ਜਵਾਬ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤੋਂ ਬਾਅਦ ਲੋਕਾਂ ਨੂੰ ਲਾਲ ਲਕੀਰ ਅੰਦਰ ਜ਼ਮੀਨਾਂ ਅਤੇ ਮਕਾਨਾਂ ਦੇ ਮਾਲਕੀ ਹੱਕ ਦੇਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਲਾਲ ਲਕੀਰ ਅੰਦਰਲੀਆਂ ਜ਼ਮੀਨਾਂ ਤੇ ਮਕਾਨਾਂ ਦੇ ਨਕਸ਼ੇ ਤਿਆਰ ਹੋ ਚੁੱਕੇ ਹਨ ਅਤੇ ਜਲਦੀ ਹੀ ਅਗਲੇ ਦਿਨ੍ਹਾਂ ਵਿਚ ਲੋਕਾਂ ਨੂੰ ਮਾਲਕੀ ਹੱਕ ਦੇ ਸਰਟੀਫਿਕੇਟ ਜਾਰੀ ਕੀਤੇ ਜਾਣਗੇ। ਮਾਲਕੀ ਹੱਕ ਮਿਲਣ ਨਾਲ ਲੋਕਾਂ ਦਾ ਵੱਡਾ ਫਾਇਦਾ ਹੋਵੇਗਾ, ਖਾਸ ਕਰਕੇ ਗਰੀਬ ਵਰਗ ਲਈ ਇਹ ਬਹੁਤ ਸਹਾਈ ਸਾਬਿਤ ਹੋਣਗੇ।
ਸਵਾਲ : ਅਕਸਰ ਲੋਕਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਨੂੰ ਮਾਲ ਵਿਭਾਗ ’ਚ ਕੰਮ ਕਰਵਾਉਣ ਲਈ ਪਰੇਸ਼ਾਨ ਹੋਣਾ ਪੈਂਦਾ ਹੈ।
ਜਵਾਬ : ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇਣ ਲਈ ਮਾਲ ਵਿਭਾਗ ’ਚ ਕਈ ਤਰ੍ਹਾਂ ਦੇ ਸੁਧਾਰ ਕੀਤੇ ਗਏ ਹਨ। 53 ਪਿੰਡਾਂ ਦੀਆਂ ਜਮਾਂਬੰਦੀਆਂ ਤਿਆਰ ਕਰ ਕੇ ਉਨ੍ਹਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਹਰ ਰੋਜ਼ ਇੰਤਕਾਲਾਂ ਦਾ ਰਿਵਿਊ ਹੁੰਦਾ ਹੈ। ਮਾਲ ਵਿਭਾਗ ਨਾਲ ਸਬੰਧਤ ਲੰਬੇ ਸਮੇਂ ਤੋਂ ਲਟਕਦੇ ਕੇਸਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ।
ਸਵਾਲ : ਕਈ ਵਾਰ ਲੋਕਾਂ ਨੂੰ ਆਪਣੇ ਹਲਕੇ ਦਾ ਪਟਵਾਰੀ ਲੱਭਣ ’ਚ ਪਰੇਸ਼ਾਨੀ ਹੁੰਦੀ ਹੈ।
ਜਵਾਬ : ਮਾਲ ਵਿਭਾਗ ’ਚ ਕੀਤੇ ਗਏ ਸੁਧਾਰਾਂ ਦੇ ਮੱਦੇਨਜ਼ਰ ਹੀ ਪਟਵਾਰੀਆਂ ਦਾ ਹਲਕਾ, ਉਸਦਾ ਨਾਮ ਅਤੇ ਫੋਨ ਨੰਬਰ ਵੈੱਬਸਾਈਟ ’ਤੇ ਡਿਸਪਲੇ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਜਲਦੀ ਤੇ ਸਹੀ ਜਾਣਕਾਰੀ ਮਿਲ ਸਕੇ। ਕਈ ਵਾਰ ਪਟਵਾਰੀਆਂ ਵੱਲੋਂ ਜ਼ਮੀਨਾਂ ਅਤੇ ਪਲਾਟਾਂ ਦੀ ਮਿਣਤੀ ਕਰ ਲਈ ਜਾਂਦੀ ਹੈ ਪਰ ਕਈ ਕਈ ਦਿਨ ਰਿਪੋਰਟ ਨਹੀਂ ਦਿੱਤੀ ਜਾਂਦੀ, ਜਿਸ ਨੂੰ ਦੇਖਦਿਆਂ ਹੁਣ ਲੋਕਾਂ ਨੂੰ ਇਕ ਘੰਟੇ ਬਾਅਦ ਹੀ ਮਿਣਤੀ ਦੀ ਰਿਪੋਰਟ ਮਿਲਿਆ ਕਰੇਗੀ। ਇਹ ਰਿਪੋਰਟ ਨੂੰ ਪੋਰਟਲ ’ਤੇ ਅਪਲੋਡ ਕੀਤਾ ਜਾਵੇਗਾ। ਸ਼ਹਿਰ ’ਚ ਨਵੇਂ ਪਟਵਾਰਖਾਨੇ ਦੀ ਉਸਾਰੀ ਚੱਲ ਰਹੀ ਹੈ, ਜਿਸ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ। ਹੁਣ ਪਟਵਾਰਖਾਨਾ ਥਾਣਾ ਸਿਵਲ ਲਾਈਨ ਨਾਲ ਕਮਿਊਨਿਟੀ ਸੈਂਟਰ ’ਚ ਚੱਲ ਰਿਹਾ ਹੈ। ਇਸ ਪਟਵਾਰਖਾਨੇ ਨੂੰ ਜਲਦੀ ਹੀ ਨਵੀਂ ਜਗ੍ਹਾ ਸ਼ਿਫਟ ਕੀਤਾ ਜਾਵੇਗਾ।
ਸਵਾਲ : ਮੀਂਹ ਦੇ ਦਿਨਾਂ ’ਚ ਬਠਿੰਡਾ ਦੇ ਹਾਲਾਤ ਖ਼ਰਾਬ ਹੋ ਜਾਂਦੇ ਹਨ, ਇਸ ਲਈ ਕੀ ਤਿਆਰੀਆਂ ਕੀਤੀਆਂ ਗਈਆਂ ਹਨ?
ਜਵਾਬ : ਮੀਂਹ ਦੇ ਸੀਜ਼ਨ ਨੂੰ ਦੇਖਦਿਆਂ ਜ਼ਿਲ੍ਹਾ ਪੱਧਰ ’ਤੇ ਫਲੱਡ ਕੰਟਰੋਲ ਰੂਮ ਸਥਾਪਿਤ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਬ ਡਵੀਜ਼ਨ ਪੱਧਰ ’ਤੇ ਵੀ ਫਲੱਡ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ। ਪਾਣੀ ਦੀ ਨਿਕਾਸੀ ਲਈ ਡਰੇਨਜ਼ ਦੀ ਸਾਫ਼ ਸਫਾਈ ਕਰਾਈ ਗਈ ਹੈ। ਹਰ ਰੋਜ਼ ਨਗਰ ਨਿਗਮ ਦੇ ਕਮਿਸ਼ਨਰ ਤੋਂ ਇਸ ਮਾਮਲੇ ’ਚ ਰਿਪੋਰਟ ਲਈ ਜਾ ਰਹੀ ਹੈ ਕਿ ਮੋਟਰਾਂ ਚੱਲ ਰਹੀਆਂ ਹਨ ਜਾਂ ਡਿਸਪੋਜ਼ਲ ਦਾ ਕੀ ਹਾਲ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ ਕਿ ਮੀਂਹ ਦੇ ਦਿਨਾਂ ’ਚ ਕਿਸੇ ਸ਼ਹਿਰ ਵਾਸੀ ਨੂੰ ਕੋਈ ਸਮੱਸਿਆ ਨਾ ਆਵੇ। ਕਮਿਸ਼ਨਰ ਨਗਰ ਨਿਗਮ ਨਾਲ ਮੈਂ ਖੁਦ ਇਸ ਮਸਲੇ ਨੂੰ ਲੈ ਕੇ ਕਈ ਮੀਟਿੰਗਾਂ ਕਰ ਚੁੱਕਾ ਹਾਂ।
ਸਵਾਲ : ਬਠਿੰਡਾ ਦੇ ਵਿਕਾਸ ਲਈ ਹੋਰ ਕੀ ਯੋਜਨਾਵਾਂ ਹਨ?
ਜਵਾਬ : ਬਠਿੰਡਾ ਦੇ ਵਿਕਾਸ ਲਈ ਬਹੁਤ ਸਾਰੀਆਂ ਯੋਜਨਾਵਾਂ ਹਨ। ਲੋਕ ਸਭਾ ਚੋਣਾਂ ਕਾਰਨ ਇਨ੍ਹਾਂ ਵਿਚ ਕੁੱਝ ਖੜੋਂਤ ਆਈ ਸੀ ਪਰ ਹੁਣ ਤੇਜ਼ੀ ਨਾਲ ਅਧੂਰੇ ਪਏ ਵਿਕਾਸ ਕੰਮ ਪੂਰੇ ਕੀਤੇ ਜਾਣਗੇ। ਲਿੰਕ ਸੜਕਾਂ ਨੂੰ ਬਣਾਉਣ ਦੀਆਂ ਮਨਜ਼ੂਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੋਰ ਵਿਕਾਸ ਕੰਮਾਂ ਉੱਪਰ ਕੰਮ ਚੱਲ ਰਿਹਾ।
ਸਵਾਲ : ਤੁਸੀਂ ਮਾਨਸਾ ’ਚ 13 ਸਕੂਲਾਂ ਦੇ 90 ਬੱਚਿਆਂ ਨੂੰ ਗੋਦ ਲਿਆ ਸੀ, ਬਠਿੰਡਾ ’ਚ ਇਸ ਤਰ੍ਹਾਂ ਦਾ ਕੀ ਕਰ ਰਹੇ ਹੋ?
ਜਵਾਬ : ਪੈਸਿਆਂ ਦੀ ਘਾਟ ਕਾਰਨ ਕੋਈ ਵੀ ਉਚੇਰੀ ਪੜ੍ਹਾਈ ਕਰਨ ਤੋਂ ਵਾਂਝਾ ਨਾ ਰਹੇ ਇਹ ਮੇਰਾ ਸੁਪਨਾ ਹੈ। ਜੇਕਰ ਕੋਈ ਵਿਦਿਆਰਥੀ ਯੂਪੀਐੱਸਸੀ ਜਾਂ ਕੋਈ ਹੋਰ ਮੁਕਾਬਲੇ ਦੀ ਪ੍ਰੀਖਿਆ ਦੇਣਾ ਚਾਹੁੰਦਾ ਹੈ ਤਾਂ ਉਹ ਮੇਰੇ ਕੋਲ ਆਵੇ ਮੈਂ ਖੁਦ ਉਸ ਨੂੰ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰਵਾਵਾਂਗਾ। ਜੇਕਰ ਕਿਸੇ ਵਿਦਿਆਰਥੀ ਨੂੰ ਕੋਈ ਫੀਸ ਜਾਂ ਕੋਈ ਹੋਰ ਮੁਸ਼ਕਿਲ ਆਉਂਦੀ ਹੈ ਤਾਂ ਉਸ ਦਾ ਮੈਂ ਪਹਿਲ ਦੇ ਅਧਾਰ ਤੇ ਹੱਲ ਕਰ ਰਿਹਾ ਹਾਂ। ਬਹੁਤ ਸਾਰੇ ਵਿਦਿਆਰਥੀ ਮੇਰੇ ਕੋਲ ਆਉਂਦੇ ਹਨ। ਵਿਦਿਆਰਥੀਆਂ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਲਾਇਬ੍ਰੇਰੀ ਵਿਚ ਹੋਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਦਿਆਰਥੀਆਂ ਦੀ ਮੰਗ ’ਤੇ ਲਾਇਬ੍ਰੇਰੀ ਦਾ ਸਮਾਂ ਸਵੇਰੇ 7 ਤੋਂ ਰਾਤ 10 ਵਜੇ ਤੱਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਿਦਿਆਰਥੀਆਂ ਦੀ ਸਹੂਲਤ ਲਈ ਜ਼ਿਲ੍ਹਾ ਪੱਧਰੀ ਲਾਇਬਰੇਰੀ ਜਲਦੀ ਚਾਲੂ ਕਰ ਦਿੱਤੀ ਜਾਵੇਗੀ।
ਸਵਾਲ : ਤੁਹਾਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਤੁਸੀਂ ਕਿਸ ਵਿਸ਼ੇ ਦੀਆਂ ਕਿਤਾਬਾਂ ਜ਼ਿਆਦਾ ਪੜ੍ਹਦੇ ਹੋ?
ਜਵਾਬ : ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ। ਮੈਂ ਹਿਊਮਨ ਡਿਵੈਲਪਮੈਂਟ, ਇਤਿਹਾਸ ਅਤੇ ਸਮਾਜ ਨਾਲ ਜੁੜੇ ਮੁੱਦਿਆਂ ਅਧਾਰਿਤ ਕਿਤਾਬਾਂ ਜ਼ਿਆਦਾ ਪੜ੍ਹਦਾ ਹਾਂ। ਇਸ ਤੋਂ ਇਲਾਵਾ ਸਰਕਾਰ ਅਤੇ ਲੋਕਾਂ ਵਿਚਕਾਰ ਫਾਸਲੇ ਨੂੰ ਘਟਾਉਣ ਲਈ ਵੀ ਸਟੱਡੀ ਕਰਦਾ ਹਾਂ।
ਸਾਲ 2014 ਬੈਚ ਦੇ ਆਈਏਐੱਸ ਅਧਿਕਾਰੀ ਜਸਪ੍ਰੀਤ ਸਿੰਘ ਮੋਹਾਲੀ ਦੇ ਰਹਿਣ ਵਾਲੇ ਹਨ। ਉਨ੍ਹਾਂ ਇੰਡੀਅਨ ਸਕੂਲ ਆਫ਼ ਬਿਜ਼ਨੈੱਸ ਤੋਂ ਇਕੋਨਾਮਿਕਸ ਵਿਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ।