ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ’ਤੇ ਸਿਆਸੀ ਜੰਗ ਨੇ ਮੁਕਾਬਲੇ ਨੂੰ ਰੋਚਕ ਬਣਾ ਦਿਤਾ ਹੈ।
ਫ਼ਤਹਿਗੜ੍ਹ ਸਾਹਿਬ ਲੋਕ ਸਭਾ ਸੀਟ ’ਤੇ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਡਾ. ਅਮਰ ਸਿੰਘ ਤੇ ਦੋ ਸਾਬਕਾ ਸੀਨੀਅਰ ਕਾਂਗਰਸੀ ਨੇਤਾਵਾਂ ਗੁਰਪ੍ਰੀਤ ਸਿੰਘ ਜੀਪੀ ਅਤੇ ਗੇਜਾ ਰਾਮ ਵਿਚਕਾਰ ਸਿਆਸੀ ਜੰਗ ਨੇ ਮੁਕਾਬਲੇ ਨੂੰ ਰੋਚਕ ਬਣਾ ਦਿਤਾ ਹੈ। ਬੱਸੀ ਪਠਾਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ ਅਤੇ ਸਾਬਕਾ ਕਾਂਗਰਸੀ ਆਗੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਗੇਜਾ ਸਿੰਘ ਵਾਲਮੀਕਿ, ਜੋ ਭਾਜਪਾ ਵਿਚ ਸ਼ਾਮਲ ਹੋ ਗਏ ਹਨ, ਇਸ ਵਾਰ ਚੋਣ ਮੈਦਾਨ ਵਿਚ ਹਨ ਡਟੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਐੱਮਪੀ ਬਸੰਤ ਸਿੰਘ ਖ਼ਾਲਸਾ ਦੇ ਪੁੱਤਰ ਅਤੇ ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਬਸਪਾ ਵੱਲੋਂ ਕੁਲਵੰਤ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਫ਼ਤਿਹਗੜ੍ਹ ਸਾਹਿਬ ਲੋਕ ਸਭਾ ਸੀਟ ਪੰਜਾਬ ਦੀ ਰਾਖਵੀਂ ਸੀਟ ਹੈ। ਫ਼ਤਹਿਗੜ੍ਹ ਸਾਹਿਬ ਸੰਸਦੀ ਸੀਟ ਅਧੀਨ ਕੁੱਲ 9 ਵਿਧਾਨ ਸਭਾ ਸੀਟਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਬੱਸੀ ਪਠਾਣਾ, ਫ਼ਤਹਿਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਤੇ ਅਮਰਗੜ੍ਹ। ਇਨ੍ਹਾਂ 9 ਸੀਟਾਂ ਵਿੱਚੋਂ ਤਿੰਨ ਸੀਟਾਂ (ਰਾਏਕੋਟ, ਪਾਇਲ ਅਤੇ ਬੱਸੀ ਪਠਾਣਾ) ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ।
ਇਹ ਸੀਟ 2009 ਵਿਚ ਹੀ ਹੋਂਦ ’ਚ ਆਈ ਸੀ, ਹੁਣ ਤੱਕ ਇਸ ਸੀਟ ਤੋਂ ਕੁੱਲ ਤਿੰਨ ਸੰਸਦ ਮੈਂਬਰ ਚੁਣੇ ਗਏ ਹਨ। ਦੋ ਵਾਰ ਇਹ ਸੀਟ ਇੰਡੀਅਨ ਨੈਸ਼ਨਲ ਕਾਂਗਰਸ ਦੇ ਹਿੱਸੇ ਗਈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਇਕ ਵਾਰ ਵੀ ਸੀਟ ਨਹੀਂ ਜਿੱਤ ਸਕਿਆ ਹੈ। ਭਾਜਪਾ ਵੱਲੋ ਪਹਿਲੀ ਵਾਰ ਇਸ ਸੀਟ ਤੋਂ ਚੋਣ ਲੜੀ ਜਾ ਰਹੀ ਹੈ। 2009 ’ਚ ਕਾਂਗਰਸ ਦੇ ਸੁਖਦੇਵ ਸਿੰਘ ਲਿਬੜਾ ਤੇ 2019 ਵਿਚ ਅਮਰ ਸਿੰਘ ਇਸ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਪੁੱਜੇ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਹਰਿੰਦਰ ਸਿੰਘ ਖ਼ਾਲਸਾ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਇਸ ਸੀਟ ਤੋਂ ਲੋਕ ਸਭਾ ਵਿਚ ਪਹੁੰਚੇ ਸਨ। 2019 ਦੀਆਂ ਆਮ ਚੋਣਾਂ ਦੀ ਗੱਲ ਕਰੀਏ ਤਾਂ ਇਸ ਸੀਟ ’ਤੇ ਮੁੱਖ ਮੁਕਾਬਲਾ ਕਾਂਗਰਸ ਦੇ ਅਮਰ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਵਿਚਕਾਰ ਸੀ।
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿੱਚ 15 ਲੱਖ 50 ਹਜ਼ਾਰ 734 ਕੁੱਲ ਵੋਟਰ ਹਨ ਜਿਨ੍ਹਾਂ ਵਿਚ 8 ਲੱਖ 22 ਹਜ਼ਾਰ 493 ਮਰਦ ਵੋਟਰ, 7 ਲੱਖ 28 ਹਜ਼ਾਰ 209 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ।