ਮੁੱਖ ਮੰਤਰੀ ਨੇ ਕਿਹਾ ਕਿ ਉਹ ਪੰਜਾਬ ਨੂੰ ਬੁਲੰਦੀਆਂ ਉੱਤੇ ਵੇਖਣਾ ਚਾਹੁੰਦਾ ਹਾਂ ਜਿਸ ਲਈ ਉਹ ਵੱਡੇ ਉਪਰਾਲੇ ਕਰ ਰਹੇ ਹਨ।
ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆ ਮੌਕੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਦੇ ਨਾਮ ਉਤੇ ਵੋਟਾਂ ਲੈ ਕੇ ਸੱਤਾ ਦਾ ਸੁਖ ਭੋਗਣ ਵਾਲੀ ਪਾਰਟੀ ਦੇ ਆਗੂ ਸੰਸਦ ਵਿਚ ਪੰਜਾਬ ਦੇ ਮਸਲਿਆਂ ’ਤੇ ਮੂਕ ਦਰਸ਼ਕ ਬਣੇ ਰਹੇ।
ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ 26 ਦਸੰਬਰ, 2018 ਨੂੰ ਲੋਕ ਸਭਾ ਮੈਂਬਰ ਵਜੋਂ ਆਪਣੇ ਕਾਰਜਕਾਲ ਦੌਰਾਨ ਤਤਕਾਲੀ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਕੋਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਸਪੀਕਰ ਨੇ ਉਨ੍ਹਾਂ ਦੀ ਅਪੀਲ ਨਾਲ ਸਹਿਮਤ ਹੁੰਦਿਆ ਸੰਸਦ ਦੇ ਇਤਿਹਾਸ ‘ਚ ਪਹਿਲੀ ਵਾਰ ਸਤਿਕਾਰ ਵਜੋਂ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਾਨ ਨੇ ਕਿਹਾ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਅਕਾਲੀ ਦਲ ਨੇ ਕਦੇ ਵੀ ਸਾਹਿਬਜ਼ਾਦਿਆਂ ਨੂੰ ਸੰਸਦ ਵਿਚ ਸਤਿਕਾਰ ਭੇਟ ਬਾਰੇ ਅਰਜ਼ੀ ਤੱਕ ਨਹੀਂ ਦਿੱਤੀ। ਜਦਕਿ ਇਹ ਪਾਰਟੀ ਪੰਥਪ੍ਰਸਤ ਅਤੇ ਪੰਜਾਬਪ੍ਰਸਤ ਹੋਣ ਦਾ ਦਾਅਵਾ ਕਰਦੀ ਹੈ। ਪੰਜਾਬ ਨੂੰ ਅਮਨ-ਕਾਨੂੰਨ ਦੀ ਵਿਵਸਥਾ ਦਾ ਪਾਠ ਪੜ੍ਹਾਉਣ ਵਾਲੀ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਭਾਜਪਾ ਨੂੰ ਕਿਸੇ ਉਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਨੂੰ ਰਾਮ ਨੌਮੀ ਵਰਗੇ ਤਿਉਹਾਰਾਂ ਮੌਕੇ ਕਰਫਿਊ ਲਾਉਂਣੇ ਪੈਂਦੇ ਹਨ ਜੋ ਉੱਥੋਂ ਦੀ ਬਦਤਰ ਅਮਨ-ਕਾਨੂੰਨ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਨੇ ਭਾਜਪਾ ਨੂੰ ਹਰਿਆਣਾ ਦੇ ਨੂਹ ਇਲਾਕੇ ਵਿਚ ਲੱਗੇ ਕਰਫਿਊ ਦਾ ਵੀ ਚੇਤਾ ਕਰਵਾਇਆ।