ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਸੋਨੂੰ ਦੇ ਦਫ਼ਤਰ ਵਿਖੇ ਹੋਈ ਐਸੋਸ਼ੀਏਸ਼ਨ ਮੈਂਬਰਾਂ ਦੀ ਮੀਟਿੰਗ ਉਪਰੰਤ ਪ੍ਰਧਾਨ ਨੇ ਦੱਸਿਆ ਕਿ ਮੰਡੀ ਵਿਚ ਆ ਚੁੱਕੀ ਝੋਨੇ ਦੀ ਫਸਲ ਦੀ ਢੇਰੀ ਦੇ ਹੇਠੋਂ ਪੁੰਗਰਨ ਲੱਗ ਪਈ ਹੈ।
ਸਰਕਾਰੀ ਖਰੀਦ ਵਿੱਚ ਹੋ ਰਹੀ ਦੇਰੀ ਤੋਂ ਪਰੇਸ਼ਾਨ ਦਾਣਾ ਮੰਡੀ ਮਾਛੀਵਾੜਾ ਦੇ ਆੜ੍ਹਤੀ ਐਸੋਸ਼ੀਏਸ਼ਨ ਨੇ ਮੀਟਿੰਗ ਕਰ ਕੇ ਮੰਡੀ ਦੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਮੰਡੀ ਦੇ ਬਾਹਰ ਧਰਨੇ ’ਤੇ ਬੈਠਣ ਤੇ ਸੜਕ ਜਾਮ ਕਰਨ ਦਾ ਫੈਸਲਾ ਕੀਤਾ ਹੈ। ਅੱਜ 10 ਅਕਤੂਬਰ ਨੂੰ ਸਾਰੀ ਮੰਡੀ ਦੀਆਂ ਦੁਕਾਨਾਂ ਬੰਦ ਕਰ ਕੇ ਬਾਹਰਲੇ ਮੇਨ ਗੇਟ ’ਤੇ ਧਰਨਾ ਦੇ ਕੇ ਸੜਕ ਜਾਮ ਕਰ ਕੇ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਹ ਰੋਸ ਵਿਰੋਧ ਧਰਨਾ ਜਦ ਤੱਕ ਸਰਕਾਰੀ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਅਣਮਿੱਥੇ ਸਮੇਂ ਲਈ ਹੋਵੇਗਾ।
ਆੜ੍ਹਤੀ ਐਸੋਸ਼ੀਏਸ਼ਨ ਦੇ ਪ੍ਰਧਾਨ ਮੋਹਿਤ ਕੁੰਦਰਾ ਸੋਨੂੰ ਦੇ ਦਫ਼ਤਰ ਵਿਖੇ ਹੋਈ ਐਸੋਸ਼ੀਏਸ਼ਨ ਮੈਂਬਰਾਂ ਦੀ ਮੀਟਿੰਗ ਉਪਰੰਤ ਪ੍ਰਧਾਨ ਨੇ ਦੱਸਿਆ ਕਿ ਮੰਡੀ ਵਿਚ ਆ ਚੁੱਕੀ ਝੋਨੇ ਦੀ ਫਸਲ ਦੀ ਢੇਰੀ ਦੇ ਹੇਠੋਂ ਪੁੰਗਰਨ ਲੱਗ ਪਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਖਰੀਦ ਇੱਕ ਅਕਤੂੁਬਰ ਤੋਂ ਸ਼ੁਰੂ ਹੋਣੀ ਸੀ ਜੋ ਅੱਜ ਨੌਂ ਦਿਨ ਬੀਤਣ ਦੇ ਬਾਵਜੂਦ ਵੀ ਇੱਕ ਦਾਣਾ ਮੰਡੀ ’ਚੋਂ ਨਹੀਂ ਖਰੀਦਿਆ ਗਿਆ। ਅਜਿਹੇ ਹੀ ਹਾਲਾਤ ਰਹੇ ਤਾਂ ਕੁਝ ਦਿਨਾਂ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੋ ਜਾਵੇਗੀ। ਇਸ ਮਾਹੌਲ ਵਿੱਚ ਕਿਸਾਨਾਂ ਦੇ ਸਮਰਥਨ ਲਈ ਉਨ੍ਹਾਂ ਅਪੀਲ ਵੀ ਕੀਤੀ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕਿਸਾਨ ਤੇ ਕੰਬਾਇਨ ਵਾਲੇ ਵੀਰ ਇੱਕ ਦੋ ਦਿਨ ਖੇਤਾਂ ਵਿੱਚ ਕੰਬਾਇਨ ਨਾ ਚਲਾਉਣ ਕਿਉਂਕਿ ਝੋਨੇ ਦੀ ਆਮਦ ਵਿੱਚ ਜਿਆਦਾ ਤੇਜ਼ੀ ਨਾ ਆਵੇ। ਐਸੋਸ਼ੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਖਰੀਦ ਦੀ ਸ਼ੁਰੂਆਤ ਕਰਵਾਉਣ ਸਮੇਂ ਉਨ੍ਹਾਂ ਨੂੰ ਵਿਕੇ ਹੋਏ ਮਾਲ ਨੂੰ ਚੁੱਕਣ ਦਾ ਸਮਾਂ ਦੱਸਿਆ ਜਾਵੇ ਤਾਂ ਕਿ ਆੜ੍ਹਤੀ ਤੇ ਕਿਸਾਨ ਦੋਵੇਂ ਪਰੇਸ਼ਾਨੀ ਤੋਂ ਬਚ ਸਕਣ।
ਇਸ ਮੌਕੇ ਤੇਜਿੰਦਰ ਸਿੰਘ ਕੂੰਨਰ, ਹਰਜਿੰਦਰ ਸਿੰਘ ਖੇੜਾ (ਦੋਵੇਂ ਸਾਬਕਾ ਪ੍ਰਧਾਨ), ਗੁਰਨਾਮ ਸਿੰਘ ਨਾਗਰਾ, ਅਸ਼ੋਕ ਸੂਦ, ਪ੍ਰਦੀਪ ਮਲਹੋਤਰਾ, ਨਿਤਿਨ ਜੈਨ, ਹਰਿੰਦਰਪਾਲ ਸਿੰਘ ਰਹੀਮਾਬਾਦ, ਅਰਵਿੰਦਰਪਾਲ ਸਿੰਘ ਵਿੱਕੀ, ਪਰਮਿੰਦਰ ਸਿੰਘ ਗੁਲਿਆਣੀ, ਪ੍ਰਿੰਸ ਮਿੱਠੇਵਾਲ, ਹਰਕੇਸ਼ ਨਹਿਰਾ, ਪੁਨੀਤ ਜੈਨ, ਪ੍ਰਨੀਤ ਸਿੰਘ ਕਾਹਲੋਂ, ਸ਼ਸ਼ੀ ਭਾਟੀਆ, ਜੈਦੀਪ ਕਾਹਲੋਂ, ਰਾਜਵਿੰਦਰ ਸਿੰਘ ਸੈਣੀ, ਗੁਰਜੀਤ ਸਿੰਘ ਮਿੱਠੇਵਾਲ, ਰਾਜੀਵ ਕੌਸ਼ਲ, ਅਮਰੀਕ ਸਿੰਘ ਔਜਲਾ, ਤੇਜਿੰਦਰਪਾਲ ਸਿੰਘ ਡੀਸੀ, ਵਿਨੀਤ ਜੈਨ ਰਿੰਕੀ, ਅਮਰ ਸਿੰਘ, ਸਰਬਜੀਤ ਸਿੰਘ, ਪ੍ਰਭਦੀਪ ਰੰਧਾਵਾ, ਕੁਲਵਿੰਦਰ ਸਿੰਘ ਮਾਨ, ਜਗਜੀਤ ਸਿੰਘ ਮੱਕੜ, ਮਨੋਜ ਬਾਂਸਲ ਆਦਿ ਵੀ ਮੌਜੂਦ ਸਨ।
ਸਪੇਸ ਦੀ ਮੰਗ ਅਖੀਰ ਕਿਸਦੀ
ਜਗ੍ਹਾ ਦੀ ਮੰਗ ਆਖਿਰ ਕਿਸਦੀ ਹੈ, ਜਦਕਿ ਪ੍ਰਸ਼ਾਸਨਿਕ ਅਧਿਕਾਰੀ ਤੇ ਆੜ੍ਹਤੀਆਂ ਦੇ ਨਾਲ ਸ਼ੈਲਰ ਮਾਲਕ ਵੀ ਸਪੇਸ ਯਾਨੀ ਜਗ੍ਹਾ ਦੀ ਮੰਗ ਕਰ ਰਹੇ ਹਨ। ਸੈਲਰ ਐਸੋ ਪੀੜੇ ਹੋਏ ਚੌਲਾ ਦੇ ਲਈ ਜਗ੍ਹਾ ਦੀ ਮੰਗ ਕਰ ਰਹੀ ਹੈ,ਆੜ੍ਹਤੀ ਮੰਡੀ ਵਿੱਚੋਂ ਵਿਕੇ ਹੋਏ ਮਾਲ ਦੇ ਚੁੱਕਣ ਯਾਨੀ ਕਿ ਜਗ੍ਹਾ ਮੰਗ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਸਰਕਾਰ ਦੇ ਦਬਾਅ ਵਿੱਚ ਅਧਿਕਾਰੀ ਦੋਨੋਂ ਐਸੋ ਨਾਲ ਸ਼ੈਲਰ ਐਸੋ; ਤੇ ਆੜ੍ਹਤੀ ਐਸੋ; ਨਾਲ ਜੋ ਮੀਟਿੰਗਾਂ ਇਸ ਮਾਮਲੇ ਨੂੰ ਹੱਲ ਕਰਨ ਲਈ ਕਰ ਰਹੇ ਹਨ ਉਨ੍ਹਾਂ ਵਿੱਚ ਅਧਿਕਾਰੀ ਵੀ ਸਪੇਸ ਜਗ੍ਹਾ ਦਾ ਰੋਣਾ ਹੀ ਰੋ ਰਹੇ ਹਨ, ਕੁਝ ਆੜ੍ਹਤੀ ਮੈਂਬਰਾਂ ਨੇ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕੇ ਮੀਟਿੰਗ ਵਿੱਚ ਉੱਚ ਅਧਿਕਾਰੀ ਨੇ ਕਿਹਾ ਹੈ ਕਿ ਸਰਕਾਰੀ ਖਰੀਦ ਤਾਂ ਹੁਣੇ ਸ਼ੁਰੂ ਕਰਵਾ ਲਓ ਪਰ ਜਗ੍ਹਾ ਦੀ ਕਮੀ ਹੈ ਉਸਦਾ ਹੱਲ ਕਿਸੇ ਤਰ੍ਹਾਂ ਹੋਵੇਗਾ, ਪ੍ਰਸ਼ਾਸਨ ਹੋਵੇ, ਪੀੜਤ ਆੜ੍ਹਤੀ ਜਾਂ ਸੈਲਰ ਵਾਲੇ ਮੰਗ ਤਾਂ ਸਾਰੇ ਜਗ੍ਹਾ ਦੀ ਕਰ ਰਹੇ ਹਨ ਪਰ ਇਸਦਾ ਹੱਲ ਹਾਲੇ ਤੱਕ ਨਹੀਂ ਨਿਕਲਿਆ।