ਪੁਰਸ਼ ਪੁਲਿਸ ਕਾਂਸਟੇਬਲਾਂ ਦੀ ਪੀਐੱਮਟੀ ਪਿੱਛੋਂ ਔਰਤਾਂ ਲਈ ਜਾਰੀ ਹੋਵੇਗਾ ਸ਼ਡਿਊਲ
ਹਰਿਆਣਾ ਵਿਚ ਖਿਡਾਰੀਆਂ ਦੇ ਲਈ ਵੱਖ-ਵੱਖ ਵਿਭਾਗਾਂ ਵਿਚ ਤੀਜੀ ਸ਼ੇ੍ਣੀ ਦੀਆਂ 447 ਅਸਾਮੀਆਂ ਲਈ 9 ਮਾਰਚ ਨੂੰ ਕੱਢੀ ਗਈ ਭਰਤੀ ਨੂੰ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (ਐਚਐਸਐਸਐਸਐਸ) ਨੇ ਰੱਦ ਕਰ ਦਿੱਤਾ ਹੈ। ਖੇਡ ਕੋਟੇ ਤਹਿਤ ਆਊਟਸਟੈਂਡਿੰਗ ਸਪੋਰਟਸ ਪਰਸਨ (ਓਐਸਪੀ) ਅਤੇ ਈਲਿਜੀਬਲ ਸਪੋਰਟਸ ਪਰਸਨ (ਈਐੱਸਪੀ) ਲਈ ਦੁਬਾਰਾ ਅਰਜ਼ੀਆਂ ਮੰਗੀਆਂ ਜਾਣਗੀਆਂ।
ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ਸਾਰੇ ਵਿਭਾਗਾਂ ਤੋਂ ਤੀਜੀ ਸ਼ੇ੍ਣੀ ਦੀਆਂ ਖਾਲੀ ਪਈਆਂ ਅਸਾਮੀਆਂ ਬਾਰੇ ਜਾਣਕਾਰੀ ਮੰਗੀ ਹੈ ਤਾਂ ਜੋ ਇਨ੍ਹਾਂ ਨੂੰ ਭਰਿਆ ਜਾ ਸਕੇ। ਮੁੱਖ ਸਕੱਤਰ ਟੀਵੀਐੱਸਐੱਨ ਪ੍ਰਸਾਦ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਵਿਭਾਗਾਂ ਨੇ ਗਰੁੱਪ ਸੀ ਦੇ ਅਹੁਦਿਆਂ ‘ਤੇ ਭਰਤੀ ਲਈ ਰਸਮੀ ਮੰਗ ਨੂੰ ਅਪਲੋਡ ਨਹੀਂ ਕੀਤਾ ਹੈ, ਉਹ ਤੁਰੰਤ ਹਰਿਆਣਾ ਸਟਾਫ਼ ਚੋਣ ਕਮਿਸ਼ਨ ਦੇ ਪੋਰਟਲ ‘ਤੇ ਮੰਗ ਨੂੰ ਅਪਲੋਡ ਕਰਨ। ਹਰਿਆਣਾ ਪੁਲਿਸ ਵਿਚ ਪੁਰਸ਼ ਕਾਂਸਟੇਬਲ (ਜਨਰਲ ਡਿਊਟੀ) ਦੀਆਂ 5000 ਅਸਾਮੀਆਂ ਲਈ ਸਰੀਰਿਕ ਜਾਂਚ (ਪੀਐੱਮਟੀ) ਦਾ ਕੰਮ ਜਾਰੀ ਹੈ।
ਪੰਚਕੂਲਾ ਵਿਚ ਚੱਲ ਰਹੀ ਪੀਐਮਟੀ ਦੇ ਲਈ ਪਹਿਲੇ ਪੜਾਅ ਵਿਚ 23 ਜੁਲਾਈ ਤੱਕ ਛੇ ਗੁਣਾ ਉਮੀਦਵਾਰਾਂ ਨੂੰ ਬੁਲਾਇਆ ਗਿਆ ਹੈ। ਐੱਚਐੱਸਐੱਸਸੀ ਦੇ ਚੇਅਰਮੈਨ ਹਿੰਮਤ ਸਿੰਘ ਨੇ ਦੱਸਿਆ ਕਿ ਕੁੱਲ ਅੱਠ ਗੁਣਾ ਉਮੀਦਵਾਰਾਂ ਨੂੰ ਸਰੀਰਕ ਮਾਪਦੰਡ ਪ੍ਰੀਖਿਆ ਲਈ ਬੁਲਾਇਆ ਜਾਵੇਗਾ। ਹਰ ਰੋਜ਼ ਪੰਜ-ਪੰਜ ਹਜ਼ਾਰ ਨੌਜਵਾਨਾਂ ਦੀ ਪੀਐਮਟੀ ਹੋਵੇਗੀ। ਇਸ ਤੋਂ ਬਾਅਦ ਔਰਤ ਕਾਂਸਟੇਬਲਾਂ ਦੀਆਂ ਹਜ਼ਾਰ ਅਸਾਮੀਆਂ ਦੇ ਲਈ ਵੀ ਪੀਐੱਮਟੀ ਸ਼ਡਿਊਲ ਜਾਰੀ ਕੀਤਾ ਜਾਵੇਗਾ।