ਗਲੋ-ਸਿੱਖ ਜੰਗਾਂ (1845-1849) ਮੈਮੋਰੀਅਲ ਫਿਰੋਜ਼ਸ਼ਾਹ ਵਿਖੇ ਬਰਤਾਨਵੀ ਫ਼ੌਜ ਦੇ ਖਿ਼ਲਾਫ਼ ਲੜਦੇ ਹੋਏ ਅਤੇ ਸ਼ਹੀਦ ਹੋਏ ਸਿੱਖ ਸੈਨਿਕਾਂ ਦੇ ਸਨਮਾਨ ਲਈ ‘ਇੱਕ ਯਾਦਗਾਰ’ ਬਣਾਈ ਗਈ।
ਵਿਸ਼ਵ ਸੈਰ ਸਪਾਟਾ ਦਿਵਸ ਦੀ ਸ਼ੁਰੂਆਤ ਸਾਲ 1980 ਵਿੱਚ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਦੇ ਦੁਆਰਾ ਕੀਤੀ ਗਈ ਸੀ। ਇਸੇ ਦਿਨ ਸਾਲ 1970 ਵਿੱਚ ਵਿਸ਼ਵ ਸੈਰ ਸਪਾਟਾ ਦਿਵਸ ਦਾ ਸੰਵਿਧਾਨ ਰਚਿਆ ਗਿਆ ਸੀ।ਹਰ ਸਾਲ ਪੁਰੇ ਵਿਸ਼ਵ ਵਿੱਚ 27 ਸਤੰਬਰ ਨੂੰ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਜਾਂਦਾ ਹੈ। ਦੁਨੀਆ ਦਾ ਹਰੇਕ ਇਨਸਾਨ ਘੁੰਮਣਾ ਫਿਰਨਾ ਚਾਹੁੰਦਾ ਹੈ। ਨਵੀਂ-ਨਵੀਂ ਜਗ੍ਹਾ ‘ਤੇ ਜਾ ਕੇ ਉੱਥੋਂ ਦੀ ਖੂਬਸੁਰਤੀ ਨੂੰ ਆਪਣੀ ਯਾਦਾਂ ਵਿੱਚ ਕੈਦ ਕਰ ਕੇ ਉਸ ਜਗ੍ਹਾ ਦੇ ਸੱਭਿਆਚਾਰ ਨੂੰ ਜਾਣਨਾ ਲੋਕਾਂ ਨੂੰ ਬਹੁਤ ਪਸੰਦ ਹੈ।
ਵਿਸ਼ਵ ਸੈਰ ਸਪਾਟਾ ਦਿਵਸ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਲੋਕਾਂ ਵਿੱਚ ਸਮਾਜਿਕ, ਸੱਭਿਆਚਰਕ, ਰਾਜਨੀਤਿਕ ਅਤੇ ਆਰਥਿਕ ਮੁੱਲਾਂ ਨੂੰ ਵਧਾਉਣ ਅਤੇ ਉਨ੍ਹਾਂ ਦਾ ਵਿਕਾਸ ਕਰਨ ਅਤੇ ਆਪਸੀ ਸਮਝ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਫਿਰੋਜ਼ਪੁਰ ਦੀ ਧਰਤੀ ਜਿਸ ਨੂੰ ਕਿ ਸ਼ਹੀਦਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ, ਆਪਣੀ ਹਿੱਕ ਅੰਦਰ ਅਣਗਿਣਤ ਯਾਦਾਂ ਸਮੋਈ ਬੈਠੀ ਹੈ। ਸ਼ਹੀਦੀ ਸਮਾਰਕ ਹੁਸੈਨੀਵਾਲਾ, ਹਿੰਦ-ਪਾਕ ਸਰਹੱਦ ਰੀਟਰੀਟ ਸਮਾਰੋਹ, ਗੁਰਦੁਆਰਾ ਸਾਰਾਗੜੀ ਸਾਹਿਬ, ਗੁਰਦੁਆਰਾ ਜਾਮਨੀ ਸਾਹਿਬ, ਸ਼ਿਵਾਲਾ ਮੰਦਰ, ਛਬੀਲਾ ਮੰਦਰ, ਸਭਰਾਵਾਂ ਵਿਖੇ ਸਿੱਖਾਂ ਤੇ ਅੰਗਰੇਜ਼ਾਂ ਦੀ ਲੜਾਈ ਦੀ ਯਾਦਗਾਰ, ਮੁੱਦਕੀ ਦੀ ਲੜਾਈ ਦੀ ਗਵਾਹੀ ਭਰਦਾ ਇਤਿਹਾਸਕ ਸਥਾਨ, ਐਂਗਲੋ-ਸਿੱਖ ਵਾਰ ਮੈਮੋਰੀਅਲ ਫਿਰੋਜ਼ਸ਼ਾਹ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਪਨਾਹਗਾਹ ਤੂੜੀ ਬਾਜ਼ਾਰ ਫਿਰੋਜ਼ਪੁਰ ਸ਼ਹਿਰ ਸਮੇਤ ਅਨੇਕਾਂ ਅਜਿਹੇ ਸਥਾਨ ਹਨ, ਜਿਨ੍ਹਾਂ ਦੀ ਦਿੱਖ ਨੂੰ ਵਧੀਆ ਰੰਗਤ ਦੇ ਕੇ ਜਿੱਥੇ ਲੋਕਾਂ ਨੂੰ ਇਤਿਹਾਸ ਨਾਲ ਜੋੜਿਆ ਜਾ ਸਕੇਗਾ, ਉੱਥੇ ਹੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਾਇਆ ਜਾ ਸਕੇਗਾ। ਜੇਕਰ ਫਿਰੋਜ਼ਪੁਰ ਦੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਨੂੰ ਹੋਰ ਉਨਤ ਕੀਤਾ ਜਾਵੇ ਤਾਂ ਸੈਰ ਸਪਾਟਾ ਵਾਸਤੇ ਵਿਸ਼ੇਸ਼ ’ਤੇ ਮਨਮੋਹਕ ਸਥਾਨ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣ ਸਕਦੇ ਹਨ।
ਪਤਾ ਨਹੀ ਕਿਉਂ ਸਾਡੀਆਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਫਿਰੋਜ਼ਪੁਰ ਸ਼ਹਿਰ ਦੇ ਸਿਰਕੀ ਬਾਜ਼ਾਰ ਦਾ ਬਣਿਆ ਸਾਮਾਨ, ਬਗਦਾਦੀ ਗੇਟ ਵਿਖੇ ਤਰਖਾਣ ਅਤੇ ਲੁਹਾਰ ਦੇ ਕੰਮ ਦੀਆਂ ਕਲਾਕ੍ਰਿਤੀਆਂ, ਫਿਰੋਜ਼ਪੁਰ ਛਾਉਣੀ ਦੇ ਬਾਜ਼ਾਰਾਂ ਦੇ ਧਾਤੂ ਦੀਆਂ ਬਣੀਆਂ ਵਸਤੂਆਂ ਦੇਸ਼ ਭਰ ਵਿੱਚ ਪ੍ਰਸਿੱਧ ਹਨ।
ਸ਼ਹੀਦੀ ਸਮਾਰਕ ਹੁਸੈਨੀਵਾਲਾ
ਹੁਸੈਨੀਵਾਲਾ ਸਰਹੱਦ ‘ਤੇ ਸ਼ਹੀਦਾਂ ਦੀਆਂ ਯਾਦਗਾਰਾਂ ‘ਤੇ ਨਤਮਸਤਕ ਹੋਣ ਲਈ ਦੇਸ਼ ਦੇ ਯੋਧਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਆਉਂਦੇ ਹਨ ਅਤੇ ਸ਼ਹੀਦਾਂ ਨੂੰ ਸਿਜਦਾ ਕਰਦੇ ਹਨ। ਇਨ੍ਹਾਂ ਸ਼ਹੀਦੀ ਸਮਾਰਕਾਂ ਦੇ ਨੇੜੇ ਇਕ ਵਧੀਆ ਪਾਰਕ ਬਣਿਆ ਹੋਇਆ ਹੈ। ਜੇਕਰ ਇਸ ਪਾਰਕ ਵਿੱਚ ਸੁਧਾਰ ਕਰ ਕੇ ਸੈਲਾਨੀਆਂ ਨੂੰ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣ ਤਾਂ ਇੱਥੇ ਸੈਰ-ਸਪਾਟੇ ਨੂੰ ਹੋਰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਕੇਸਰ-ਏ-ਹਿੰਦ ਇਮਾਰਤ
ਹੁਸੈਨੀਵਾਲਾ ਦੀ ਲੜਾਈ ਦਾ ਪ੍ਰਮੁੱਖ ਸਬੂਤ ਕੇਸਰ-ਏ-ਹਿੰਦ ਇਮਾਰਤ ਹੈ ਜਿਸ ਨੂੰ ਆਮ ਤੌਰ ’ਤੇ ਹੁਸੈਨੀਵਾਲਾ ਰੇਲਵੇ ਸਟੇਸ਼ਨ ਵੀ ਕਿਹਾ ਜਾਂਦਾ ਹੈ ਜੋ ਕਿ 1885 ਈ. ਵਿੱਚ ਲਾਹੌਰ ਦਾ ਗੇਟ ਵੇਅ ਹੁੰਦਾ ਸੀ ਅਤੇ ਇਸ ਦੀ ਕੰਧ ‘ਤੇ ਅੱਜ ਵੀ ਗੋਲ਼ੀਆਂ ਦੇ ਨਿਸ਼ਾਨ ਹਨ। ਇੱਥੇ ਬਣੇ ਕੇਸਰ-ਏ-ਹਿੰਦ ਦਰਵਾਜ਼ੇ ਅੰਦਰ ਬਣਿਆ ਰੇਲਗੱਡੀ ਦਾ ਡੱਬਾ ਫਿਰੋਜ਼ਪੁਰ ਤੋਂ ਪਿਸ਼ਾਵਰ (ਲਾਹੌਰ) ਤੱਕ ਦੇ ਰੇਲ ਸਫਰ ਦਾ ਆਨੰਦ ਦਿੰਦਾ ਹੈ ਅਤੇ ਵੰਡ ਤੋਂ ਪਹਿਲਾਂ ਪੰਜਾਬ-ਮੇਲ ਰੇਲ ਯਾਤਰਾ ਦਾ ਅਨੁਭਵ ਕਰਵਾਉਂਦਾ ਹੈ। ਇਸ ਦੇ ਨਜ਼ਦੀਕ ਰਾਸ਼ਟਰੀ ਸ਼ਹੀਦ ਸਮਾਰਕ ਤੇ ਰੌਸ਼ਨੀ ਅਤੇ ਆਵਾਜ਼ ਦੀ ਪੇਸ਼ਕਾਰੀ ਕੀਤੀ ਜਾਂਦੀ ਹੈ ਜੋ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਸ਼ਹੀਦਾਂ ਦੁਆਰਾ ਪ੍ਰਦਰਸ਼ਿਤ ਬਹਾਦਰੀ ਨੂੰ ਸਪੱਸ਼ਟ ਰੂਪ ਵਿੱਚ ਦਰਸਾਉਂਦੀ ਹੈ।
ਰੀਟਰੀਟ ਸਮਾਰੋਹ ਹੁਸੈਨੀਵਾਲਾ-ਗੰਢਾ ਸਿੰਘ ਵਾਲਾ ਸਰਹੱਦ
ਭਾਰਤ ਦੇ ਬੀਐੱਸਐੱਫ ਦੇ ਨੌਜਵਾਨਾਂ ਅਤੇ ਪਾਕਿਸਤਾਨ ਦੇ ਰੇਂਜਰਾਂ ਵੱਲੋਂ ਹਰ ਸ਼ਾਮ ਫਲੈਗ ਬੀਟਿੰਗ ਰੀਟਰੀਟ ਸੈਰੇਮਨੀ ਕੀਤੀ ਜਾਂਦੀ ਹੈ ਜੋ ਕਿ ਆਉਣ ਵਾਲੇ ਲੋਕਾਂ ਲਈ ਹਮੇਸ਼ਾਂ ਖਿੱਚ ਦਾ ਕੇਂਦਰ ਬਣੀ ਰਹੀ ਹੈ। ਹਿੰਦ-ਪਾਕਿ ਸਰਹੱਦ ਤੇ ਸਥਿਤ ਸ਼ਾਨ-ਏ-ਹਿੰਦ ਗੇਟ ਇੱਕ ਯਾਦਗਾਰੀ ਸਤੰਭ ਦੀ ਭੂਮਿਕਾ ਨਿਭਾ ਰਿਹਾ ਹੈ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਪਿਸਤੌਲ ਜਿਸ ਦੀ ਵਰਤੋਂ 17 ਦਸੰਬਰ 1928 ਨੂੰ ਬ੍ਰਿਟਿਸ਼ ਪੁਲਿਸ ਅਫਸਰ ਸਾਂਡਰਸ ਨੂੰ ਮਾਰਨ ਲਈ ਕੀਤੀ ਸੀ, ਉਹ ਪਿਸਤੌਲ ਬੀਐੱਸਐੱਫ ਦੇ ਮਿਊਜ਼ੀਅਮ ਦੀ ਸ਼ਾਨ ਵਿਚ ਵਾਧਾ ਕਰ ਰਿਹਾ ਹੈ। ਇਸੇ ਤਰ੍ਹਾਂ ਇਸ ਮਿਊਜ਼ੀਅਮ ਵਿਚ ਭਾਰਤੀ ਸੈਨਾ ਵੱਲੋਂ ਵਰਤੇ ਜਾਣ ਵਾਲੇ ਕਾਫੀ ਸਾਰੇ ਹਥਿਆਰ ਦੀ ਨੁਮਾਇਸ਼ ਸੈਲਾਨੀਆਂ ਵਾਸਤੇ ਖਿੱਚ ਦਾ ਕੇਂਦਰ ਬਣ ਸਕਦੀ ਹੈ।
ਗੁਰਦੁਆਰਾ ਸਾਰਾਗੜ੍ਹੀ ਸਾਹਿਬ
12 ਸਤੰਬਰ 1897 ਨੂੰ ਲੋਕਹਾਰਟ ਕਿਲੇ ਦੀ ਸਾਰਾਗੜ੍ਹੀ ਚੌਕੀ ਦੇ ਸ਼ਹੀਦ ਸਿੱਖ ਸੈਨਿਕਾਂ ਦੀ ਕੁਰਬਾਨੀ ਦੀ ਗਵਾਹੀ ਭਰਦਾ ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਫਿਰੋਜ਼ਪੁਰ ਜੋ ਕਿ 36 ਸਿੱਖ ਰੈਜ਼ੀਮੈਂਟ ਦੇ 21 ਸਿੱਖ ਸਿਪਾਹੀਆਂ ਦੀ ਯਾਦ ਵਿੱਚ ਬਣਾਇਆ ਗਿਆ ਹੈ, ਇਹ ਸਿੱਖ ਰੈਜੀਮੈਂਟ ਦੇ ਜਵਾਨ 12 ਸਤੰਬਰ 1897 ਨੂੰ ਵਜ਼ੀਰਸਤਾਨ ਵਿੱਚ ਸਾਰਾਗੜ੍ਹੀ ਦੇ ਕਿਲ੍ਹੇ ਵਿੱਚ 10000 ਪਠਾਣਾਂ ਦੇ ਹਮਲੇ ਤੋਂ ਬਚਾਅ ਕਰਦੇ ਹੋਏ ਸ਼ਹੀਦ ਹੋਏ।
ਇਨ੍ਹਾਂ ਸ਼ਹੀਦ ਸਿਪਾਹੀਆਂ ਦੀ ਯਾਦ ਵਿੱਚ ਹਰ ਸਾਲ 12 ਸਤੰਬਰ ਨੂੰ ਰਾਜ ਪੱਧਰੀ ਸਮਾਗਮ ਕਰਵਾਏ ਜਾਂਦੇ ਹਨ। ਇਸ ਸਥਾਨ ਦੀ ਦਿੱਖ ਨੂੰ ਹੋਰ ਵਧੀਆ ਰੂਪ ਦੇ ਕੇ ਸ਼ੈਤਾਨੀ ਦੀ ਗਿਣਤੀ ਵਧਾਈ ਜਾ ਸਕਦੀ ਹੈ।
ਐਂਗਲੋ-ਸਿੱਖ ਵਾਰ ਮੈਮੋਰੀਅਲ
ਐਂਗਲੋ-ਸਿੱਖ ਜੰਗਾਂ (1845-1849) ਮੈਮੋਰੀਅਲ ਫਿਰੋਜ਼ਸ਼ਾਹ ਵਿਖੇ ਬਰਤਾਨਵੀ ਫ਼ੌਜ ਦੇ ਖਿ਼ਲਾਫ਼ ਲੜਦੇ ਹੋਏ ਅਤੇ ਸ਼ਹੀਦ ਹੋਏ ਸਿੱਖ ਸੈਨਿਕਾਂ ਦੇ ਸਨਮਾਨ ਲਈ ‘ਇੱਕ ਯਾਦਗਾਰ’ ਬਣਾਈ ਗਈ। ਫਿਰੋਜ਼ਸ਼ਾਹ ਵਿਖੇ ਐਂਗਲੋ-ਸਿੱਖ ਵਾਰ ਮੈਮੋਰੀਅਲ ਦਾ ਨਿਰਮਾਣ ਪੰਜਾਬ ਸਰਕਾਰ ਦੁਆਰਾ 1845 ਦੀ ਐਂਗਲੋ-ਸਿੱਖ ਜੰਗ ਦੀ ਯਾਦ ਵਿੱਚ ਕੀਤਾ ਗਿਆ ਸੀ।
ਅਜਾਇਬ ਘਰ ਵਿੱਚ ਮੁੱਦਕੀ ਦੀਆਂ ਚਾਰ ਲੜਾਈਆਂ ਨੂੰ ਦਰਸਾਉਂਦੀਆਂ ਪੇਂਟਿੰਗਾਂ ਹਨ, ਫਿਰੋਜ਼ਸ਼ਾਹ ਸਭਰਾਵਾਂ ਅਤੇ ਚੇਲਿਆਂਵਾਲਾ ਅਤੇ ਐਂਗਲੋ ਸਿੱਖ ਯੁੱਧ ਦੇ ਸਮੇਂ ਨਾਲ ਸਬੰਧਤ ਹਥਿਆਰ, ਸ਼ਾਹ ਮੁਹੰਮਦ ਦੀਆਂ ਜੰਗਾਂ ਦੇ ਹਵਾਲੇ ਅਤੇ ਕਨਿੰਘਮ ਦੇ ਸਿੱਖ ਹਿਸਟਰੀ, ਕਾਂਸੀ ਵਿੱਚ ਉੱਕਰੇ ਵੀ ਪ੍ਰਦਰਸ਼ਿਤ ਕੀਤੇ ਗਏ ਹਨ।
ਸੇਂਟ ਐਂਡਰਿਊ ਚਰਚ
ਸੇਂਟ ਐਂਡਰਿਊ ਅੰਗਲੀਕਨ ਚਰਚ ਫਿਰੋਜ਼ਪੁਰ ਛਾਉਣੀ ਵਿਖੇ 1845-46 ਦੌਰਾਨ ਬਣਾਈ ਗਈ ਸੀ। ਇਸ ਵਿੱਚ ਚਿੱਟੇ ਸੰਗਮਰਮਰ ਅਤੇ ਪਿੱਤਲ ਦੇ ਬਣੇ 22 ਸਲੈਬਾਂ ਹਨ, ਇਹਨਾਂ ਸਲੈਬਾਂ ਤੇ ਐਂਗਲੋ-ਸਿੱਖ ਜੰਗਾਂ ਵਿੱਚ ਮਾਰੇ ਗਏ ਬਰਤਾਨਵੀ ਫ਼ੌਜ ਦੀਆਂ ਮਹੱਤਵਪੂਰਨ ਹਸਤੀਆਂ ਦੇ ਨਾਂ ਹਨ ਜੋ ਕਿ ਜ਼ਿਆਦਾਤਰ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸਨ।
ਹਰੀਕੇ ਵੈਟਲੈਂਡ
ਹਰੀਕੇ ਵੈਟਲੈਂਡ ਨੂੰ ‘ਹਰੀ-ਕੇ-ਪੱਤਣ’ ਵਜੋਂ ਵੀ ਜਾਣਿਆ ਜਾਂਦਾ ਹੈ, ਜਿਸ ਦੇ ਡੂੰਘੇ ਹਿੱਸੇ ਵਿੱਚ ਹਰੀਕੇ ਝੀਲ ਹੈ, ਭਾਰਤ ਵਿੱਚ ਪੰਜਾਬ ਰਾਜ ਦੇ ਫਿਰੋਜ਼ਪੁਰ ਜ਼ਿਲ੍ਹੇ ਦੀ ਸਰਹੱਦ ਵਿੱਚ ਉੱਤਰੀ ਭਾਰਤ ਵਿੱਚ ਸਭ ਤੋਂ ਵੱਡੀ ਵੈਟਲੈਂਡ ਹੈ। 1953 ਵਿੱਚ ਸਤਲੁਜ ਦਰਿਆ ਦੇ ਪਾਰ ਹੈੱਡਵਰਕਸ ਬਣਾ ਕੇ ਵੈਟਲੈਂਡ ਅਤੇ ਝੀਲ ਬਣਾਈ ਗਈ ਸੀ।
ਹੈੱਡਵਰਕਸ ਹਰੀਕੇ ਪਿੰਡ ਦੇ ਬਿਲਕੁਲ ਦੱਖਣ ਵਿੱਚ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਦੇ ਹੇਠਾਂ ਸਥਿਤ ਹੈ। ਹਰੀਕੇ ਵੈਟਲੈਂਡ ਨੂੰ ਵਧੀਆ ਸੈਰਗਾਹ ਵਜੋਂ ਵਿਕਸਿਤ ਕਰਨ ਲਈ ਸਰਕਾਰ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।