ਪੰਜਾਬ ‘ਚ ਨਸ਼ਿਆਂ ਦੀ ਬਿਮਾਰੀ ਜੜ੍ਹਾਂ ‘ਚ ਬੈਠਣ ਲੱਗੀ ਹੈ, ਇਸ ਨੂੰ ਵੇਖਦੇ ਹੋਏ ਧਰਮ ਗੁਰੂ ਪਹਿਲਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇ ਰਹੇ ਹਨ
ਰਾਜ ‘ਚ ਨਸ਼ਿਆਂ ਦੇ ਪਸਾਰ ਨੁੰ ਰੋਕਣ ਲਈ ਹੁਣ ਪੰਜਾਬ ਸਰਕਾਰ ਪੰਜਾਬੀ ਕਲਾਕਾਰਾਂ ਦਾ ਸਹਾਰਾ ਲੈ ਰਹੀ ਹੈ। ਕਿਸੇ ਬੁਰਾਈ ਨੂੰ ਖਤਮ ਕਰਨ ‘ਚ ਜਦੋਂ ਪ੍ਰਸ਼ਾਸਨ ਤੇ ਸਮਾਜਿਕ ਸੰਗਠਨ ਅਸਫਲ ਹੋ ਜਾਂਦੇ ਹਨ ਤਾਂ ਧਰਮ ਅਤੇ ਫਿਲਮੀ ਕਲਾਕਾਰ ਹੀ ਸਹਾਰਾ ਬਣਦੇ ਹਨ। ਪੰਜਾਬ ‘ਚ ਨਸ਼ਿਆਂ ਦੀ ਬਿਮਾਰੀ ਜੜ੍ਹਾਂ ‘ਚ ਬੈਠਣ ਲੱਗੀ ਹੈ, ਇਸ ਨੂੰ ਵੇਖਦੇ ਹੋਏ ਧਰਮ ਗੁਰੂ ਪਹਿਲਾਂ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦੇ ਰਹੇ ਹਨ, ਉੱਥੇ ਹੁਣ ਸੂਬਾ ਸਰਕਾਰ ਨੇ ਫਿਲਮੀ ਕਲਾਕਾਰਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਨਾਮੀ ਕਲਾਕਾਰਾਂ ਤੋਂ ਇਲਾਵਾ ਖਿਡਾਰੀ ਵੀ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੰਦੇਸ਼ ਰਹੇ ਹਨ।
ਨਸ਼ਾ ਮੁਕਤ ਪੰਜਾਬ ਅਭਿਆਨ ਤਹਿਤ ਹਾਸਰਸ ਕਲਾਕਾਰ ਕਪਿਲ ਸ਼ਰਮਾ(Kapil Sharma) ਵੀ ਜੁੜੇ ਹਨ। ਕਪਿਲ ਸ਼ਰਮਾ ਨੇ ਕਿਹਾ ਕਿ ਰਾਜ ‘ਚ ਨਸ਼ੇ ਦਾ ਦਰਿਆ ਵਗ ਰਿਹਾ ਹੈ। ਨੌਜਵਾਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਹਨ। ਅੱਗੇ ਜਾ ਕੇ ਉਨ੍ਹਾਂ ਦਾ ਕੀ ਹਾਲ ਹੋਵੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
ਹਾਸਰਸ ਕਲਾਕਾਰ ਕਪਿਲ ਸ਼ਰਮਾ ਤੋਂ ਇਲਾਵਾ ਪੰਜਾਬੀ ਕਲਾਕਾਰ ਬੀਨੂੰ ਢਿੱਲੋਂ, ਜਸਬੀਰ ਜੱਸੀ, ਅੰਮ੍ਰਿਤ ਮਾਨ, ਗੁਰਚੇਰ ਚਿੱਤਰਕਾਰ, ਓਲੰਪੀਅਡ ਮਨੂ ਭਾਕਰ ਵੀ ਨਸ਼ਾ ਛੱਡਣ ਦੀ ਮੁਹਿੰਮ ‘ਚ ਪੰਜਾਬ ਪੁਲਿਸ ਦੇ ਨਾਲ ਜੁੜ ਚੁੱਕੇ ਹਨ। ਕਰੀਬ ਇਕ ਮਹੀਨਾ ਪਹਿਲਾਂ ਐਂਟੀ ਡਰੱਗ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਸੀ। ਗਠਨ ਤੋਂ ਬਾਅਦ ਪੰਜਾਬ ਪੁਲਿਸ ਨੇ ਕਰੀਬ 85 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਹੈ, ਜੋ ਇਸ ਸਾਲ ਹੁਣ ਤਕ ਦੀ ਦੂਜੀ ਸਭ ਤੋਂ ਵੱਡੀ ਬਰਾਮਦਗੀ ਹੈ। ਬੀਤੇ ਸਤੰਬਰ ‘ਚ 908 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 661 ਐੱਫ਼ਆਈਆਰਜ਼ ਦਰਜ ਕੀਤੀਆਂ ਗਈਆਂ। ਔਸਤਨ, ਲਗਪਗ 30 ਨਸ਼ਾ ਤਸਕਰ ਫੜੇ ਗਏ ਅਤੇ ਰੋਜ਼ਾਨਾ 22 ਐੱਫ਼ਆਈਅਰਜ਼ ਦਰਜ ਕੀਤੀਆਂ ਗਈਆਂ। ਪੁਲਿਸ ਨੇ ਅਪ੍ਰੈਲ ‘ਚ 119 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ, ਜੋ ਇਸ ਸਾਲ ਹੁਣ ਤੱਕ ਇਕ ਮਹੀਨੇ ‘ਚ ਸਭ ਤੋਂ ਵੱਧ ਹੈ। ਰਾਜ ‘ਚ ਨਸ਼ਾ ਤਸਕਰੀ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਇਕ ਉਲਝਿਆ ਮੁੱਦਾ ਰਿਹਾ ਹੈ।
ਕਈ ਗਿਰੋਹਾਂ ਦਾ ਪਰਦਾਫਾਸ਼ ਕਰਨ ਤੋਂ ਇਲਾਵਾ, ਪੁਲਿਸ ਨੇ ਇਕ ਡੀਐੱਸਪੀ ‘ਤੇ ਐਨਡੀਪੀਐੱਸ ਮਾਮਲੇ ‘ਚ ਸ਼ੱਕੀਆਂ ਨੂੰ ਛੱਡਣ ਲਈ ਕਥਿਤ ਤੌਰ ‘ਤੇ 45 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਹੈ। ਪਿਛਲੇ ਮਹੀਨੇ ਡਰੱਗ ਤਸਕਰਾਂ ਦੀ 49 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।