ਮ੍ਰਿਤਕ ਦੀ ਪਤਨੀ ਰਣਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਹੈ
ਨੇੜਲੇ ਪਿੰਡ ਬਖੋਰਾ ਕਲਾਂ ਦੇ ਪ੍ਰਿੰਸੀਪਲ ਵੱਲੋਂ ਸਟਾਫ਼ ਦੇ ਅਧਿਆਪਕਾਂ ਅਤੇ ਇੱਕ ਹੋਰ ਆਗੂ ਤੋਂ ਦੁਖੀ ਹੁੰਦਿਆਂ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਕਰਕੇ ਸਾਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਜਾਣਕਾਰੀ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਅ ਰਹੇ ਧਰਮਵੀਰ ਸੈਣੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ‘ਤੇ ਪੁਲਿਸ ਨੇ ਸਕੂਲ ਦੇ ਚਾਰ ਅਧਿਆਪਕਾਂ ਤੋਂ ਇਲਾਵਾ ਡੀ.ਟੀ.ਐਫ ਦੇ ਜ਼ਿਲ੍ਹਾ ਪ੍ਰਧਾਨ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।
ਮ੍ਰਿਤਕ ਪ੍ਰਿੰਸੀਪਲ ਧਰਮਵੀਰ ਸੈਣੀ ਦੀ ਪਤਨੀ ਰਣਜੀਤ ਕੌਰ ਦੇ ਬਿਆਨਾਂ ‘ਤੇ ਪੁਲਿਸ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਦੇ ਅਧਿਆਪਕ ਹਰਭਗਵਾਨ ਸਿੰਘ ਪੰਜਾਬੀ ਅਧਿਆਪਕ ਗੁਰਨੇ ਕਲਾਂ, ਮੇਘ ਰਾਜ ਮੈਥ ਮਾਸਟਰ ਵਾਸੀ ਚੋਟੀਆਂ , ਸਤਵੰਤ ਸਿੰਘ ਐਸ ਐਸ ਮਾਸਟਰ ਵਾਸੀ ਚੋਟੀਆਂ, ਵਿਨੋਦ ਕੁਮਾਰ ਕੰਪਿਊਟਰ ਮਾਸਟਰ ਵਾਸੀ ਮੂਨਕ ਅਤੇ ਬਲਵੀਰ ਸਿੰਘ ਲੋਂਗੋਵਾਲ ਜ਼ਿਲਾ ਪ੍ਰਧਾਨ ਡੀ.ਟੀ.ਐਫ ਵਾਸੀ ਲੋਂਗੋਵਾਲ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਸਬੰਧੀ ਮੁਕਦਮਾ ਦਰਜ ਕਰ ਲਿਆ ਹੈ।
ਮ੍ਰਿਤਕ ਦੀ ਪਤਨੀ ਰਣਜੀਤ ਕੌਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸ ਦਾ ਪਤੀ ਧਰਮਵੀਰ ਸਿੰਘ ਸੈਣੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ ਪ੍ਰਿੰਸੀਪਲ ਸੀ ਤੇ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ। ਜਿਸ ਨੂੰ ਮੈਂ ਕਈ ਵਾਰ ਪ੍ਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ ਸੀ ਜਿਸ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ। ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਪਤੀ ਧਰਮਵੀਰ ਸੈਣੀ ਨੇ ਕੋਈ ਜਹਰੀਲੀ ਚੀਜ਼ ਖਾ ਲਈ ਹੈ ਜਿਸ ਕਰਕੇ ਉਹ ਸੰਜੀਵਨੀ ਹਸਪਤਾਲ ਟੋਹਾਣਾ ਵਿਖੇ ਦਾਖਲ ਸੀ ਤਾਂ ਉਸ ਨੇ ਆਪਣੇ ਨਾਲ ਬੀਤੀ ਸਾਰੀ ਗੱਲ ਦੱਸੀ ਕਿ ਮਾਰਚ 2024 ਵਿੱਚ ਮੇਰੇ ਸਕੂਲ ਵਿੱਚ ਤੈਨਾਤ ਅਧਿਆਪਕ ਹਰਭਗਵਾਨ ਸਿੰਘ ਪੰਜਾਬੀ ਮਾਸਟਰ ਸਮੇਤ ਹੋਰ ਅਧਿਆਪਕਾਂ ਨੇ ਵੱਖ ਵੱਖ ਜਥੇਬੰਦੀਆਂ ਬੁਲਾ ਕੇ ਮੇਰੀ ਬੇਇਜ਼ਤੀ ਕੀਤੀ, ਜਿਸ ਕਰਕੇ ਮੈਨੂੰ ਠੇਸ ਪਹੁੰਚੀ ਸੀ ਅਤੇ ਮੈਂ ਡਿਪਰੈਸ਼ਨ ਵਿੱਚ ਚਲਾ ਗਿਆ।
ਇਹ ਸਾਰੇ ਜਣੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਤੋਂ ਤੰਗ ਆ ਕੇ ਮੈਂ ਇਹ ਕਦਮ ਚੁੱਕਿਆ ਹੈ। ਪੁਲਿਸ ਨੇ ਚਾਰ ਅਧਿਆਪਕਾਂ ਸਮੇਤ ਡੀ.ਟੀ.ਐਫ ਦੇ ਜ਼ਿਲ੍ਹਾ ਪ੍ਰਧਾਨ ਖਿਲਾਫ ਪ੍ਰਿੰਸੀਪਲ ਧਰਮਵੀਰ ਸੈਣੀ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕਰਨ ਦਾ ਮੁਕਦਮਾ ਦਰਜ਼ ਕਰ ਲਿਆ ਹੈ ਅਤੇ ਮੁਲਜਮਾਂ ਦੀ ਗਿਰਫਤਾਰੀ ਅਜੇ ਬਾਕੀ ਹੈ।