ਅੰਮ੍ਰਿਤਸਰ ਤੋਂ ਜੋਹਨ ਕੋਟਲੀ ਹੋਣਗੇ ਉਮੀਦਵਾਰ
ਲੋਕਸਭਾ ਚੋਣਾਂ ਦਾ ਬਿਗੁਲ ਵੱਜਦੇ ਹੀ ਜਿੱਥੇ ਵੱਖ-ਵੱਖ ਪਾਰਟੀਆਂ ਵਲੋਂ ਉਮੀਦਵਾਰ ਐਲਾਨੇ ਗਏ ਹਨ, ਉਥੇ ਹੀ ਅੱਜ ਮਸੀਹੀ ਭਾਈਚਾਰੇ ਦੇ ਆਗੂਆਂ ਵਲੋਂ ਵੀ ਅਜਾਦ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ ਹੈ ਅਤੇ ਅੰਮ੍ਰਿਤਸਰ ਲੋਕਸਭਾ ਸੀਟ ਤੋਂ ਜੋਹਨ ਕੋਟਲੀ ਨੂੰ ਉਮੀਦਵਾਰ ਬਣਾਉਣ ਤੇ ਸਹਿਮਤੀ ਬਣਾਈ ਗਈ ਹੈ।ਸਥਾਨ ਹੋਟਲ ਵਿਚ ਮਸੀਹੀ ਭਾਈਚਾਰੇ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਸਮਾਜਿਕ ਅਤੇ ਰਾਜਨੀਤਕ ਆਗੂ ਜੋਹਨ ਕੋਟਲੀ ਦੀ ਅਗਵਾਈ ਵਿਚ ਕੀਤੀ ਗਈ। ਜਿਸ ਵਿਚ ਮਸੀਹੀ ਭਾਈਚਾਰੇ ਦੇ ਧਾਰਮਿਕ ਆਗੂ, ਸੰਤ ਸਮਾਜ ਅਤੇ ਸਮਾਜਿਕ ਆਗੂ ਪਹੁੰਚੇ ਅਤੇ ਲੋਕਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਆਜ਼ਾਦ ਚੋਣਾਂ ਲੜਨ ਦਾ ਐਲਾਨ ਕੀਤਾ ਗਿਆ। ਜੋਹਨ ਕੋਟਲੀ ਤੇ ਸਮੂਹ ਆਗੂਆਂ ਨੇ ਰਿਵਾਇਤੀ ਰਾਜਨੀਤਕ ਪਾਰਟੀਆਂ ਦੀ ਸੋਚ ਤੇ ਹੈਰਾਨੀ ਜ਼ਾਹਰ ਕਰਦੇ ਹੋਏ ਕਿਹਾ ਕਿ ਰਿਵਾਇਤੀ ਪਾਰਟੀਆਂ ਨੇ ਹਮੇਸ਼ਾ ਹੀ ਘੱਟ ਗਿਣਤੀ ਅਤੇ ਗਰੀਬ ਵਰਗ ਨੂੰ ਅਣਗੌਲਿਆ ਕੀਤਾ ਹੈ ਅਤੇ ਪਿਛਲੇ ਲੰਮੇਂ ਸਮੇਂ ਤੋਂ ਕਿਸੇ ਵੀ ਪਾਰਟੀ ਨੇ ਮਸੀਹੀ ਭਾਈਚਾਰੇ ਨੂੰ ਕਦੇ ਵੀ ਰਾਜਨੀਤਕ ਤਾਕਤ ਨਹੀਂ ਦਿੱਤੀ ਗਈ ਹੈ, ਜਿਸਦੇ ਰੋਸ ਵਜੋਂ ਅੱਜ ਮੀਟਿੰਗ ਵਿਚ ਮਸੀਹੀ ਭਾਈਚਾਰੇ ਦੇ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਸਭਾ ਚੋਣਾਂ ਵਿਚ ਹਜੇ 4 ਤੋਂ 5 ਉਮੀਦਵਾਰ ਹੀ ਚੋਣ ਮੈਦਾਨ ਵਿਚ ਉਤਾਰਨ ਦੀ ਰੂਪਰੇਖਾ ਤਿਆਰ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨਸਭਾ ਚੋਣਾਂ ਵਿਚ ਹਰੇਕ ਹਲਕੇ ਦੀ ਰਿਪੋਰਟ ਲੈ ਕੇ ਉਮੀਦਵਾਰ ਮੈਦਾਨ ਵਿਚ ਉਤਾਰੇ ਜਾਣਗੇ, ਤਾਂ ਜੋ ਮਸੀਹੀ ਭਾਈਚਾਰੇ ਦੇ ਆਗੂ ਮਸੀਹੀ ਸਮਾਜ ਦੀ ਅਵਾਜ ਨੂੰ ਰਾਜਸਭਾ, ਵਿਧਾਨਸਭਾ ਅਤੇ ਲੋਕਸਭਾ ਤੱਕ ਪਹੁੰਚਾ ਸਕਣ।