਨ ਫਗਵਾੜਾ ਤੋਂ ਹੁਸ਼ਿਆਰਪੁਰ, ਟਾਂਡਾ ਅਤੇ ਦਸੂਹਾ ਦੇ ਰਸਤੇ ਜਾਣਗੇ। ਲੁਧਿਆਣਾ ਤੋਂ ਜਲੰਧਰ ਆਉਣ ਵਾਲਾ ਲਾਈਟ ਵ੍ਹੀਕਲਾਂ ਦਾ ਟ੍ਰੈਫਿਕ ਮੈਕਡੋਨਲਡ ਕੈਂਟ ਤੋਂ ਜੀ. ਐੱਨ. ਏ. ਚੌਂਕ ਤੋਂ ਦੀਪ ਨਗਰ ਅਤੇ ਜਲੰਧਰ ਤੋਂ ਲੁਧਿਆਣਾ ਜਾਣ ਵਾਲੇ ਛੋਟੇ ਵ੍ਹੀਕਲ ਰਾਮਾ ਮੰਡੀ ਚੌਕ ਤੋਂ ਕੈਂਟ ਅਤੇ ਫਿਰ ਦੀਪ ਨਗਰ ਤੋਂ ਹੁੰਦੇ ਹੋਏ ਜੀ. ਐੱਨ. ਏ. ਚੌਂਕ ਤੋਂ ਐਂਟਰੀ ਲੈਣਗੇ।