ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਾਹੁਲ ’ਤੇ ਖਾਲਿਸਤਾਨ ਸਮਰਥਕ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਦੀ ਭਾਸ਼ਾ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ
ਲੋਕਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਆਪਣੀ ਅਮਰੀਕਾ ਯਾਤਰਾ ਦੌਰਾਨ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਸਿਆਸਤ ਨੂੰ ਲੈ ਕੇ ਨਹੀਂ ਹੈ, ਬਲਕਿ ਇਸ ਗੱਲ ਦੀ ਹੈ ਕਿ ਇਕ ਸਿੱਖ ਦੇ ਤੌਰ ’ਤੇ ਉਨ੍ਹਾਂ ਨੂੰ ਭਾਰਤ ’ਚ ਦਸਤਾਰ ਬੰਨ੍ਹਣ ਦੀ ਇਜਾਜ਼ਤ ਮਿਲੇਗੀ ਜਾਂ ਨਹੀਂ ਤੇ ਕੀ ਉਹ ਗੁਰਦੁਆਰੇ ਜਾ ਸਕਣਗੇ? ਉਨ੍ਹਾਂ ਦੇ ਇਸ ਬਿਆਨ ’ਤੇ ਭਾਜਪਾ ਨੇ ਤਿੱਖਾ ਇਤਰਾਜ਼ ਪ੍ਰਗਟਾਇਆ ਹੈ।
ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਰਾਹੁਲ ’ਤੇ ਖਾਲਿਸਤਾਨ ਸਮਰਥਕ ਅੱਤਵਾਦੀ ਗੁਰਪਤਵੰਤ ਸਿੰਘ ਪਨੂੰ ਦੀ ਭਾਸ਼ਾ ਬੋਲਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਰਤ ’ਚ ਰਹਿਣ ਵਾਲੇ ਸਿੱਖਾਂ ਬਾਰੇ ਗਲਤਬਿਆਨੀ ਕਰ ਕੇ ਕਾਂਗਰਸੀ ਆਗੂ ਅਮਰੀਕਾ ’ਚ ਰਹਿਣ ਵਾਲੇ ਸਿੱਖ ਭਾਈਚਾਰੇ ਨੂੰ ਗੁਮਰਾਹ ਕਰ ਰਹੇ ਹਨ। ਇਹੀ ਕੰਮ ਅੱਤਵਾਦੀ ਪਨੂੰ ਵੀ ਕਰਦਾ ਹੈ।
ਵਰਜੀਨੀਆ ’ਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਦੌਰਾਨ ਰਾਹੁਲ ਨੇ ਇਕ ਵਿਅਕਤੀ ਨੂੰ ਕਿਹਾ, ‘ਸਭ ਤੋਂ ਪਹਿਲਾਂ, ਤੁਹਾਨੂੰ ਇਹ ਸਮਝਣਾ ਪਵੇਗਾ ਕਿ ਲੜਾਈ ਕਿਸ ਬਾਰੇ ਹੈ।
ਲੜਾਈ ਸਿਆਸਤ ਨੂੰ ਲੈ ਕੇ ਨਹੀਂ ਹੈ। ਇਹ ਸਤਹੀ ਗੱਲ ਹੈ। ਤੁਹਾਡਾ ਨਾਂ ਕੀ ਹੈ? ਲੜਾਈ ਇਸ ਗੱਲ ਦੀ ਹੈ ਕਿ ਕੀ ਇਕ ਸਿੱਖ ਦੇ ਤੌਰ ’ਤੇ ਉਨ੍ਹਾਂ ਨੂੰ ਭਾਰਤ ’ਚ ਦਸਤਾਰ ਬੰਨ੍ਹਣ ਦੀ ਇਜਾਜ਼ਤ ਦਿੱਤੀ ਜਾਏਗੀ? ਜਾਂ ਸਿੱਖ ਦੇ ਤੌਰ ’ਤੇ ਉਨ੍ਹਾਂ ਨੂੰ ਭਾਰਤ ’ਚ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਏਗੀ? ਜਾਂ ਇਕ ਸਿੱਖ ਗੁਰਦੁਆਰੇ ’ਚ ਜਾ ਸਕੇਗਾ? ਲੜਾਈ ਇਸ ਬਾਰੇ ਹੈ ਤੇ ਇਹ ਸਿਰਫ਼ ਉਨ੍ਹਾਂ ਲਈ ਨਹੀਂ, ਸਾਰੇ ਧਰਮਾਂ ਲਈ ਹੈ।’
ਵਿਰੋਧੀ ਧਿਰ ਦੇ ਆਗੂ ਨੇ ਕਿਹਾ, ‘ਮੈਂ ਇੱਥੇ ਭੀੜ ’ਚ ਤਾਮਿਲਨਾਡੂ, ਪੰਜਾਬ, ਹਰਿਆਣਾ, ਤੇਲੰਗਾਨਾ, ਕਰਨਾਟਕ, ਆਂਧਰ ਪ੍ਰਦੇਸ਼•, ਕੇਰਲ ਦੇ ਲੋਕਾਂ ਨੂੰ ਦੇਖ ਸਕਦਾ ਹਾਂ। ਮੈਂ ਕੇਰਲ ਤੋਂ ਸੰਸਦ ਮੈਂਬਰ ਰਿਹਾ ਹਾਂ। ਸਭ ਤੋਂ ਪਹਿਲਾਂ, ਜਦੋਂ ਤੁਸੀਂ ਕਹਿੰਦੇ ਹੋ, ਜਦੋਂ ਸਮਝ ’ਚ ਨਹੀਂ ਆਉਂਦਾ, ਤਾਂ ਕੇਰਲ ਇਕ ਸਾਧਾਰਨ ਸ਼ਬਦ ਹੈ, ਪੰਜਾਬ ਇਕ ਸਾਧਾਰਨ ਸ਼ਬਦ ਹੈ, ਪਰ ਇਹ ਸਾਧਾਰਨ ਸ਼ਬਦ ਨਹੀਂ ਹੈ। ਇਹ ਤੁਹਾਡਾ ਇਤਿਹਾਸ ਹੈ, ਤੁਹਾਡੀ ਪਰੰਪਰਾ ਹੈ। ਤੁਹਾਡੀ ਕਲਪਨਾ ਇਨ੍ਹਾਂ ਸ਼ਬਦਾਂ ’ਚ ਹੈ।’
ਭਾਰਤ ’ਚ ਸਿੱਖਾਂ ਦੀ ਸਥਿਤੀ ਨੂੰ ਲੈ ਕੇ ਰਾਹੁਲ ਦੇ ਬਿਆਨ ਪਿੱਛੇ ਸਾਜ਼ਿਸ਼ ਦੇ ਸ਼ੱਕ ਬਾਰੇ ਪੁੱਛੇ ਜਾਣ ’ਤੇ ਹਰਦੀਪ ਪੁਰੀ ਨੇ ਦਿੱਲੀ ’ਚ ਕਿਹਾ ਕਿ ਇਸ ਬਾਰੇ ਪਤਾ ਲਗਾਇਆ ਜਾਏਗਾ। ਪਰ ਏਨਾ ਸਾਫ਼ ਹੈ ਕਿ ਰਾਹੁਲ ਵਿਦੇਸ਼ੀ ਧਰਤੀ ’ਤੇ ਜਾ ਕੇ ਇਕ ਖ਼ਤਰਨਾਕ ਨੈਰੇਟਿਵ ਘੜ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।
ਸੱਚਾਈ ਇਹ ਹੈ ਕਿ ਭਾਰਤ ’ਚ ਸ਼ਹਿਰਾਂ ਨੂੰ ਲੈਕੇ ਦੂਰ ਦਰਾਡੇ ਦੇ ਇਲਾਕਿਆਂ ’ਚ ਸਿੱਖ ਭਰਾਵਾਂ ਨੂੰ ਦਸਤਾਰ ਬੰਨ੍ਹ ਕੇ ਆਪਣਾ-ਆਪਣਾ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਵੀ ਗੁਰਦੁਆਰੇ ਗਏ ਤਾਂ ਦਸਤਾਰ ਬੰਨ੍ਹ ਕੇ ਹੀ ਗਏ।
ਹਰਦੀਪ ਪੁਰੀ ਨੇ ਕਿਹਾ ਕਿ ਭਾਰਤ ’ਚ ਸਿਰਫ਼ ਇਕ ਵਾਰੀ 1984 ’ਚ ਸਿੱਖ ਭਰਾਵਾਂ ਨੂੰ ਜਾਨ ਬਚਾਉਣ ਲਈ ਦਸਤਾਰ ਲਾਹੁਣੀ ਪਈ ਤੇ ਵਾਲ ਕਟਵਾਉਣੇ ਪਏ ਸਨ। ਉਸ ਕਤਲੇਆਮ ’ਚ ਤਿੰਨ ਹਜ਼ਾਰ ਸਿੱਖ ਭਰਾਵਾਂ-ਭੈਣਾਂ ਦੀਆਂ ਜਾਨਾਂ ਗਈਆਂ ਸਨ ਤੇ ਪਹਿਲੀ ਵਾਰੀ ਪੂਰਾ ਸਿੱਖ ਭਾਈਚਾਰਾ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਉਸ ਸਮੇਂ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਸਨ, ਜਿਨ੍ਹਾਂ ਨੇ ਵੱਡਾ ਦਰਖੱਤ ਡਿੱਗਣ ’ਤੇ ਧਰਤੀ ਹਿੱਲਣ ਦੀ ਗੱਲ ਕਹਿ ਕੇ ਸਿੱਖਾਂ ਦੇ ਕਤਲੇਆਮ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਸੀ।