ਨਤੀਜੇ ਆਉਣ ’ਤੇ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਸਮਾਨ ਉਪਲਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਵਚਨਵੱਧ ਹੈ।
ਪੰਜਾਬ ਵਿੱਚ ਸਾਉਣੀ ਦੀਆਂ ਫਸਲਾਂ ਤੇ ਖਾਦਾਂ ਤੇ ਸਪਰੇਹਾਂ ਦਾ ਦੌਰ ਜਾਰੀ ਹੈ। ਅਜਿਹੇ ਹਾਲਾਤਾਂ ਵਿੱਚ ਅਣਅਧਿਕਾਰਤ ਕੀਟਨਾਸ਼ਕਾਂ ਦੀ ਵਿਕਰੀ ਦੇ ਮਾਮਲੇ ਸਾਹਮਣੇ ਆਉਂਦੇ ਹਨ। ਪਰ ਇਸ ਸਾਲ ਪੰਜਾਬ ਸਰਕਾਰ ਵੱਲੋਂ ਗੈਰ ਮਿਆਰੀ ਕੀਟਨਾਸ਼ਕਾਂ ’ਤੇ ਸਖ਼ਤਾਈ ਕੀਤੀ ਗਈ ਹੈ।
ਇਸੇ ਕੜੀ ਤਹਿਤ ਗੁਰਮੀਤ ਸਿੰਘ ਖੁੱਡੀਆਂ (Gurmeet Singh Khudian) ਖੇਤੀਬਾੜੀ ਮੰਤਰੀ ਪੰਜਾਬ ਵੱਲੋਂ ਦੁਕਾਨਾਂ ਦੀ ਚੈਕਿੰਗ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ। ਜਿਸ ਤਹਿਤ ਡਾ. ਨਰਿੰਦਰਪਾਲ ਸਿੰਘ ਬੈਨੀਪਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਵਿਭਾਗ ਮੋਹਾਲੀ (ਪਲਾਂਟ ਪ੍ਰੋਟੈਕਸ਼ਨ) ਵੱਲੋਂ ਸੰਗਰੂਰ ਜ਼ਿਲ੍ਹੇ ਵਿੱਚ ਪੈਸਟੀਸਾਈਡ ਦੀਆਂ ਦੁਕਾਨਾਂ ਤੇ ਅਚਨਚੇਤ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਹਰਿਆਣਾ ਬਾਰਡਰ ਦੇ ਨਾਲ ਲੱਗਦੀਆਂ ਦੁਕਾਨਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ।
ਖਨੌਰੀ ਮੰਡੀ ਵਿੱਚ ਚੈਕਿੰਗ ਦੌਰਾਨ ਸ਼ੱਕੀ ਕੀਟਨਾਸ਼ਕਾਂ ਦੇ ਸੱਤ ਤੇ ਖਾਦਾਂ ਦੇ ਦੋ ਨਮੂਨੇ ਭਰੇ ਗਏ। ਉਹਨਾਂ ਵੱਲੋਂ ਹਰਿਆਣਾ ਤੋਂ ਅਣਅਧਿਕਾਰਤ ਤੌਰ ’ਤੇ ਖਰੀਦੇ ਸਟਾਕ ਦੀ ਵਿਕਰੀ ਬੰਦ ਕਰਦੇ ਹੋਏ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਵੀ ਹਦਾਇਤ ਕੀਤੀ ਗਈ। ਚੈਕਿੰਗ ਦੌਰਾਨ ਡੀਲਰਾਂ ਵੱਲੋਂ ਅਣਅਧਿਕਾਰਤ ਤੌਰ ’ਤੇ ਹਰਿਆਣਾ ਪਾਸੋਂ ਖਰੀਦੇ ਸਟਾਕ ਦੀ ਸਪਲਾਈ ਤੇ ਸਟਾਕ ਦੀ ਪਹਿਲ ਦੇ ਅਧਾਰ ’ਤੇ ਚੈਕਿੰਗ ਕੀਤੀ ਗਈ।
ਇਸ ਮੌਕੇ ਗੱਲਬਾਤ ਕਰਦਿਆਂ ਡਾ.ਬੈਨੀਪਾਲ (Dr Banipal) ਨੇ ਦੱਸਿਆ ਕਿ ਹਰਿਆਣੇ ਤੋਂ ਅਣਅਧਿਕਾਰ ਤੌਰ ’ਤੇ ਖਰੀਦ ਕਰਨ ਵਾਲੇ ਕੀਟਨਾਸ਼ਕ ਤੇ ਖਾਦ ਵਿਕਰੇਤਾਵਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
ਸਾਰੇ ਸਮੂਹ ਵਿਕਰੇਤਾਵਾਂ ਨੂੰ ਕਿਹਾ ਗਿਆ ਹੈ ਕਿ ਬਿਨਾਂ ਬਿੱਲ ਤੋਂ ਕੋਈ ਵੀ ਸਟਾਕ ਵਿਕਰੀ ਲਈ ਨਾ ਰੱਖਿਆ ਜਾਵੇ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਖੇਤੀ ਇਨਪੁਟਸ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੋਰ ਵੀ ਅਚਨਚੇਤ ਚੈਕਿੰਗਾਂ (Unscheduled checks) ਕਰਵਾਈਆਂ ਜਾਣਗੀਆਂ। ਉਹਨਾਂ ਦੱਸਿਆ ਕਿ ਭਰੇ ਗਏ ਨਮੂਨੇ ਜਾਂਚ ਲਈ ਪ੍ਰਯੋਗਸ਼ਾਲਾਵਾਂ ਵਿੱਚ ਭੇਜੇ ਜਾਣਗੇ।
ਨਤੀਜੇ ਆਉਣ ’ਤੇ ਐਕਟ ਅਨੁਸਾਰ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰੀ ਸਮਾਨ ਉਪਲਬਧ ਕਰਵਾਉਣ ਲਈ ਖੇਤੀਬਾੜੀ ਵਿਭਾਗ ਵਚਨਵੱਧ ਹੈ। ਦੁਕਾਨਦਾਰ ਹਮੇਸ਼ਾ ਬਿੱਲ ਤੇ ਚੰਗੀ ਕੁਆਲਿਟੀ ਦੇ ਉਤਪਾਦ ਕਿਸਾਨਾਂ ਨੂੰ ਮੁਹੱਈਆ ਕਰਵਾਉਣ।
ਇਸ ਮੌਕੇ ਡਾ. ਹਰਬੰਸ ਸਿੰਘ ਚਹਿਲ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਜਾਂਚ ਟੀਮਾਂ ਪੂਰੀ ਸਰਗਰਮੀ ਨਾਲ ਚੈਕਿੰਗ ਕਰ ਰਹੀਆਂ ਹਨ। ਗੈਰ ਮਿਆਰੀ ਸਮਾਨ ਜ਼ਬਤ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਸ ਮੌਕੇ ਡਾ. ਹਰਬੰਸ ਸਿੰਘ ਚਹਿਲ ਮੁੱਖ ਖੇਤੀਬਾੜੀ ਅਫਸਰ ਸੰਗਰੂਰ, ਡਾ. ਇੰਦਰਜੀਤ ਸਿੰਘ ਭੱਟੀ ਖੇਤੀਬਾੜੀ ਅਫਸਰ, ਡਾ.ਜਤਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਹਾਲੀ, ਡਾ. ਹਰਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਮੋਹਾਲੀ, ਡਾ. ਸ਼ਵਿੰਦਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ ਇਨਫੋ. ਸੰਗਰੂਰ, ਡਾਕਟਰ ਨਰਿੰਦਰਪਾਲ ਸਿੰਘ ਖੇਤੀਬਾੜੀ ਵਿਕਾਸ ਅਫਸਰ ਪੀਪੀ ਸੰਗਰੂਰ ਮੌਜੂਦ ਸਨ।