ਅੱਜ ਪੰਜਾਬ ਵਿੱਚ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਸਕਦੇ ਹਨ। ਭਾਵੇਂ ਪੰਜਾਬ ਸਰਕਾਰ ਨੇ ਤਲਵੰਡੀ ਸਾਬੋ ਦਾ ਜੀਵੀਕੇ ਥਰਮਲ ਪਲਾਂਟ ਖਰੀਦ ਲਿਆ ਹੈ, ਪਰ ਹੁਣ ਬਾਕੀ ਥਰਮਲ ਪਲਾਂਟ ਸਿਰ ਦਰਦ ਬਣ ਗਏ ਹਨ।
ਪਾਵਰਕੌਮ ਦੇ ਰੋਪੜ ਪਾਵਰ ਥਰਮਲ ਪਲਾਂਟ ਦੇ 3 ਯੂਨਿਟ ਬੰਦ ਹੋ ਗਏ ਹਨ। ਜਿਸ ਕਾਰਨ ਸੂਬੇ ਵਿੱਚ ਬਿਜਲੀ ਸੰਕਟ ਆ ਸਕਦਾ ਹੈ। ਰੋਪੜ ਪਾਵਰ ਥਰਮਲ ਪਲਾਟ ਦੇ ਦੋ ਪਲਾਂਟ ਤਕਨੀਕੀ ਨੁਕਸ ਕਾਰਨ ਅਤੇ ਇੱਕ ਓਵਰਲੋਡਿੰਗ ਕਾਰਨ ਬੰਦ ਹੋ ਗਿਆ ਹੈ। ਜਿਸ ਕਾਰਨ 630 ਮੈਗਾਵਾਟ ਬਿਜਲੀ ਉਤਪਾਦਨ ਦੀ ਘਾਟ ਪੈਦਾ ਹੋ ਗਈ ਹੈ।
ਇਸ ਤੋਂ ਪਹਿਲਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 210 ਮੈਗਾਵਾਟ ਸਮਰੱਥਾ ਦਾ ਇਕ ਯੂਨਿਟ ਖਰਾਬ ਹੋਣ ਕਾਰਨ ਪਿਛਲੇ ਡੇਢ ਸਾਲ ਤੋਂ ਬੰਦ ਪਿਆ ਸੀ। ਰੋਪੜ ਥਰਮਲ ਪਲਾਂਟ ਅਤੇ ਲਹਿਰਾ ਮੁਹੱਬਤ ਪਾਵਰ ਪਲਾਂਟ ਨੂੰ ਮਿਲਾ ਕੇ ਪੰਜਾਬ ਵਿੱਚ ਕੁੱਲ 4 ਯੂਨਿਟਾਂ ਦੇ ਬੰਦ ਹੋਣ ਕਾਰਨ 840 ਮੈਗਾਵਾਟ ਦੀ ਕਮੀ ਆਈ ਹੈ। ਐਤਵਾਰ ਨੂੰ ਬਿਜਲੀ ਦੀ ਸਭ ਤੋਂ ਵੱਧ ਮੰਗ 8357 ਮੈਗਾਵਾਟ ਦਰਜ ਕੀਤੀ ਗਈ ਜਦਕਿ ਸ਼ਾਮ 4 ਵਜੇ ਤੱਕ ਸਿਰਫ਼ 4657 ਮੈਗਾਵਾਟ ਹੀ ਪੈਦਾ ਹੋ ਸਕੀ। ਬਾਕੀ ਸਪਲਾਈ ਓਪਨ ਐਕਸਚੇਂਜ ਤੋਂ ਔਸਤਨ 8 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਖਰੀਦੀ ਗਈ ਸੀ। ਇੰਜਨੀਅਰਾਂ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰਾਂ ਵਿੱਚ ਛੁੱਟੀ ਹੋਣ ਕਾਰਨ ਰਾਹਤ ਮਿਲੀ ਸੀ ਪਰ ਅੱਜ ਸੋਮਵਾਰ ਨੂੰ ਦਫ਼ਤਰ ਖੁੱਲ੍ਹਣ ਤੋਂ ਬਾਅਦ ਮੰਗ ਹੋਰ ਵਧਣ ਦੀ ਸੰਭਾਵਨਾ ਹੈ। ਦੂਜੇ ਪਾਸੇ ਬੀਤੇ ਦਿਨ ਯਾਨੀ ਐਤਵਾਾਰ ਨੂੰ ਵੀ ਬਿਜਲੀ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਰਹੇ। ਬੀਤੇ ਦਿਨ ਕਰੀਬ 16 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਦਰਜ ਹੋਈਆਂ ਸਨ।