ਮੁੰਬਈ ਦੀ ਮਾਇਆ ਨਗਰੀ ‘ਚ ਇੱਕ ਅਦਾਕਾਰਾ ਦੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ।
ਵੈੱਬ ਸੀਰੀਜ਼ ‘ਦਿ ਟ੍ਰਾਇਲ’ ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਏਅਰ ਹੋਸਟਸ ਨੂਰ ਮਲਾਬਿਕਾ ਦਾਸ ਦੀ ਸ਼ੱਕੀ ਮੌਤ ਦੀ ਸੋਮਵਾਰ ਨੂੰ ਬੁਰੀ ਖਬਰ ਸਾਹਮਣੇ ਆਈ ਹੈ। ਉਹ 37 ਸਾਲ ਦੀ ਸੀ ਅਤੇ ਉਸ ਦੀ ਮੌਤ ਨਾਲ ਪੂਰੀ ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰਾ ਦੀ ਸੜੀ ਹੋਈ ਲਾਸ਼ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ, ਹਾਲਾਂਕਿ ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।
ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਹੱਤਿਆ ਕੀਤੀ ਗਈ ਹੈ, ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।
ਇੱਕ ਮੀਡੀਆ ਰਿਪੋਰਟ ਮੁਤਾਬਕ ਨੂਰ ਮਲਾਬਿਕਾ ਦਾਸ ਦੇ ਗੁਆਂਢੀਆਂ ਨੇ ਪੁਲਿਸ ਨੂੰ ਉਸ ਦੇ ਫਲੈਟ ‘ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ। ਸੂਚਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਫਲੈਟ ਦਾ ਦਰਵਾਜ਼ਾ ਤੋੜਿਆ। ਅੰਦਰ ਜਾਣ ‘ਤੇ ਪਤਾ ਲੱਗਿਆ ਕਿ ਅਦਾਕਾਰਾ ਦੀ ਲਾਸ਼ ਲਟਕ ਰਹੀ ਸੀ।
ਪੁਲਿਸ ਨੇ ਪੂਰੇ ਫਲੈਟ ਦੀ ਤਲਾਸ਼ੀ ਲਈ ਅਤੇ ਨੂਰ ਦੀਆਂ ਦਵਾਈਆਂ, ਉਸਦਾ ਮੋਬਾਈਲ ਫ਼ੋਨ ਅਤੇ ਇੱਕ ਡਾਇਰੀ ਬਰਾਮਦ ਕੀਤੀ। ਬਾਕੀ ਮਾਮਲਾ ਜਾਂਚ ਅਧੀਨ ਚੱਲ ਰਿਹਾ ਹੈ।