ਅੰਮ੍ਰਿਤਸਰ ਦੀ ਲੋਕ ਸਭਾ ਸੀਟ ਹੌਟ ਸੀਟ ਮੰਨੀ ਜਾਂਦੀ ਹੈ।
ਇਥੋਂ ਸਾਲ 1985 ਤੋਂ 2019 ਤੱਕ 10 ਵਾਰ ਜਨਰਲ ਅਤੇ 2 ਵਾਰ ਹੋਈਆਂ ਜ਼ਿਮਨੀ ਚੋਣਾਂ ਦੌਰਾਨ ਅੰਮ੍ਰਿਤਸਰ ਲੋਕ ਸਭਾ ਚੋਣਾਂ ਵਿਚ ਇਕ ਵਾਰ ਅਜ਼ਾਦ, 4 ਵਾਰ ਭਾਰਤੀ ਜਨਤਾ ਪਾਰਟੀ ਤੇ 7 ਵਾਰ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਅੰਮ੍ਰਿਤਸਰ ਲੋਕ ਸਭਾ ਸੀਟ ਵਿਚ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ਵਿਚ 16 ਲੱਖ 11 ਹਜ਼ਾਰ 263 ਵੋਟਰ ਹਨ। ਇਸ ਵਾਰ ਅੰਮ੍ਰਿਤਸਰ ਲੋਕ ਸਭਾ ਸੀਟ ਜਿੱਤਣ ਲਈ ਭਾਰਟੀ ਜਨਤਾ ਪਾਰਟੀ ਵੱਲੋਂ ਲਗਾਤਾਰ ਕੇਂਦਰੀ ਸੂਚੀ ਵਿਚੋਂ ਆਪਣਾ ਉਮੀਦਵਾਰ ਦਿੱਤਾ ਗਿਆ ਹੈ। ਜੇਕਰ ਕਾਂਗਰਾਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਜਿੱਤ ਹਾਸਲ ਕਰਦੇ ਹਨ ਤਾਂ ਉਨ੍ਹਾਂ ਦੀ ਹੈਟਿ੍ਰਕ ਨਾਲ ਭਾਜਪਾ ਨੂੰ ਲਗਾਤਾਰ ਚੌਥੀ ਹਾਰ ਮਿਲੇਗੀ? ਜਿਸ ਤੋਂ ਬਚਣ ਲਈ ਭਾਜਪਾ ਦਿਨ-ਰਾਤ ਇਕ ਕਰ ਰਹੀ ਰਹੀ ਅਤੇ ਹਰ ਪਹਿਲੂ ਨੂੰ ਵਾਚਣ ਤੋਂ ਬਾਅਦ ਉਸ ਉਪਰ ਕੰਮ ਕਰ ਰਹੀ ਹੈ। ਇਸ ਦੇ ਨਾਲ ਇਹ ਵੀ ਦੇਖਣਯੋਗ ਹੈ ਕਿ ਭਾਜਪਾ ਦਾ ਲਗਾਤਾਰ ਤੀਸਰਾ ਪੈਰਾਸ਼ੂਟ ਉਮੀਦਵਾਰ ਵੀ ਕੇਂਦਰ ਦੀ ਸੂਚੀ ਰਾਹੀ ਸਿਆਸਤ ਵਿਚ ਉਤਰਿਆ ਹੈ। ਇਸ ਤੋਂ ਪਹਿਲਾ 2014 ਵਿਚ ਅਰੁਣ ਜੇਤਲੀ ਤੇ 2019 ਵਿਚ ਹਰਦੀਪ ਸਿੰਘ ਪੂਰੀ ਨੂੰ ਭਾਵੇਂ ਅੰਮ੍ਰਿਤਸਰ ਤੋਂ ਜਿੱਤ ਹਾਸਲ ਨਹੀਂ ਹੋਈ, ਪਰ ਫਿਰ ਵੀ ਭਾਜਪਾ ਵੱਲੋਂ ਕੇਂਦਰੀ ਮੰਤਰੀ ਬਣਾਇਆ ਗਿਆ।
ਭਾਜਪਾ ਦੇ ਉਮੀਦਵਾਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਕੋਲ ਇਤਿਹਾਸ (ਆਨਰਜ਼) ਦੀ ਡਿਗਰੀ ਹੈ, ਉਨ੍ਹਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਅੰਤਰਰਾਸ਼ਟਰੀ ਸਬੰਧਾਂ ਵਿੱਚ ਮਾਸਟਰ ਦੀ ਡਿਗਰੀ ਵੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ 10ਵੀਂ ਪਾਸ ਹਨ। ਦੋ ਵਾਰ ਮੈਂਬਰ ਪਾਰਲੀਮੈਂਟ ਚੁੱਣੇ ਗਏ, ਹਾਇਰ ਸੈਕੰਡਰੀ ਪਾਸ ਗੁਰਜੀਤ ਸਿੰਘ ਔਜਲਾ 2 ਦਹਾਕਿਆਂ ਤੋਂ ਵੱਧ ਕਾਂਗਰਸ ਪਾਰਟੀ ਵਿਚ ਰਹਿ ਕੇ ਲੋਕਾਂ ਵਿਚ ਵਿਚਰ ਰਹੇ ਹਨ ਜਦਕਿ ਸ਼੍ਰੋਮਣੀ ਅਕਾਲੀ ਦਲ ਦੇ 12ਵੀਂ ਪਾਸ ਉਮੀਦਵਾਰ ਅਨਿਲ ਜੋਸ਼ੀ 2007 ਤੋਂ 2017 ਤੱਕ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ’ਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਟਕਸਾਲੀ ਭਾਜਪਾਈ ਵਜੋਂ ਜਾਂਣੇ ਜਾਂਦੇ ਜੋਸ਼ੀ ਪਾਰਟੀ ਛੱਡਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਏ ਸਨ।
ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਦੇਸ਼ਾਂ ਲਈ ਸਿੱਧੀਆਂ ਉਡਾਨਾਂ ਦੀ ਮੁੱਖ ਲੋੜ ਹੈ ਤਾਂ ਜੋ ਯਾਤਰੀਆਂ ਦੇ ਨਾਲ-ਨਾਲ ਕਾਰਗੋ ਦੀ ਸਹੂਲਤ ਦਾ ਲਾਭ ਮਿਲ ਸਕੇ। ਦੁਨੀਆ ਭਰ ਤੋਂ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦੁਰਗਿਆਣਾ ਤੀਰਥ, ਸ੍ਰੀ ਰਾਮ ਤੀਰਥ, ਅਟਾਰੀ ਬਾਰਡਰ ਤੇ ਹੋਰ ਧਾਰਮਿਕ ਤੇ ਵਿਰਾਸਤੀ ਸਥਾਨਾਂ ਲਈ ਆਉਂਦੇ ਯਾਤਰੂਆਂ ਨੂੰ ਵੱਧ ਦਿਨਾਂ ਲਈ ਗੁਰੂ ਨਗਰੀ ਵਿਚ ਠਹਿਰਾਉਣ ਦੇ ਯੋਗ ਪ੍ਰਬੰਧ ਕਰਨਾ। ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਨਾਲ ਵੱਧ ਤੋਂ ਵੱਧ ਵਪਾਰ ਕਰਨਾ ਜਿਸ ਵਿਚ ਅਨਾਜ ਤੇ ਸਬਜੀਆਂ ਸ਼ਾਮਲ ਹਨ। ਸਥਾਨਕ ਵਪਾਰ ਨੂੰ ਵਧਾਉਣ ਲਈ ਬੰਦ ਪਏ ਕਾਰਖਾਨਿਆਂ ਨੂੰ ਸ਼ੁਰੂ ਕਰਵਾਉਣਾ, ਨਵੇਂ ਕਾਰਖਾਣੇ ਲਾਉਣੇ, ਫੋਕਲ ਪੁਆਇੰਟਾਂ ਨੂੰ ਸਹੂਲਤਾਂ, ਹੋਟਲ ਇੰਡਸਟਰੀ ਨੂੰ ਪ੍ਰਫੂਲਤ ਕਰਨਾ, ਕਿਸਾਨੀ ਨੂੰ ਪ੍ਰਫੂਲਤ ਕਰਨਾ, ਪਾਕਿ ਨਾਲ ਲਗਦੀ ਸਰਹੱਦ ’ਤੇ ਤਾਰੋਂ ਪਾਰ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਦਿਆਂ ਆਮਦਨ ਵਿਚ ਵਾਧਾ ਕਰਨਾ, ਸਰਹੱਦ ਦੇ ਰਸਤੇ ਤੋਂ ਨਵੀਂ ਤਕਨੀਕ ਡਰੋਨ ਰਾਹੀਂ ਆ ਰਹੀ ਵੱਡੀ ਮਾਤਰਾ ਵਿਚ ਨਸ਼ੇ ਦੀ ਖੇਪ ਅਤੇ ਆ ਰਹੇ ਹਥਿਆਰਾਂ ਨੂੰ ਰੋਕਣਾ ਆਦਿ ਸ਼ਾਮਲ ਹੈ।
ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪਹਿਲੀ ਵਾਰ ਵੱਖ ਹੋ ਕੇ ਲੋਕ ਸਭਾ ਚੋਣ ਲੜ ਰਿਹਾ ਹੈ। ਜਦਕਿ ਗਠਜੋੜ ਸਮੇਂ ਭਾਜਪਾ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿਚ ਆਪਣੇ ਪੈਰ ਪਸਾਰਦੀ ਸੀ ਅਤੇ ਅਕਾਲੀ ਦਲ ਇਕ ਸ਼ਹਿਰ ਤੇ ਚਾਰ ਦਿਹਾਤ ਦੇ ਹਲਕਿਆਂ ਵਿਚ ਕਮਾਂਡ ਸੰਭਾਲਦਾ ਸੀ। ਅਕਾਲੀ ਦਲ ਕੋਲ ਅਜਨਾਲਾ, ਰਾਜਾਸਾਂਸੀ, ਮਜੀਠਾ, ਅਟਾਰੀ ਤੇ ਦੱਖਣੀ ਹਲਕਾ ਸੀ। ਜਦਕਿ ਭਾਜਪਾ ਕੋਲ ਉੱਤਰੀ, ਪੱਛਮੀ, ਕੇਂਦਰੀ ਤੇ ਪੂਰਬੀ ਹਲਕਾ ਸੀ। ਹੁਣ ਲੰਮੇਂ ਸਮੇਂ ਤੋਂ ਬੇਫਿਕਰ ਬੈਠੇ ਅਕਾਲੀ ਤੇ ਭਾਜਪਾ ਉਮੀਦਵਾਰਾਂ ਨੂੰ ਆਪਣੀ ਵੋਟ ਪ੍ਰਤੀਸ਼ਤ ਵਧਾਉਣ ਲਈ ਵੱਧ ਜ਼ੋਰ ਲਾਉਣਾ ਪੈ ਰਿਹਾ ਹੈ।
ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਵੱਲੋਂ ਆਪਣੇ ਕੀਤੇ ਹੋਏ ਕੰਮਾਂ ਦੇ ਵੱਡੇ ਚਿੱਠੇ ਨੂੰੰ ਅੱਗੇ ਰੱਖ ਕੇ ਲੋਕਾਂ ਦੀ ਕਚਹਿਰੀ ਵਿਚੋਂ ਵੋਟਾਂ ਮੰਗਈਆਂ ਜਾ ਰਹੀਆਂ ਹਨ। ਉਥੇ ਹੀ ਭਾਜਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਧੂ ਵੱਲੋਂ ਕੀਤੇ ਜਾਣ ਵਾਲੇ ਕਮਾਂ ਅਤੇ ਪੱਛੜ ਚੁੱਕੇ ਸ਼ਹਿਰ ਨੂੰ ਦੁਨੀਆ ਦੇ ਨਕਸ਼ੇ ’ਤੇ ਲਿਆਉਣ ਦੇ ਵਿਜ਼ਨ ਨੂੰ ਲੋਕਾਂ ਅੱਗੇ ਰੱਖਿਆ ਜਾ ਰਿਹਾ ਹੈ। ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵੀ ਸਰਕਾਰ ਦੇ ਦੋ ਸਾਲਾਂ ਦੇ ਕੰਮ ਨੂੰ ਲੋਕਾਂ ਅੱਗੇ ਰੱਖ ਕੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਜੇਕਰ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਦੇ ਪ੍ਰਚਾਰ ਵੱਲ ਦੇਖੀਏ ਤਾਂ ਪੰਜਾਬ ਸਰਕਾਰ ਵਿਚ ਕੈਬਨਿਟ ਮੰਤਰੀ ਰਹਿੰਦਿਆ ਲੋਕਾਂ ਅਤੇ ਸ਼ਹਿਰ ਲਈ ਕੀਤੇ ਗਏ ਕੰਮਾਂ ਨੂੰ ਚੇਤੇ ਕਰਵਾ ਕੇ ਲੋਕਾਂ ਪਾਸੋਂ ਵੋਟਾਂ ਦੀ ਮੰਗ ਕੀਤੀ ਜਾ ਰਹੀ ਹੈ।