25 ਕੈਬਿਨ ਕਰੂ ਦੇ ਬਰਖ਼ਾਸਤਗੀ ਨੋਟਿਸ ਹੋਣਗੇ ਵਾਪਸ; ਸਾਰੇ ਮੁੱਦਿਆਂ ਦਾ ਹੋਵੇਗਾ ਹੱਲ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ ਏਅਰ ਇੰਡੀਆ ਐਕਸਪ੍ਰੈੱਸ ਦੇ ਕੈਬਿਨ ਕਰੂ ਨੇ ਆਪਣੀ ਹੜਤਾਲ ਵਾਪਸ ਲੈ ਲਈ ਹੈ ਤੇ ਡਿਊਟੀ ’ਤੇ ਪਰਤਣ ਦਾ ਫ਼ੈਸਲਾ ਕੀਤਾ ਹੈ। ਕਥਿਤ ਮਾੜੀ ਮੈਨੇਜਮੈਂਟ ਦੇ ਵਿਰੋਧ ’ਚ ਮੰਗਲਵਾਰ ਰਾਤ ਤੋਂ ਕੈਬਿਨ ਕਰੂ ਦੇ ਇਕ ਵਰਗ ਨੇ ਬਿਮਾਰ ਪੈਣ ਦੀ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਕਾਰਨ ਏਅਰਲਾਈਨ ਨੂੰ ਵੀਰਵਾਰ ਨੂੰ ਦੂਜੇ ਦਿਨ ਆਪਣੀਆਂ 85 ਉਡਾਣਾਂ ਰੱਦ ਕਰਨੀਆਂ ਪਈਆਂ ਤੇ 283 ਉਡਾਣਾਂ ਦਾ ਸੰਚਾਲਨ ਕੀਤਾ। ਇਸ ਨਾਲ ਹਜ਼ਾਰਾਂ ਯਾਤਰੀ ਪਰੇਸ਼ਾਨ ਹੋਏ। ਦੋ ਦਿਨਾਂ ’ਚ ਏਅਰਲਾਈਨ ਨੂੰ 170 ਤੋਂ ਜ਼ਿਆਦਾ ਉਡਾਣਾਂ ਰੱਦ ਕਰਨੀਆਂ ਪਈਆਂ।ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਵੀ ਲਗਪਗ 250 ਕੈਬਿਨ ਕਰੂ ਨੇ ਬਿਮਾਰੀ ਦੀ ਸੂਚਨਾ ਦਿੱਤੀ ਸੀ, ਜਦਕਿ ਮੰਗਲਵਾਰ ਰਾਤ ਤੋਂ ਬੁੱਧਵਾਰ ਤੱਕ ਲਗਪਗ 200 ਕੈਬਿਨ ਕਰੂ ਨੇ ਬਿਮਾਰੀ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਏਅਰਲਾਈਨ ਨੇ ਲਗਪਗ 25 ਕੈਬਿਨ ਕਰੂ ਮੈਂਬਰਾਂ ਨੂੰ ਬਰਖ਼ਾਸਤਗੀ ਨੋਟਿਸ ਜਾਰੀ ਕੀਤੇ ਤੇ ਉਨ੍ਹਾਂ ਨੂੰ ਵੀਰਵਾਰ ਸ਼ਾਮ ਚਾਰ ਵਜੇ ਤੱਕ ਰਿਪੋਰਟ ਕਰਨ ਲਈ ਕਿਹਾ ਸੀ। ਵੀਰਵਾਰ ਨੂੰ ਮੁੱਖ ਲੇਬਰ ਕਮਿਸ਼ਨਰ (ਕੇਂਦਰੀ) ਦੇ ਦਫ਼ਤਰ ’ਚ ਕੈਬਿਨ ਕਰੂ ਤੇ ਮੈਨੇਜਮੈਂਟ ਦੇ ਨੁਮਾਇੰਦਿਆਂ ਦਰਮਿਆਨ ਕਰੀਬ ਸਾਢੇ ਚਾਰ ਘੰਟੇ ਚੱਲੀ ਬੈਠਕ ਦੌਰਾਨ ਹੜਤਾਲ ਤੇ ਬਰਖ਼ਾਸਤਗੀ ਨੋਟਿਸ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ। ਮੈਨੇਜਮੈਂਟ ਨੇ ਕੈਬਿਨ ਕਰੂ ਵੱਲੋਂ ਚੁੱਕੇ ਗਏ ਸਾਰੇ ਮੁੱਦਿਆਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਤੋਂ ਪਹਿਲਾਂ ਸੰਚਾਲਨ ’ਚ ਰੁਕਾਵਟਾਂ ਘੱਟ ਕਰਨ ਲਈ ਏਅਰ ਇੰਡੀਆ ਐਕਸਪ੍ਰੈੱਸ ਨੇ 13 ਮਈ ਤੱਕ ਉਡਾਣਾਂ ਦੀ ਗਿਣਤੀ ਘੱਟ ਕਰਨ ਦਾ ਫ਼ੈਸਲਾ ਕੀਤਾ ਸੀ ਤੇ ਕਿਹਾ ਸੀ ਕਿ ਉਸ ਦੇ 20 ਰੂਟਾਂ ’ਤੇ ਏਅਰ ਇੰਡੀਆ ਆਪਣੀਆਂ ਸੇਵਾਵਾਂ ਦਾ ਸੰਚਾਲਨ ਕਰੇਗੀ। ਉਸ ਦਾ ਕਹਿਣਾ ਸੀ ਕਿ ਉਡਾਣਾਂ ਸਹੀ ਤਰੀਕੇ ਨਾਲ ਚਲਾਉਣ ਲਈ ਉਸ ਨੇ ਸਾਰੇ ਵਸੀਲੇ ਲਗਾ ਦਿੱਤੇ ਹਨ। ਉਸ ਨੇ ਯਾਤਰੀਆਂ ਨੂੰ ਅਪੀਲ ਕੀਤੀ ਸੀ ਕਿ ਹਵਾਈ ਅੱਡੇ ’ਤੇ ਆਉਣ ਤੋਂ ਪਹਿਲਾਂ ਦੇਖ ਲਓ ਕਿ ਉਨ੍ਹਾਂ ਦੀ ਉਡਾਣ ਰੁਕਾਵਟ ਕਾਰਨ ਪ੍ਰਭਾਵਿਤ ਤਾਂ ਨਹੀਂ ਹੋਈ। ਜੇਕਰ ਉਡਾਣ ਰੱਦ ਹੋ ਗਈ ਹੈ ਜਾਂ ਤਿੰਨ ਘੰਟੇ ਤੋਂ ਜ਼ਿਆਦਾ ਲੇਟ ਹੈ ਤਾਂ ਉਹ ਪੂਰਾ ਰਿਫੰਡ ਲੈਣ ਜਾਂ ਬਿਨਾਂ ਕਿਸੇ ਚਾਰਜ ਦੇ ਕਿਸੇ ਅਗਲੀ ਤਰੀਕ ’ਚ ਯਾਤਰਾ ਨੂੰ ਰੀਸ਼ਡਿਊਲ ਕਰਨ ਦਾ ਬਦਲ ਚੁਣ ਸਕਦੇ ਹਨ। ਇਸ ਦੇ ਲਈ ਏਅਰਲਾਈਨ ਨੇ ਯਾਤਰੀਆਂ ਨੂੰ ਵ੍ਹਟਸਐਪ (+91 6360012345) ਜਾਂ ਏਅਰਇੰਡੀਆਐਕਸਪ੍ਰੈੱਸ ਡਾਟ ਕਾਮ ’ਤੇ ਜਾ ਕੇ ਇਨ੍ਹਾਂ ਬਦਲਾਂ ਨੂੰ ਚੁਣਨ ਲਈ ਕਿਹਾ।ਅਸਲ ’ਚ ਏਆਈਐਕਸ ਕੁਨੈਕਟ (ਪਹਿਲਾਂ ਏਅਰਏਸ਼ੀਆ ਇੰਡੀਆ) ਨਾਲ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਏਅਰ ਇੰਡੀਆ ਐਕਸਪ੍ਰੈੱਸ ਦੇ ਮੁਲਾਜ਼ਮਾਂ ਦੇ ਇਕ ਵਰਗ ’ਚ ਨਾਰਾਜ਼ਗੀ ਹੈ। ਕੈਬਿਨ ਕਰੂ ਦੇ ਇਕ ਵਰਗ ਨੇ ਮਾੜੀ ਮੈਨੇਜਮੈਂਟ ਤੇ ਮੁਲਾਜ਼ਮਾਂ ਨਾਲ ਵਿਹਾਰ ’ਚ ਬਰਾਬਰੀ ਦੀ ਘਾਟ ਦਾ ਦੋਸ਼ ਲਗਾਇਆ ਸੀ। ਕੈਬਿਨ ਕਰੂ ਦੇ ਇਕ ਵਰਗ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵੱਲੋਂ ਪਿਛਲੇ ਸਾਲ ਕਿਰਤ ਵਿਭਾਗ ’ਚ ਸ਼ਿਕਾਇਤ ਦਾਖ਼ਲ ਕਰਨ ਤੋਂ ਬਾਅਦ ਰਲੇਵੇਂ ਦੀ ਪ੍ਰਕਿਰਿਆ ਇੰਡਸਟਰੀਅਲ ਵਿਵਾਦ ਐਕਟ ਤਹਿਤ ਪੂਰੀ ਕੀਤੀ ਜਾ ਰਹੀ ਹੈ।